ਜਲੰਧਰ: ਪੰਜਾਬ ਪੁਲਿਸ ਨੇ ਉੱਤਰੀ ਭਾਰਤ ਸ਼ਿਵ ਸੈਨਾ ਦੇ ਪ੍ਰਧਾਨ ਵਿਨੇ ਜਲੰਧਰੀ ਦੇ ਲੜਕੇ ਦੀਪਕ ਕੰਬੋਜ ਦੀ ਸੁਰੱਖਿਆ ਵਾਪਸ ਲੈ ਲਈ ਹੈ। ਦੀਪਕ ਕੰਬੋਜ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਿਵ ਸੈਨਾ ਪਾਰਟੀ ਵਿਚ ਆਪਣੀ ਵੁੱਕਤ ਵਧਾਉਣ ਅਤੇ ਲੋਕਾਂ ’ਤੇ ਰੋਅਬ ਜਮਾਉਣ ਲਈ ਆਪਣੇ 2 ਦੋਸਤਾਂ ਗੌਰਵ ਅਤੇ ਸੁਪਿੰਦਰ ਨਾਲ ਮਿਲ ਕੇ ਆਪਣੇ ’ਤੇ ਹੀ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਤੇ 16 ਫਰਵਰੀ ਵਾਲੇ ਦਿਨ ਦੀਪਕ ਕੰਬੋਜ ਆਪਣੇ ਸੁਰੱਖਿਆ ਗਾਰਡਾਂ ਨੂੰ ਘਰ ਛੱਡ ਕੇ ਇਕੱਲਾ ਹੀ ਸਕੂਲ ਤੋਂ ਬੱਚੇ ਲੈਣ ਚਲਾ ਗਿਆ ਸੀ।

ਯੋਜਨਾ ਦੇ ਅਨੁਸਾਰ ਸੁਪਿੰਦਰ ਨੇ ਆਪਣੇ ਹੀ ਲਾਇਸੰਸੀ ਰਿਵਾਲਰ ਤੋਂ ਦੀਪਕ ਕੰਬੋਜ ’ਤੇ ਗੋਲੀ ਚਲਾਈ ਸੀ, ਜਿਸ ਵਿਚ ਦੀਪਕ ਫੱਟੜ ਹੋ ਗਿਆ ਸੀ।
ਪੁਲਿਸ ਨੇ ਦੀਪਕ ’ਤੇ ਕਥਿਤ ਹਮਲਾ ਕਰਨ ਵਾਲੇ 2 ਨੌਜਵਾਨਾਂ ਨੂੰ ਅੱਜ ਪੁਲੀਸ ਨੇ ਅਦਾਲਤ ਵਿਚ ਪੇਸ਼ ਕੀਤਾ, ਜਿਨ੍ਹਾਂ ਦਾ 3 ਮਈ ਤੱਕ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਹੈ। ਪੁਲੀਸ ਵਲੋਂ ਕੱਲ੍ਹ ਕਾਬੂ ਕੀਤੇ ਗੌਰਵ ਅਤੇ ਸੁਪਿੰਦਰ ਨੂੰ ਅੱਜ ਪੁਲੀਸ ਨੇ ਅਦਾਲਤ ਵਿਚ ਪੇਸ਼ ਕੀਤਾ ਤੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ। ਇਹ ਮਾਮਲਾ ਹੱਲ ਹੋਣ ਤੋਂ ਬਾਅਦ ਪੁਲੀਸ ਨੇ ਰਾਹਤ ਦਾ ਸਾਹ ਲਿਆ ਹੈ।