ਪੰਜਾਬ ਦੇ ਖੱਬੇ ਪੱਖੀ ਬੁੱਧੀਜੀਵੀਆਂ,ਲੇਖਕਾਂ,ਸਾਹਿਤਕਾਰਾਂ, ਕਲਾਕਾਰਾਂ ਤੇ ਕਾਰਕੁੰਨਾਂ ਨੇ ਸਿੱਖ ਵਿਰੋਧੀ ਰੋਲ ਨਿਭਾਉਣ ਲਈ ਅੱਡੀ ਚੋਟੀ ਦਾ ਜੋ਼ਰ ਲਾਇਆ: ਅਜਮੇਰ ਸਿੰਘ
ਸਿੱਖ ਵਿਦਵਾਨਾਂ ਨੇ ਕੌਮ ਦੇ ਦਰਦ ਨੂੰ ਸਮਝਣ ਅਤੇ ਸੇਧ ਦੇਣ ਦੀ ਥਾਂ ਉਲਟਾ ਹਾਕਮਾਂ ਦੇ ਸੋਹਲੇ ਗਾਏ
ਪਟਿਆਲਾ਼: ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਧਰਮ ਅਧਿਐਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ 29 ਜੂਨ ਨੂੰ ਸ: ਅਜਮੇਰ ਸਿੰਘ ਦੀ ਤਾਜ਼ਾ ਪ੍ਰਕਾਸ਼ਤ ਹੋਈ ਪੁਸਤਕ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਬਾਰੇ ਸ੍ਰ: ਅਜਮੇਰ ਸਿੰਘ ਦਾ ਸਿਧਾਂਤਕ ਵਖਿਆਨ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਚ ਹੋਏ ਇਸ ਸਮਾਗਮ ਵਿਚ 100 ਤੋਂ ਵੱਧ ਵਿਦਿਆਰਥੀ ਤੇ ਖੋਜਾਰਥੀ ਸ਼ਾਮਲ ਹੋਏ।

ਸਮਾਗਮ ਦਾ ਆਰੰਭ ਕਰਦਿਆਂ ਡਾ: ਸੇਵਕ ਸਿੰਘ ਨੇ ਸ: ਅਜਮੇਰ ਸਿੰਘ ਦੀਆਂ ਇਸ ਤੋਂ ਪਹਿਲਾਂ ਆ ਚੁੱਕੀਆਂ ਕਿਤਾਬਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਪੁਸਤਕ ਦੇ ਵਿਸ਼ਾ-ਵਸਤੂ ਬਾਰੇ ਵੀ ਸੰਖੇਪ ਰੂਪ ਵਿਚ ਆਪਣੇ ਵਿਚਾਰ ਪਰਗਟ ਕੀਤੇ। ਡਾ: ਸੇਵਕ ਸਿੰਘ ਨੇ ਇਸ ਪੁਸਤਕ ਦੀ ਆਮਦ ਉਤੇ ਖੁਸ਼ੀ ਜਾਹਰ ਕਰਦਿਆਂ ਇਸ ਦਾ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਫ਼ੌਜੀ ਹਮਲੇ ਤੋਂ ਬਾਅਦ ਪੰਜਾਬ ਵਿਚ ਉਭਰੀ ਸਿੱਖ ਖਾੜਕੂ ਲਹਿਰ ਬਾਰੇ ਗਿਆਨ ਰਚਨਾ ਦੀ ਜਿਹੜੀ ਕਮੀ ਰੜਕ ਰਹੀ ਸੀ, ਸ: ਅਜਮੇਰ ਸਿੰਘ ਦੀਆਂ ਇਨ੍ਹਾਂ ਸਿਧਾਂਤਕ ਪੁਸਤਕਾਂ ਦੀ ਲੜੀ ਨੇ ਉਸ ਕਮੀ ਨੂੰ ਦੂਰ ਕਰਨ ਦੀ ਸਾਰਥਿਕ ਕੋਸਿ਼ਸ਼ ਕੀਤੀ ਹੈ। ਇਸ ਪੁਸਤਕ ਵਿਚ ਸਿੱਖ ਸਿਧਾਂਤਾਂ ਉਤੇ ਹੋਏ ਹਮਲਿਆਂ ਨੂੰ ਭਰਵੇਂ ਰੂਪ ਵਿਚ ਉਜਾਗਰ ਕੀਤਾ ਗਿਆ ਹੈ।

ਸ: ਅਜਮੇਰ ਸਿੰਘ ਨੇ ਆਪਣੇ ਸਿਧਾਂਤਕ ਵਿਖਿਆਨ ਦਾ ਆਰੰਭ ਕਰਦਿਆਂ ਪੁਸਤਕ ਅੰਦਰ ਦਰਜ ਪ੍ਰਮੁੱਖ ਸੰਕਲਪਾਂ ਬਾਰੇ ਸੰਖੇਪ ਜਾਣਕਾਰੀ ਦਿਤੀ। ਉਨ੍ਹਾਂ ਨੇ ਦਰਬਾਰ ਸਾਹਿਬ ਉਤੇ ਜੂਨ 1984 ਵਿਚ ਕੀਤੇ ਗਏ ਹਮਲੇ ਦੀ ਤੁਲਨਾ ਅਠਾਰਵੀਂ ਸਦੀ ਵਿਚ ਹੋਏ ਹਮਲਿਆਂ ਨਾਲ ਕਰਦਿਆਂ ਆਧੁਨਿਕ ਜ਼ਮਾਨੇ ਦੇ ਮੁੱਖ ਲੱਛਣਾਂ ਦੀ ਨਿਸ਼ਾਨਦੇਹੀ ਕੀਤੀ। ਇਸ ਰੋਸ਼ਨੀ ਵਿਚ ਉਨ੍ਹਾਂ ਨੇ ਆਧੁਨਿਕ ਨੇਸ਼ਨ ਸਟੇਟ ਦਾ ਪੂਰਵ-ਆਧੁਨਿਕ ਰਾਜਾਂ ਨਾਲੋਂ ਅੰਤਰ ਸਪਸ਼ਟ ਕੀਤਾ ਅਤੇ ਆਧੁਨਿਕ ਰਾਜਾਂ ਵੱਲੋਂ ਘੱਟਗਿਣਤੀ ਧਾਰਮਿਕ ਤੇ ਸਭਿਆਚਾਰਕ ਭਾਈਚਾਰਿਆਂ ਦੀ ਹੋਂਦ ਤੇ ਹਸਤੀ ਨੂੰ ਖ਼ਤਮ ਕਰਨ ਲਈ ਅਪਣਾਏ ਜਾਂਦੇ ਤਰੀਕਿਆਂ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ। ਉਨ੍ਹਾਂ ਨੇ ਨੇਸ਼ਨ ਸਟੇਟ ਦੀ ਗੱਲ ਕਰਦਿਆਂ ਇਹ ਸਪੱਸ਼ਟ ਕੀਤਾ ਕਿ ਹਰੇਕ ਨੇਸ਼ਨ ਸਟੇਟ ਦੁਆਰਾ ਨੇਸ਼ਨ, ਅਰਥਾਤ ਰਾਸ਼ਟਰ ਦੀ ਸਿਰਜਣਾ ਕਰਨ ਦਾ ਪ੍ਰਧਾਨ ਕਾਰਜ ਮਿਥਿਆ ਜਾਂਦਾ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਸਭਿਆਚਾਰਕ ਵਿਲੱਖਣਤਾਵਾਂ ਨੂੰ ਖ਼ਤਮ ਕਰਨ ਦੀ ਮਾਰਗ-ਸੇਧ ਅਤੇ ਧੁੱਸ ਅਪਣਾਈ ਜਾਂਦੀ ਹੈ। ਨੇਸ਼ਨ ਸਟੇਟ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਹ ਹਰ ਵੇਲੇ ਅਸੁਰੱਖਿਆ ਦੇ ਪਰਛਾਵੇਂ ਹੇਠ ਰਹਿੰਦੀ ਹੈ। ਜਿਸ ਵਿਚੋਂ ਸਟੇਟ ਨੂੰ ਨਿਰੰਤਰ ਮਜ਼ਬੂਤ ਤੇ ਬਲਸ਼ਾਲੀ ਬਣਾਉਣ ਦੇ ਯਤਨ ਕੀਤੇ ਜਾਂਦੇ ਹਨ। ਜਿਹੜੇ ਤੱਤ ਨੇਸ਼ਨ ਦੀ ਸਿਰਜਣਾ ਕਰਨ ਦਾ ਵਿਰੋਧ ਕਰਦੇ ਹਨ ਉਨ੍ਹਾਂ ਨੂੰ ਬੇਰੁਹਿਮੀ ਨਾਲ ਕੁਚਲ ਦਿਤਾ ਜਾਂਦਾ ਹੈ। ਦਰਬਾਰ ਸਾਹਿਬ ਉਤੇ ਕੀਤੇ ਗਏ ਫ਼ੌਜੀ ਹਮਲੇ ਨੂੰ ਇਸ ਦ੍ਰਿਸ਼ਟੀ ਤੋਂ ਹੀ ਵੇਖਿਆ ਜਾਣਾ ਚਾਹੀਦਾ ਹੈ। ਨੇਸ਼ਨ ਦੀ ਸਿਰਜਣਾ ਕਰਨ ਲਈ ਨਾ ਸਿਰਫ ਬਹੁਗਿਣਤੀ ਵਰਗ ਅੰਦਰ ਰਾਸ਼ਟਰਵਾਦ ਦਾ ਜਨੂੰਨ ਪੈਦਾ ਕੀਤਾ ਜਾਂਦਾ ਹੈ, ਸਗੋਂ ਘੱਟਗਿਣਤੀਆਂ ਦੇ ਪੜ੍ਹੇ ਲਿਖੇ ਵਰਗਾਂ ਨੂੰ ਰਾਸ਼ਟਰਵਾਦ ਦੀ ਵਿਚਾਰਧਾਰਾ ਦੇ ਧਾਰਨੀ ਬਣਾਉਣ ਲਈ ਉਚੇਚੀਆਂ ਕੋਸਿ਼ਸ਼ਾਂ ਕੀਤੀਆਂ ਜਾਂਦੀਆਂ ਹਨ। ਇਸ ਤਰੀਕੇ ਨਾਲ ਘੱਟਗਿਣਤੀ ਭਾਈਚਾਰਿਆਂ ਅੰਦਰ ਫੁੱਟ ਪਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਸਿਧਾਂਤਕ ਤੌਰ ‘ਤੇ ਕਮਜ਼ੋਰ ਤੇ ਨਿਹੱਥੇ ਕਰਕੇ ਬਹੁਗਿਣਤੀ ਦਾ ਗ਼ਲਬਾ ਕਬੂਲ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ।

ਜੂਨ 84 ਤੋਂ ਬਾਅਦ ਸਿੱਖਾਂ ਉਪਰ ਗਿਆਨ ਦੇ ਖੇਤਰ ਵਿਚ ਹੋਏ ਹਮਲਿਆਂ ਦਾ ਵਿਖਿਆਨ ਕਰਦਿਆਂ ਸ: ਅਜਮੇਰ ਸਿੰਘ ਨੇ ਸਿੱਖ ਵਿਦਵਾਨਾਂ ਦੀ ਨਕਾਰਾਤਮਿਕ ਭੂਮਿਕਾ ਨੂੰ ਸਾਹਮਣੇ ਲਿਆਂਦਾ। ਉਨ੍ਹਾਂ ਨੇ ਦੱਸਿਆ ਕਿ ਦਰਬਾਰ ਸਾਹਿਬ ਉਤੇ ਫ਼ੌਜੀ ਹਮਲੇ ਤੋਂ ਤੁਰੰਤ ਬਾਅਦ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅੰਦਰ ਸਟੇਟ ਵੱਲੋਂ ਮਿਥੇ ਗਏ ਵਿਸਿ਼ਆਂ ਉਪਰ ਸੈਮੀਨਾਰ ਕਰਵਾਏ ਗਏ ਜਿਸ ਵਿਚ ਬੁਲਾਰਿਆ ਨੂੰ ਰਾਸ਼ਟਰਵਾਦ ਤੇ ਦੇਸ਼ ਭਗਤੀ ਦੇ ਪਾਠ ਪੜ੍ਹਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ। ਵਿਦਵਾਨਾਂ ਨੇ ਸਰਕਾਰ ਦੇ ਇਛਾਰਿਆਂ ਉਤੇ ਕੰਮ ਕਰਦੇ ਹੋਏ ਦਰਬਾਰ ਸਾਹਿਬ ਉਤੇ ਹਮਲੇ ਨੂੰ ਭਾਰਤ ਸਰਕਾਰ ਦੇ ਨਜ਼ਰੀਏ ਤੋਂ ਪੇਸ਼ ਕੀਤਾ। ਸਿੱਖ ਵਿਦਵਾਨਾਂ ਵੱਲੋਂ ਨਿਭਾਈ ਗਈ ਗਲਤ ਭੂਮਿਕਾ ਦੇ ਨਾਲ ਹੀ, ਸ: ਅਜਮੇਰ ਸਿੰਘ ਨੇ ਪੰਜਾਬ ਦੇ ਖੱਬੇ ਪੱਖੀ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਕਲਾਕਾਰਾਂ ਤੇ ਕਾਰਕੁੰਨਾਂ ਦੁਆਰਾ ਨਿਭਾਏ ਗਏ ਸਿੱਖ ਵਿਰੋਧੀ ਰੋਲ ਦੇ ਵੀ ਬਖੀਏ ਉਧੇੜੇ। ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖ ਵਿਦਵਾਨਾਂ ਨੇ ਕੌਮ ਦੇ ਦਰਦ ਨੂੰ ਸਮਝਣ ਅਤੇ ਸੇਧ ਦੇਣ ਦੀ ਥਾਂ ਉਲਟਾ ਹਾਕਮਾਂ ਦੇ ਸੋਹਲੇ ਗਾਏ ਜਦੋਂ ਕਿ ਖੱਬੇ ਪੱਖੀਆਂ ਨੇ ਪੰਜਾਬ ਸਮੱਸਿਆ ਦੇ ਮੂਲ ਕਾਰਨਾਂ, ਸਟੇਟ ਦੇ ਜਬਰ ਅਤੇ ਸਿੱਖ ਵਿਰੋਧੀ ਕਿਰਦਾਰ ਦੀ ਅਸਲੀਅਤ ਵਲੋਂ ਅੱਖਾਂ ਮੀਟ ਕੇ ਸਿੱਖ ਵਿਰੋਧੀ ਰੋਲ ਨਿਭਾਉਣ ਲਈ ਅੱਡੀ ਚੋਟੀ ਦਾ ਜੋ਼ਰ ਲਾਇਆ।
ਧਰਮ ਅਧਿਐਨ ਵਿਭਾਗ ਦੇ ਪ੍ਰੋਫੈਸਰ ਗੁਰਮੀਤ ਸਿੰਘ ਸਿੱਧੂ ਨੇ ਆਪਣੇ ਧੰਨਵਾਦੀ ਸ਼ਬਦਾਂ ਵਿਚ ਆਖਿਆ ਕਿ ਸ੍ਰ। ਅਜਮੇਰ ਸਿੰਘ ਦੀਆਂ ਪੁਸਤਕਾਂ ਦੀ ਆਮਦ ਨਾਲ ਖਲੋਤੇ ਪਾਣੀ ਵਿਚ ਜੋ ਹਲਚਲ ਹੋਈ ਹੈ ਇਸ ਦੇ ਲਈ ਇਹ ਵਧਾਈ ਦੇ ਪਾਤਰ ਵੀ ਹਨ ਅਤੇ ਅਸੀਂ ਇਨ੍ਹਾਂ ਦਾ ਧੰਨਵਾਦ ਵੀ ਕਰਦੇ ਹਾਂ ਸ੍ਰ।ਸਿੱਧੂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਇਹ ਸੰਵਾਦ ਦਾ ਸਿਲਸਿਲਾ ਇਥੇ ਹੀ ਨਹੀਂ ਰੁਕਣਾ ਚਾਹੀਦਾ ਤੇ ਇਹ ਨਿਰੰਤਰ ਅਗਾਂਹ ਚਲਦਾ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮਾਗਮ ਵਿਚ ਪਹੁੰਚੇ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ। ਅੰਤ ਵਿਚ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ: ਅਜਮੇਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਉੱਘੇ ਪੱਤਰਕਾਰ ਜਸਪਾਲ ਸਿੰਘ ਸਿੱਧੂ, ਲੇਖਕ ਤੇ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ, ਸਿੱਖ ਖਾੜਕੂ ਲਹਿਰ ਦੇ ਸਿਰਕੱਢ ਆਗੂ ਰਹੇ ਭਾਈ ਦਲਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਭਾਈ ਮਨਧੀਰ ਸਿੰਘ ਤੇ ਪਰਮਜੀਤ ਸਿੰਘ ਗਾਜ਼ੀ ਤੋਂ ਇਲਾਵਾ ਡਾ. ਜਸਵਿੰਦਰ ਸਿੰਘ, ਡਾ. ਪਰਮਜੀਤ ਸਿੰਘ, ਡਾ. ਮੇਹਰ ਸਿੰਘ ਗਿੱਲ ਤੇ ਡਾ: ਸੁਖਦਿਆਲ ਸਿੰਘ ਸਮੇਤ ਸਤਿਕਾਰਤ ਵਿਦਵਾਨਾਂ ਨੇ ਵੀ ਹਾਜ਼ਰੀ ਭਰੀ। ਸਰੋਤਿਆਂ ਨੇ ਡੇਢ ਘੰਟੇ ਤਕ ਸ: ਅਜਮੇਰ ਸਿੰਘ ਦੇ ਇਕ ਇਕ ਸ਼ਬਦ ਨੂੰ ਪੂਰਨ ਗਹੁ ਤੇ ਇਕਾਗਰਤਾ ਨਾਲ ਸੁਣਿਆ। ਕੁੱਝ ਸਰੋਤਿਆਂ ਨੇ ਆਪਣਾ ਪ੍ਰਤੀਕਰਮ ਪਰਗਟ ਕਰਦਿਆਂ ਕਿਹਾ ਕਿ ਇਹ ਭਾਸ਼ਣ ਸੁਣ ਕੇ ਉਨ੍ਹਾਂ ਨੂੰ ਨਵਾਂ ਗਿਆਨ ਹਾਸਲ ਹੋਇਆ ਹੈ ਅਤੇ ਭਾਰਤ ਅੰਦਰ ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਲਾਂ ਤੇ ਖ਼ਤਰਿਆਂ ਬਾਰੇ ਨਵੀ ਸੋਝੀ ਤੇ ਦ੍ਰਿਸ਼ਟੀ ਮਿਲੀ ਹੈ।