Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੁਰੂ ਗ੍ਰੰਥ ਅਤੇ ਗੁਰੂ ਖ਼ਾਲਸਾ ਪੰਥ

ਗੁਰੂ ਗ੍ਰੰਥ ਅਤੇ ਗੁਰੂ ਖ਼ਾਲਸਾ ਪੰਥ

1699 ਦੀ ਵਿਸਾਖੀ ਖ਼ਾਲਸਾ ਪੰਥ ਲਈ ਵੱਡੀ ਅਹਿਮੀਅਤ ਰੱਖਦੀ ਹੈ। ਇਹ ਦਿਨ ਸਿੱਖੀ ਦੇ 230 ਸਾਲਾਂ ਦੇ ਉਪਦੇਸ਼ ਦੀ ਸੰਪੂਰਨਤਾ ਦਾ ਦਿਨ ਹੈ। ਏਸ ਦਿਨ ਖੜਗਧਾਰੀ ਦਸਮੇਸ਼ ਨੇ ਵੱਡੇ ਇਕੱਠ ਵਿੱਚ ਓਸ ਅੰਮ੍ਰਿਤ ਦੀ ਦਾਤ ਮਨੁੱਖਤਾ ਨੂੰ ਬਖ਼ਸ਼ੀ ਜਿਸ ਦਾ ਪ੍ਰਚਾਰ ਗੁਰੂ ਨਾਨਕ ਨੇ ਆਰੰਭ ਕੀਤਾ ਸੀ ਅਤੇ ਜਿਸ ਦੇ ਕਾਬਲ ਬਣਨ ਲਈ ਸਿੱਖਾਂ ਨੂੰ ਢਾਈ ਸਦੀਆਂ ਦੀ ਸਾਧਨਾ ਕਰਨੀ ਪਈ ਸੀ।

ਸ੍ਰ. ਗੁਰਤੇਜ ਸਿੰਘ ਆਈ ਏ ਐੱਸ
ਸ੍ਰ. ਗੁਰਤੇਜ ਸਿੰਘ ਆਈ ਏ ਐੱਸ

ਲੋਕਾਂ ਨੂੰ ਕਈ ਮੁਸ਼ਕਲ ਇਮਤਿਹਾਨਾਂ ਵਿੱਚੋਂ ਗੁਜ਼ਰਨਾ ਪਿਆ ਸੀ ਅਤੇ ਕੁੰਦਨ ਗੁਰੂ ਨੇ ਵੀ ਬਾਰ-ਬਾਰ ਕੁਠਾਲੀ ਵਿੱਚ ਪੈ ਕੇ ਆਪਣੇ-ਆਪ ਨੂੰ ਦੈਵੀ ਚਮਕ ਦਾ ਸਥਾਈ ਹੱਕਦਾਰ ਪ੍ਰਗਟ ਕੀਤਾ ਸੀ।

ਬਾਬਰ ਦੀਆਂ ਚੱਕੀਆਂ, ਗੁਸਤਾਖ ਹਮਾਯੂੰ ਦੀਆਂ ਤੇਗਾਂ, ਜਹਾਂਗੀਰ-ਔਰੰਗਜ਼ੇਬ ਦੀਆਂ ਹੈਕੜਾਂ ਅਤੇ ਵਕਤੀ ਸਿਆਸੀ ਸ਼ਕਤੀਆਂ ਨੂੰ ਨਕਾਰ ਕੇ ਆਪਣੇ ਪੰਥ ਦੀ ਨੁਹਾਰ ਗੁਰਾਂ ਨੇ ਘੜੀ ਸੀ।

]’ਨਾ ਦਰਸ਼ਨ ਲੈਣੇ, ਨਾ ਦਰਸ਼ਨ ਦੇਣੇ’ ਦਾ ਸਿਧਾਂਤ, ਮੀਰੀ ਪੀਰੀ ਦਾ ਸਿਧਾਂਤ, ਰਣ ਤੱਤੇ ਵਿੱਚ ਜੂਝ ਕੇ ਬੁਰਾਈ ਦਾ ਭਰਪੂਰ ਟਾਕਰਾ ਕਰਨ ਦਾ ਸਿਧਾਂਤ, ਧਰਮ ਵਿੱਚ ਕਿਸੇ ਰਾਜਸੀ ਸ਼ਕਤੀ ਦਾ ਦਖ਼ਲ ਨਾ ਬਰਦਾਸ਼ਤ ਕਰਨ ਦਾ ਸਿਧਾਂਤ, ਪ੍ਰੇਮ ਦੀ ਗਲੀ ਵਿੱਚ ਪੈਰ ਧਰਨ ਲਈ ਸਿਰ ਤਲੀ ਉੱਤੇ ਰੱਖਣ ਦਾ ਸਿਧਾਂਤ, ਮਨੁੱਖੀ ਸਰੀਰ ਨੂੰ ਪਾਲ-ਪਲੋਸ ਕੇ ਜੂਝਣਯੋਗ ਬਣਾਉਣ ਦਾ ਸਿਧਾਂਤ ਆਦਿ ਸਿੱਖਾਂ ਨੂੰ ਸਮਝਾਏ ਗਏ ਅਤੇ ਉਹਨਾਂ ਇਲਾਹੀ ਵਰਦਾਨ ਸਮਝ ਕੇ ਝੋਲੀ ਪਵਾਏ।

ਮਨੁੱਖੀ ਬਰਾਬਰੀ ਦੇ ਸਿਧਾਂਤ ਨੂੰ ਛੱਡ ਕੇ ਬਾਕੀ ਕੋਈ ਵੀ ਐਸਾ ਵਿਚਾਰ ਨਹੀਂ ਸੀ ਜਿਸ ਨੂੰ ਹਿੰਦ ਦੇ ਕਿਸੇ ਧਰਮਾਤਮਾ, ਰਿਸ਼ੀ, ਮੁਨੀ, ਜੋਗੀ, ਭਗਤ ਨੇ ਪ੍ਰਚਾਰਨ ਲਈ ਲੱਕ ਬੰਨ੍ਹਿਆ ਹੋਵੇ।


ਮਕਸਦ ਮਨੁੱਖਤਾ ਨੂੰ ਪਰਿਪੂਰਣ ਕਰ ਕੇ ਸਦਾ ਲਈ ਆਪਣੇ ਪੈਰਾਂ ਉੱਤੇ ਖੜ੍ਹਾ ਕਰਨਾ ਸੀ; ਨਬੀਆਂ, ਪੈਗੰਬਰਾਂ, ਅਵਤਾਰਾਂ, ਵਿਚੋਲਿਆਂ ਦੀ ਗੁਲਾਮੀ ਤੋਂ ਸਦਾ ਲਈ ਮੁਕਤ ਕਰਨਾ ਸੀ।

ਜਿੱਥੇ-ਜਿੱਥੇ ਵੀ ਸਾਹਿਬਾਂ ਨੇ ਲੋਕ-ਅਾਜ਼ਾਦੀ ਦੀ ਗੱਲ ਕੀਤੀ, ਸੁਣਨ ਵਾਲੇ ਵਿਚਾਰਾਂ ਦੀ ਤੀਬਰਤਾ, ਸੁਭਾ ਦੀ ਨਿਰਮਾਣਤਾ, ਸੱਚਾਈ ਦਾ ਵੇਗ, ਮਨੁੱਖਤਾ ਦੇ ਦਰਦ ਦੀ ਚੀਸ ਦਾ ਮਿਸ਼ਰਣ ਨਾਨਕ-ਬਾਣੀ ਵਿੱਚ ਸੁਣ ਕੇ ਸਾਰੇ ਸੁਣਨ ਵਾਲੇ ਸੁੰਨ ਹੋ ਗਏ ਸਨ।

ਪੋਪ ਦਾ ਕਾਉਂਸਲ ਇਹ ਸੁਣ ਕੇ ਹੈਰਾਨ ਕਿ ਗੁਲਾਮਾਂ ਨੂੰ ਆਜ਼ਾਦ ਕਰਨਾ ਵੀ ਧਰਮ ਹੈ; ਮੱਕੇ ਦਾ ਕਾਜ਼ੀ ਇਹ ਸੁਣ ਕੇ ਹੈਰਾਨ ਕਿ ਹਰ ਮਨੁੱਖ ਵਿੱਚ ਖ਼ੁਦਾ ਵੱਸਦਾ ਹੈ; ਜੋਗੀ ਏਸ ਗੱਲੋਂ ਪ੍ਰੇਸ਼ਾਨ ਕਿ ਨਾਨਕ ਮੋਮ ਦੇ ਦੰਦਾਂ ਨਾਲ ਲੋਹਾ ਚੱਬਣ ਜਿਹੇ ਸਭ ਦੀ ਅਜ਼ਾਦੀ ਦੇ ਮਨਸੂਬੇ ਰੱਖਦਾ ਹੈ। ਕੁਲ ਮਿਲਾ ਕੇ ਤਾਣ ਟੁੱਟਦੀ ਹੈ, ”ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ”। ਪੰਜਵੇਂ ਜਾਮੇ ਵਿੱਚ ਗੁਰੂ ਨਾਨਕ ਭਰਮ ਦੇ ਸਾਰੇ ਆਂਡੇ ਭੰਨ ਕੇ ਮਨਾਂ ਵਿੱਚ ਮਨੁੱਖੀ ਬਰਾਬਰੀ ਦਾ ਪ੍ਰਕਾਸ਼ ਫੈਲਾਉਂਦਾ ਹੈ ਅਤੇ ਸਭ ਦੇ ਪੈਰਾਂ ਦੀਆਂ ਬੇੜੀਆਂ ਕੱਟ ਦਿੰਦਾ ਹੈ। ਭੱਟ ਸਪਸ਼ਟ ਆਖਦੇ ਹਨ ਕਿ ਉਹ ਜਨ-ਜਨ ਦਾ (ਜਨਕ) ਰਾਜ ਚਾਹੁੰਦਾ ਸੀ। ਓਸ ਜ਼ਮਾਨੇ ਵਿੱਚ ਇਹ ਅਲੋਕਾਰੀ ਗੱਲ ਸੀ ।

ਗੁਰੂ ਨਾਨਕ ਤੋਂ ਪਹਿਲਾਂ ਰਾਜਿਆਂ ਨੂੰ ਰਾਣੀਆਂ ਜੰਮਦੀਆਂ ਸਨ ਜਾਂ ਧਾੜਵੀਆਂ ਦੇ ਟੋਲੇ ਕਿਸੇ ਸਭ ਤੋਂ ਵੱਡੇ ਜਾਂ ਸਭ ਤੋਂ ਨਿਰਦਈ ਧਾੜਵੀ ਨੂੰ ਰਾਜ ਗੱਦੀ ਉੱਤੇ ਬਿਠਾਉਂਦੇ ਸਨ। ਗੁਰੂ ਨਾਨਕ ਨੇ ਆਖਿਆ ਕਿ ਇਹ ਸਾਰੇ ਰਾਜ ਗੱਦੀ ਦੇ ਝੂਠੇ ਦਾਅਵੇਦਾਰ ਹਨ। ਹਾਕਮ ਦਾ ਅਸਲ ਕੰਮ ਨਿਆਂਕਾਰੀ ਪਰਮ-ਪੁਰਖ ਦੀ ਪਰਜਾ ਨੂੰ ਨਿਆਂ ਿਦਵਾਉਣਾ ਹੁੰਦਾ ਹੈ ਅਤੇ ਲੋਕਾਂ ਦੇ ਵਿਚਾਰਾਂ, ਵਿਸ਼ਵਾਸਾਂ, ਜਾਨ-ਮਾਲ ਦੀ ਸੁਰੱਖਿਆ ਹੈ।

ਆਮ ਲੋਕਾਂ ਦੀ ਕੁਈ ਪੁੱਛ-ਪੜਤਾਲ ਨਹੀਂ ਸੀ – ਨਾ ਮਹਿਲਾਂ ਵਿੱਚ, ਨਾ ਇਤਿਹਾਸ ਵਿੱਚ; ਨਾ ਕੁਈ ਸਮਾਜੀ ਰੁਤਬਾ ਸੀ। ਤਾਂਹੀਏਂ ਪੰਜ ਸੌ ਸਾਲ ਤੱਕ (927-1469 ਤੱਕ) ਕਿਸੇ ਆਮ ਪੰਜਾਬੀ ਦਾ ਨਾਂ ਇਤਿਹਾਸ ਵਿੱਚ ਨਹੀਂ ਲੱਭਦਾ।

ਗੁਰੂ ਨਾਨਕ ਨੇ ਜਗਤ-ਕਲਿਆਣ ਦਾ ਬੀੜਾ ਚੁੱਕਿਆ ਤਾਂ ਪੰਜਾਬੀਆਂ ਨੇ ਇਤਿਹਾਸ ਵਿੱਚ ਦਰਸ਼ਨ ਦੇਣੇ ਸ਼ੁਰੂ ਕੀਤੇ। ਉਹਨਾਂ ਜੋਗੀਆਂ ਨੂੰ ਦੱਸਿਆ ਕਿ ਸਮਾਜ-ਕਲਿਆਣ ਦਾ ਧੁਰਾ ਉਹਨਾਂ ਦੇ ਤਸੱਵਰ ਵਿੱਚ ਕੇਵਲ ਸੱਚ ਅਤੇ ਸੱਚ ਉੱਤੇ ਚੱਲਣ ਵਾਲੀ ਸੰਗਤ ਹੀ ਹੈ। ਸੱਚੇ ਸਾਹਿਬ ਦਾ ਫੁਰਮਾਨ ਹੈ ; “ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹਹਿ ਰਾਈ।” ਇਹ ਮੁਬਾਰਕ ਸ਼ਬਦ ਗੁਰੂ ਦੇ ਲੋਕਤੰਤਰ ਦਾ ਸੰਕਲਪ ਤਾਂ ਦੱਸਦੇ ਹੀ ਹਨ, ਨਾਲੋ ਨਾਲ ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਬੀਜ ਵੀ ਬੀਜਦੇ ਹਨ।

ਉੱਤਮ ਕਿਰਦਾਰ ਵਾਲੇ ਸੱਚ ਦੇ ਧਾਰਨੀਆਂ ਦਾ ਪੰਥ ਚੱਲਣਾ ਸੀ ਜਿਨ੍ਹਾਂ ਨੇ ਸੱਚ ਨੂੰ ਸੰਭਾਲਣਾ ਅਤੇ ਸਮਾਜ ਵਿੱਚ ਪ੍ਰਚੱਲਤ ਕਰ ਕੇ ਰੱਖਿਆ ਕਰਨੀ ਸੀ। ਇਉਂ ਇਹ ਇੱਕ ਦੂਜੇ ਦੇ ਪੂਰਕ ਹੋਏ।

ਏਸ ਵਿਚਾਰ ਨੇ ਮਨੁੱਖਤਾ ਨੂੰ ਕ੍ਰਾਂਤੀ ਦਾ ਰਾਹ ਵਿਖਾਇਆ। ਮਨੁੱਖ ਦਿੱਸਦੇ ਪਸ਼ੂਆਂ ਤੋਂ ਮਨੁੱਖ ਬਣੇ, ਪ੍ਰੇਤਾਂ ਤੋਂ ਦੇਵ ਅਤੇ ਮਨੂਰੇ ਤੋਂ ਸੋਨਾ! ਫੇਰ ਮਨੁੱਖੀ ਬਰਾਬਰੀ ਦੇ ਸੰਕਲਪ ਨੂੰ ਸਦਾ ਲਈ ਸਥਾਪਤ ਕਰਨ ਹਿਤ ਧਰਮ ਨਾਸ਼, ਕਰਮ ਨਾਸ਼, ਕੁਲਨਾਸ਼, ਕਿਰਤ ਨਾਸ਼, ਭਰਮ ਨਾਸ਼ ਖ਼ਾਲਸੇ ਦਾ ਆਗਾਜ਼ ਹੋਇਆ। ਪਿਛਲਾ ਸਾਰਾ ਭਾਰਾ ਸਾੜ ਕੇ, ਅੰਮ੍ਰਿਤ ਦੇ ਬਾਟੇ ਵਿੱਚੋਂ ਪੰਜ ਚੁਲ਼ੇ ਛਕ ਕੇ ਨਿਰਭੈ, ਨਿਰਵੈਰ ਬਣ ਕੇ ਪੰਥ ਤਖ਼ਤ ਦਾ ਵਾਰਸ ਹੋ ਪ੍ਰਗਟ ਹੋਇਆ। ਅਕਾਲ ਰੂਪ ਕੰਲਗੀਆਂ ਵਾਲੇ ਨੇ ਏਸ ਨੂੰ ਹੰਨੇ-ਹੰਨੇ ਮੀਰੀ ਦਾ ਵਰਦਾਨ ਦਿੱਤਾ,”ਜਹਿ-ਜਹਿ ਬਹੈਂ ਜਮੀਨ ਮੱਲ ਤਹਿਂ ਤਹਿਂ ਤਖਤ ਬਣਾਂਇਂ”।

ਫੇਰ ਏਸ ਪੰਥ ਨੂੰ ਗੁਰੂ ਦਾ ਰੁਤਬਾ ਬਖਸ਼ਣ ਲਈ ਫਕੀਰਾਂ ਦੀ ਆਜਜ਼ੀ ਦਾ ਅਵਤਾਰ ਧਾਰ ਕੇ ਢਾਈ ਸਦੀਆਂ ਹੱਥੀਂ ਘੜੇ ਖ਼ਾਲਸੇ ਦੇ ਸਾਹਮਣੇ ਗੋਡੀ ਲਾ ਕੇ ਦੋ ਜਹਾਨਾਂ ਦੇ ਵਾਲੀ ਨੇ ਮਨੁੱਖੀ ਜਾਮੇ ਦੀ ਮਰਿਯਾਦਾ ਪਾਲਦਿਆਂ ਦੈਵੀ ਆਜਜ਼ੀ ਨਾਲ ਅੰਮ੍ਰਿਤ ਦੀ ਦਾਤ ਦੇ ਪੰਜ ਚੁਲ਼ੇ ਮੰਗੇ। ਅਰਸ਼ਾਂ ਦੇ ਸੂਰਜ ਨੇ ਫ਼ਰਸ਼ਾਂ ਦੇ ਸੂਰਜ ਕੋਲੋਂ ਮਾਂਗਵੀਆਂ ਦਿੱਤੀਆਂ ਕਿਰਨਾਂ ਦਾ ਆਪਣਾ ਹਿੱਸਾ ਮੰਗਿਆ। ਰੰਕ ਰਾਣੇ ਹੋਏ, ਰਾਜਾ ਪ੍ਰਜਾ ਦੇ ਭੇਦ ਮਿਟ ਗਏ, ਨਾਨਕ ਪੰਥੀ ਗੁਰੂ ਖ਼ਾਲਸਾ ਪੰਥ ਬਣੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: