Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਲੋਂ ਸਿੱਖ ਪੰਥ ਦੇ ਨਾਮ ਖੁੱਲਾ ਪੱਤਰ

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਲੋਂ ਸਿੱਖ ਪੰਥ ਦੇ ਨਾਮ ਖੁੱਲਾ ਪੱਤਰ

ਤਰਨ ਤਾਰਨ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ “ਗੁਰਾਂ ਦਾ ਪੰਜਾਬ ਮੰਗਦਾ ਜੁਲਮਾਂ ਦਾ ਹਿਸਾਬ” ਸਿਰਲੇਖ ਹੇਠਾਂ ਸਿੱਖ ਪੰਥ ਦੇ ਨਾਂ ਖੁੱਲ੍ਹਾ ਪੱਤਰ ਜਾਰੀ ਕੀਤਾ ਗਿਆ ਹੈ।

ਜਿਸ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿੱਖਾਂ ਨੂੰ ਕਿਹਾ ਗਿਆ ਹੈ ਕਿ “ਦਿੱਲੀ ਤੇ ਨਾਗਪੁਰ ਦੀਆਂ ਕੈਟ ਧਿਰਾਂ ਵੱਖ ਵੱਖ ਬੁਰਕੇ ਪਾ ਕੇ ਗੁਰਾਂ ਦੇ ਪੰਜਾਬ ਉੱਪਰ ਫਤਹਿ ਪਾਉਣ ਲਈ ਮੈਦਾਨ ਵਿੱਚ ਆ ਰਹੀਆਂ ਹਨ। ਪੰਜਾਬ ਪੰਜਾਬੀਅਤ ਨੂੰ ਬਚਾਉਣ ਦੇ ਨਾਮ ਹੇਠ ਇਨ੍ਹਾਂ ਸਾਰੀਆਂ ਧਿਰਾਂ (ਬਾਦਲ ਦਲ, ਕਾਂਗਰਸ, ਆਰ.ਐਸ.ਐਸ, ਭਾਜਪਾ, ਕੇਜਰੀਵਾਲ, ਸਿੱਧੂ) ਦਾ ਸਾਝਾ ਏਜੰਡਾ ਹੈ ਪੰਜਾਬ ਨਾਲ ਰਾਜਨੀਤਿਕ ਠੱਗੀ ਮਾਰਕੇ ਸਿੱਖੀ ਨੂੰ ਪੰਜਾਬ ਵਿੱਚੋਂ ਮਨਫੀ ਕਰਨਾ ਅਤੇ ਸਿੱਖ ਪੰਥ ਉੱਪਰ ਹੋਏ ਜਬਰ ਜ਼ੁਲਮ ਉੱਪਰ ਪਰਦਾ ਪਾਉਣਾ। ਪੰਜਾਬ ਅੰਦਰ ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰੀ ਮੁੱਖ ਮੰਤਰੀ ਬਣਕੇ ਸਭ ਤੋਂ ਲੰਬਾ ਸਮਾਂ ਰਾਜ ਕੀਤਾ ਹੈ ਅਤੇ ਇੰਦਰਾ ਤੋਂ ਬਾਅਦ ਸਭ ਤੋਂ ਵੱਧ ਸਿੱਖੀ ਦਾ ਘਾਣ ਵੀ ਉਸ ਨੇ ਕੀਤਾ। ਪੰਜਾਬ ਤੇ ਦੇਸ਼ ਅੰਦਰ ਲੋਕਾਂ ਨਾਲ ਰਾਜਨੀਤਿਕ ਠੱਗੀ ਮਾਰਨ ਦਾ ਇਤਿਹਾਸ ਬੜਾ ਪੁਰਾਣਾ ਹੈ। ਕਾਂਗਰਸ “ਗਰੀਬੀ ਹਟਾਓ” ਅਤੇ “ਕਾਂਗਰਸ ਕਾ ਹਾਥ ਆਮ ਆਦਮੀ ਕੇ ਸਾਥ” ਦੇ ਨਾਅਰੇ ਲਾ ਕੇ ਸਤਾ ਹਥਿਆਉਂਦੀ ਰਹੀ ਹੈ। ਇਸ ਦੇ ਰਾਜ ਵਿੱਚ ਗਰੀਬ ਹੋਰ ਗਰੀਬ ਹੋਇਆ ਅਤੇ ਇਸ ਦੇ ਆਗੂ ਹੋਰ ਅਮੀਰ ਹੋ ਗਏ। ਹੁਣ ਫੇਰ ਇਹ ਪਾਰਟੀ ਪੰਜਾਬ ਅੰਦਰ “ਘਰ-ਘਰ ਕਾਂਗਰਸ ਹਰ ਘਰ ਕਾਂਗਰਸ” ਦੇ ਨਾਅਰੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ। ਸਿੱਖ ਪੰਥ ਉਸ ਕਾਂਗਰਸ ਨੂੰ ਘਰਾਂ ਵਿੱਚ ਨਹੀਂ ਵੜਣ ਦੇਵੇਗਾ ਜਿਸ ਨੇ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕੀਤਾ, ਨਵੰਬਰ 84 ਦਾ ਕਤਲੇਆਮ ਕਰਵਾਇਆ ਅਤੇ ਪੰਜਾਬ ਦੀ ਚੱਪਾ-ਚੱਪਾ ਧਰਤੀ 25 ਹਜ਼ਾਰ ਸਿੱਖਾਂ ਦੇ ਝੂਠੇ ਮੁਕਾਬਲਿਆਂ ਨਾਲ ਰੰਗੀ ਗਈ। ਕਿਸਾਨਾਂ ਦੀਆਂ ਖੁਦਕਸ਼ੀਆਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਆਰਥਿਕ ਨੀਤੀਆ ਕਾਰਨ ਹੋਈ।”

ਪੱਤਰ ‘ਚ ਅੱਗੇ ਲਿਖਿਆ ਹੈ, “ਬਾਦਲ ਨੇ 1997 ਵਿੱਚ ਪੰਜਾਬ ਅੰਦਰ ਸਿੱਖ ਪੰਥ ਨਾਲ ਰਾਜਨੀਤਿਕ ਠੱਗੀ ਮਾਰਕੇ ਰਾਜ ਭਾਗ ਤੇ ਕਬਜ਼ਾ ਕਰ ਲਿਆ। ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਕਿ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੇ ਘਾਣ (ਅਕਾਲ ਤਖ਼ਤ ਸਾਹਿਬ ‘ਤੇ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀ ਪੜਤਾਲ ਕਰਵਾਈ ਜਾਵੇਗੀ) ਦੀ ਪੜਤਾਲ ਹੋਵੇਗੀ। ਪਰ ਸਰਕਾਰ ਬਣਨ ‘ਤੇ ਉਸ ਨੇ ਸਿੱਖ ਪੰਥ ਨੂੰ ਸਾਰੇ ਜਬਰ ਜ਼ੁਲਮ ਭੁੱਲ ਜਾਣ ਲਈ ਕਿਹਾ ਅਤੇ ਖੁੱਦ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਦੇ ਦੋਸ਼ੀਆਂ ਅਤੇ ਝੂਠੇ ਮੁਕਾਬਲਿਆਂ ਦੇ ਗੁਨਾਹਗਾਰਾਂ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ। ਦੂਜੀ ਵਾਰ ਪਾਣੀਆਂ ਦੀ ਧਾਰਾ (5) ਰੱਦ ਕਰਕੇ ਦੂਜੇ ਰਾਜਾਂ ਨੂੰ ਜਾਂਦਾ ਪਾਣੀ ਰੋਕਣ ਦਾ ਵਾਅਦਾ ਕੀਤਾ ਪਰ ਅਮਲ ਫੇਰ ਨਾ ਕੀਤਾ। ਅਕਾਲ ਤਖ਼ਤ ਸਾਹਿਬ ‘ਤੇ ਫੌਜੀ ਹਮਲੇ ਤੋਂ ਪਹਿਲਾਂ ਇੰਦਰਾਕਿਆਂ ਨਾਲ ਕੀਤੀਆਂ ਗੁਪਤ ਮੀਟਿੰਗਾਂ ਅਤੇ ਲਿਖੀਆਂ ਗੁਪਤ ਚਿੱਠੀਆਂ ਅਤੇ 25 ਹਜ਼ਾਰ ਸਿੱਖਾਂ ਦੇ ਝੂਠੇ ਮੁਕਾਬਲਿਆਂ ਦੇ ਮੁੱਖ ਗੁਨਾਹਗਾਰ ਕੇ.ਪੀ.ਐਸ ਗਿੱਲ ਨਾਲ ਬਾਦਲ ਦੀਆਂ ਗੁਪਤ ਮੀਟਿੰਗਾਂ ਨੇ ਸਿੱਖ ਪੰਥ ਨੂੰ ਹਿਲਾਕੇ ਰੱਖ ਦਿੱਤਾ। ਇਸੇ ਕਾਰਨ ਕਰਕੇ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਬਾਰੇ ਕੋਈ ਐਫ.ਆਈ.ਆਰ ਦਰਜ਼ ਨਹੀਂ ਹੋ ਸਕੀ ਅਤੇ ਨਾ ਹੀ ਕੇ.ਪੀ ਐਸ ਗਿੱਲ ਵਰਗੇ ਦੁਸ਼ਟਾਂ ਖਿਲਾਫ ਕੋਈ ਐਫ.ਆਈ.ਆਰ ਦਰਜ ਹੋਈ।”

“ਸਮੇਧ ਸੈਣੀ ਵਰਗੇ ਝੂਠੇ ਮੁਕਾਬਲਿਆਂ ਦੇ ਗੁਨਾਹਗਾਰਾਂ ਨੂੰ ਡੀ.ਜੀ.ਪੀ. ਲਗਾ ਦਿੱਤਾ ਗਿਆ ਅਤੇ ਸਿੱਖ ਪੰਥ ਦੇ ਜ਼ਖਮਾਂ ‘ਤੇ ਲੂਣ ਛਿੜਕਦਿਆਂ ਝੂਠੇ ਮੁਕਾਬਲਿਆਂ ਦੇ ਗੁਨਾਹਗਾਰ ਇਜ਼ਹਾਰ ਆਲਮ ਨੂੰ ਬਾਦਲ ਦਲ ਦਾ ਮੀਤ ਪ੍ਰਧਾਨ ਬਣਾ ਕੇ ਉਸ ਦੀ ਪਤਨੀ ਨੂੰ ਐਮ.ਐਲ.ਏ ਬਣਾ ਦਿੱਤਾ। ਹੱਦ ਉਦੋਂ ਹੋ ਗਈ ਜਦੋ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਬਚਾਉਣ ਵਾਲੇ ਬਾਦਲ ਨੂੰ ਤਖਤਾਂ ਦੇ ਜਥੇਦਾਰਾਂ ਨੇ ਅਕਾਲ ਤਖਤ ਸਾਹਿਬ ਤੋਂ ਫਖਰ-ਏ-ਕੌਮ ਐਲਾਨ ਕੇ ਅਧਰਮ ਦੀ ਸਿਖਰ ਕਰ ਦਿੱਤੀ। ਪੰਜਾਬ ਦੀ ਧਰਤੀ ‘ਤੇ ਕਿੱਲੀ ਬੋਤਲਾ ਵਰਗੇ ਕਾਂਡ ਵਾਪਰੇ ਜਿਸ ਵਿੱਚ ਬੀਬੀਆਂ ਦਾ ਮਾਸ ਕੱਦੂਕਸ਼ ਨਾਲ ਖੁਰਚਿਆ ਗਿਆ, ਉਨ੍ਹਾਂ ਦੇ ਸਰੀਰਾਂ ਤੇ ਗਰਮ-ਗਰਮ ਡੀਜਲ ਅਤੇ ਲੁੱਕ ਪਾਈ ਗਈ ਅਤੇ ਆਖਰ ਵਿੱਚ ਪਰਿਵਾਰ ਦੇ ਸੱਤ ਜੀਆਂ ਨੂੰ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਣਾ ਪਿਆ। ਬਹਿਲਾ ਗੋਲੀ ਕਾਂਡ, ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦਾ ਕਤਲੇਆਮ, ਕੁਲਵੰਤ ਸਿੰਘ ਐਡਵੋਕੇਟ ਅਤੇ ਉਸਦੀ ਪਤਨੀ ਤੇ ਬੱਚੇ ਦਾ ਕਤਲ, ਹਜ਼ਾਰਾਂ ਬੀਬੀਆਂ ਦੀਆਂ ਥਾਣਿਆਂ ਅੰਦਰ ਬੇਪੱਤੀਆਂ ਅਤੇ ਝੂਠੇ ਮੁਕਾਬਲਿਆਂ ਵਿੱਚ ਕਤਲ ਜ਼ੁਲਮੀ ਰਾਜ ਦੀ ਤਸਵੀਰ ਪੇਸ਼ ਕਰਦੇ ਹਨ। ਇਥੋਂ ਤੱਕ ਕਿ ਗੁਲਸ਼ਨ ਕੁਮਾਰ ਤਰਨ ਤਾਰਨ ਜੋ ਰੇਹੜੀ ਲਾ ਕੇ ਗੁਜ਼ਾਰਾ ਕਰਦਾ ਸੀ 3 ਹੋਰਨਾਂ ਨੌਜਵਾਨਾਂ ਨਾਲ ਜੋ ਪੱਲੇਦਾਰੀ ਕਰਦੇ ਸਨ ਝੂਠੇ ਮੁਕਾਬਲੇ ਵਿੱਚ ਮਾਰ ਦਿੱਤੇ ਗਏ।”

“ਦੱਸਣਯੋਗ ਹੈ ਕਿ ਹਰੀਕੇ ਹੈੱਡ ਵਰਕਸ ‘ਤੇ ਮੁਲਾਜ਼ਮ ਸੁਰਜੀਤ ਸਿੰਘ ਨੇ 1992 ਵਿੱਚ ਸੀ.ਬੀ.ਆਈ ਨੂੰ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਸੀ ਕਿ ਇਥੇ ਹਰ ਰੋਜ਼ 18 ਤੋਂ 20 ਲਾਸ਼ਾਂ ਰੋੜ੍ਹੀਆ ਜਾਂਦੀਆ ਸਨ। ਇੱਕ ਦਿਨ ਅਜੀਤ ਸਿੰਘ ਸੰਧੂ ਐਸ.ਐਸ.ਪੀ. ਤਰਨ ਤਾਰਨ ਨੇ ਉਸ ਦੇ ਸਾਹਮਣੇ 18 ਲਾਸ਼ਾਂ ਲੈ ਕੇ ਦਰਿਆ ਵਿੱਚ ਰੋੜ੍ਹੀਆਂ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਬਰਬਾਦ ਕਰਕੇ ਨਸ਼ਲਕੁਸ਼ੀ ਦੀ ਖੇਡ ਫਿਰ ਖੇਡੀ ਗਈ, ਕਿਸਾਨੀ ਨੂੰ ਖੁਦਕੁਸ਼ੀਆਂ ਵਿੱਚ ਬਰਬਾਦ ਕਰ ਦਿੱਤਾ ਗਿਆ। ਰਾਜ ਨਹੀਂ ਸੇਵਾ ਦੇ ਨਾਮ ‘ਤੇ ਬਾਦਲਕੇ ਕਫਨਾਂ ਨੂੰ ਜੇਬਾਂ ਲਗਵਾ ਕਿ ਸਾਰੇ ਪੰਜਾਬ ਅੰਦਰ ਖੌਰੂ ਪਾ ਰਹੇ ਹਨ। ਉਹ ਕੁਫਰ ਤੋਲਦਿਆਂ ਕਹਿ ਰਹੇ ਹਨ ਕਿ ਪੰਜਾਬ ਅੰਦਰ ਇੱਕ ਵੀ ਝੂਠਾ ਮੁਕਾਬਲਾ ਨਹੀਂ ਹੋਇਆ, ਉਹ ਕਹਿ ਰਹੇ ਹਨ ਕਿ ਪੰਜਾਬ ਅੰਦਰ ਇੱਕ ਵੀ ਨੌਜਵਾਨ ਨਸ਼ਾ ਨਹੀਂ ਕਰਦਾ, ਉਹ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਝੂਠਾ ਦੱਸ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ-ਥਾਂ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਬਚਾ ਕੇ ਬਾਦਲਕਿਆਂ ਨੇ ਘੋਰ ਅਪਰਾਧ ਕੀਤਾ ਹੈ। ਉਹ ਇੰਦਰਾ, ਰਾਜੀਵ, ਬੇਅੰਤ ਸਿੰਘ, ਦੀ ਬੋਲੀ ਬੋਲ ਕੇ ਸਿੱਖਾਂ ਨੂੰ ਆਈ.ਐਸ.ਆਈ. ਦੇ ਏਜੰਟ ਦੱਸ ਰਹੇ ਹਨ। ਰੰਗਰੇਟੇ ਗੁਰੂ ਕੇ ਬੇਟਿਆਂ ਉਪਰ ਜ਼ੁਲਮਾਂ ਦੀ ਅਖੀਰ ਹੋ ਚੁੱਕੀ ਹੈ ਰੰਗਰੇਟੇ ਗੁਰੂ ਕੇ ਬੇਟਿਆਂ ਨੂੰ ਗਾਲ੍ਹਾਂ ਕੱਢ ਕਿ ਵਿਧਾਨ ਸਭਾ ਅੰਦਰ ਅਪਮਾਨਿਤ ਕੀਤਾ ਜਾ ਰਿਹਾ ਹੈ। ਪੰਜਾਬ ਦੀ ਧਰਤੀ ‘ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਦੱਸਿਆ ਜਾ ਰਿਹਾ ਹੈ ਅਤੇ ਇੰਦਰਾ ਗਾਂਧੀ ਨੂੰ ਸੱਤਵਾਦੀਆਂ ਦੇ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਹੈ।”

“ਦੇਸ਼ ਅੰਦਰ ਭਾਜਪਾ ਨੇ ਰਾਜਨੀਤਿਕ ਠੱਗੀ ਨੂੰ ਸਿਖਰਾਂ ‘ਤੇ ਪਹੁੰਚਾੳਂੁਦਿਆਂ ਮੋਦੀ ਹੁਰਾਂ ਨੇ ਕਾਲਾ ਧੰਨ ਵਾਪਸ ਲਿਆ ਕਿ 15-15 ਲੱਖ ਰੁਪਏ ਨਾਲ ਹਰ ਵੋਟਰ ਦੀਆਂ ਜੇਬਾਂ ਭਰਨ ਦਾ ਐਲਾਨ ਕੀਤਾ ਹੈ। ਸੁਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ ਕਿਸਾਨੀ ਨੂੰ ਮਾਲਾਮਾਲ ਕਰਨ ਦਾ ਝੂਠਾ ਵਿਸ਼ਵਾਸ਼ ਦਵਾਇਆ ਹੈ। ਸਰਕਾਰ ਬਣਨ ‘ਤੇ ਮੋਦੀ ਹੁਰਾਂ ਪੱਲਾ ਝਾੜ ਲਿਆ ਕਿ ਇਹ ਸਾਰੇ ਜੁਮਲੇ ਸਨ। ਉਸ ਨੇ ਸਾਫ ਕਰ ਦਿੱਤਾ ਕਿ ਉਹ ਅਦਾਨੀ, ਅੰਬਾਨੀ, ਟਾਟਿਆਂ ਦਾ ਸਾਥੀ ਹੈ। 1.14 ਲੱਖ ਕਰੋੜ ਦੀ ਪ੍ਰਧਾਨ ਮੰਤਰੀ ਬਣਦਿਆਂ ਹੀ ਕਾਰਪੋਰੇਟ ਘਰਾਣਿਆਂ ਨੂੰ ਕਰਜ਼ਾ ਮੁਆਫੀ ਦਿੱਤੀ ਗਈ।”

“ਇਸੇ ਲੜੀ ਵਿੱਚ ਆਮ ਆਦਮੀ ਪਾਰਟੀ ਦਾ ਕਨਵੀਨਰ ਕੇਜਰੀਵਾਲ ਦਿੱਲੀ ਤੋਂ ਚੱਲ ਕਿ ਆਪਣੀ ਟੀਮ ਨਾਲ ਪੰਜਾਬ ਆ ਕਿ ਉਹ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਤੋਂ ਮੁਕਤ ਕਰਨ ਦੇ ਦਾਅਵੇ ਕਰ ਰਿਹਾ ਹੈ। ਦਿੱਲੀ ਵਿੱਚ ਖੋਲੀਆਂ ਨਸ਼ਿਆਂ ਦੀਆਂ ਬਾਰਾਂ ਅਤੇ ਪੰਜਾਬ ਅੰਦਰ ਉਸ ਦੀ ਟੀਮ ਵੱਲੋਂ ਮਚਾਈ ਲੁੱਟ ਘਸੁੱਟ ਅਤੇ ਚਰਿੱਤਰਹੀਣਤਾ ਦਾ ਉਸ ਕੋਲ ਕੋਈ ਜਵਾਬ ਨਹੀ। ਆਸੂਤੋਸ਼ ਵਰਗੇ ਉਹਦੇ ਆਗੂ ਗਾਂਧੀ, ਨਹਿਰੂ ਦੀ ਚਰਿੱਤਰਹੀਣਤਾ ਦੇ ਸਹਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਚਰਿੱਤਰਹੀਣਤਾ ਨੂੰ ਜਾਇਜ਼ ਠਹਿਰਾ ਰਹੇ ਹਨ। ਕੇਜਰੀਵਾਲ ਨੂੰ ਦੱਸਣਾ ਬਣਦਾ ਹੈ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਅਤੇ ਬਾਬਾ ਬੰਦਾ ਸਿੱਖ ਬਹਾਦਰ ਜੀ ਨੇ ਜਬਰ ਜ਼ੁਲਮ ਦੇ ਖਿਲਾਫ, ਮਨੁੱਖੀ ਬਰਾਬਰਤਾ ਲਈ ਜਾਤ-ਪਾਤ ਦੀਆਂ ਜੜਾਂ ਪੁੱਟਣ ਲਈ ਭਾਰੀ ਕੁਰਬਾਨੀਆਂ ਕਰਕੇ ਸਮੁੱਚੇ ਸੰਸਾਰ ਦੀ ਮਨੁੱਖਤਾ ਨੂੰ ਕਲਿਆਣ ਦਾ ਰਾਹ ਵਿਖਾਇਆ ਹੈ। ਕੇਜਰੀਵਾਲ ਕਿਹੜੇ ਬਾਗ ਦੀ ਮੂਲੀ ਹੈ ਜੋ ਪੰਜਾਬ ਨੂੰ ਮੁਕਤੀ ਦਵਾਉਣ ਦੇ ਦਾਅਵੇ ਕਰ ਰਿਹਾ ਹੈ। ਸੋ, ਗੁਰਾਂ ਦਾ ਪੰਜਾਬ ਮੰਗਦਾ ਜੁਲਮਾਂ ਦਾ ਹਿਸਾਬ ਨਾਅਰੇ ਨੂੰ ਮਿਸ਼ਨ 2017 ਤਹਿਤ ਘਰ-ਘਰ ਪਹੁੰਚਾਈਏ ਅਤੇ ਗੁਰਾਂ ਦੇ ਨਾਮ ‘ਤੇ ਵੱਸਦੇ ਪੰਜਾਬ ਦੀ ਫਤਹਿ ਕਰੀਏ। ਆਖਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ‘ਤੇ 1 ਨਵੰਬਰ 2016 ਨੂੰ ਜੰਗਲ ਰਾਜ ਦੇ ਖਾਤਮੇ ਲਈ ਜੋਦੜੀ ਕਰਨ ਲਈ ਪਹੁੰਚੀਏ।”

ਬੇਨਤੀ ਕਰਤਾ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ
ਮੋਬਾ:0183-2257519, 98151-41384, 98153-44523

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਲੋਂ ਸਿੱਖ ਪੰਥ ਦੇ ਨਾਮ ਖੁੱਲਾ ਪੱਤਰ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਲੋਂ ਸਿੱਖ ਪੰਥ ਦੇ ਨਾਮ ਖੁੱਲਾ ਪੱਤਰ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ਵਿਖੇ ਭੰਡਾਰੀ ਪੁੱਲ ਤੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰੀ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਨਿਰਦੋਸ਼ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਗ੍ਰਿਫਤਾਰ ਨਾਂ
ਮਨੁੱਖੀ ਹੱਕਾਂ ਦੀ ਰਾਖੀ ਲਈ ਸਰਗਰਮ ਜਥੇਬੰਦੀਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਝੂਠੇ ਮੁਕਾਬਲਿਆਂ ਦੇ ਦੋਸ਼ੀ
ਮਨੁੱਖੀ ਹੱਕਾਂ ਨੂੰ ਪ੍ਰਣਾਈ ਜਥੇਬੰਦੀ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ (ਖਾ.ਮਿ.ਆ.) ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ, ਝੂਠੇ ਮੁਕਾਬਲੇ ਬਣਾਏ, ਨਵੰਬਰ 84 ਕਤਲੇਆਮ ਕੀਤਾ, ਗੁਰੂ ਗਰੰਥ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: