ਭਿੱਖੀਵਿੰਡ: ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਬਹਿੜਵਾਲ ਵਿਖੇ ਪਿੰਡ ਦੇ ਇਕ ਸਿਆਸੀ ਧੜੇ ਵੱਲੋਂ ਦੂਜੇ ਸਿਆਸੀ ਧੜੇ ‘ਤੇ ਜਗ੍ਹਾ ‘ਤੇ ਕਬਜ਼ੇ ਨੂੰ ਛੁਡਾਉਣ ਸਬੰਧੀ ਚਲਾਈਆਂ ਗੋਲੀਆਂ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਮੀਡੀਆ ਵਿਚ ਛਪੀ ਖ਼ਬਰ ਮੁਤਾਬਕ ਇਸ ਸਬੰਧੀ ਭਿੱਖੀਵਿੰਡ ਦੇ ਇਕ ਨਿੱਜੀ ਹਸਪਤਾਲ ਵਿਚ ਜਾਣਕਾਰੀ ਦਿੰਦਿਆਂ ਪੰਜਾਬ ਸਿੰਘ ਨੰਬਰਦਾਰ ਨੇ ਦੱਸਿਆ ਕਿ ਬੁੱਧ ਸਿੰਘ ਜੋ ਬਾਦਲ ਦਲ ਨਾਲ ਸੰਬੰਧਿਤ ਹੈ, ਦੀ ਜਗ੍ਹਾ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਅਜੀਤ ਸਿੰਘ ਅਤੇ ਉਸ ਦੇ ਕਰੀਬ 40-50 ਸਾਥੀਆਂ ਨੇ ਰਾਤ ਸਮੇਂ ਹਮਲਾ ਕਰ ਦਿੱਤਾ।

ਪਹਿਲਾਂ ਇਨ੍ਹਾਂ ਬੁੱਧ ਸਿੰਘ ਦੀ ਚੱਕੀ ਦੀਆਂ ਕੰਧਾਂ ਢਾਹ ਦਿੱਤੀਆਂ ਅਤੇ ਫਿਰ ਅੰਨ੍ਹੇਵਾਹ ਕਰੀਬ 50 ਗੋਲੀਆਂ ਚਲਾਈਆਂ, ਜਿਸ ਵਿਚੋਂ ਕੁਲਵੰਤ ਸਿੰਘ ਪੁੱਤਰ ਪ੍ਰੀਤਮ, ਗੁਰਵਿੰਦਰ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਬਹਿੜਵਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਪਰਮਜੀਤ ਕੌਰ ਪਤਨੀ ਕੁਲਵੰਤ ਸਿੰਘ ਅਤੇ ਬੁੱਧ ਸਿੰਘ ਪੁੱਤਰ ਪ੍ਰੀਤਮ ਸਿੰਘ ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਏ। ਨੰਬਰਦਾਰ ਪੰਜਾਬ ਸਿੰਘ ਦਾ ਕਹਿਣਾ ਸੀ ਕਿ ਬੁੱਧ ਸਿੰਘ ਦੇ ਪਰਿਵਾਰ ਦਾ ਇਸ ਜਗ੍ਹਾ ‘ਤੇ ਕਰੀਬ ਪਿਛਲੇ 40 ਸਾਲਾਂ ਤੋਂ ਕਬਜ਼ਾ ਸੀ ਅਤੇ ਨਵੀਂ ਸਰਕਾਰ ਬਣਨ ਦੇ ਬਾਅਦ ਤੋਂ ਹੀ ਅਜੀਤ ਸਿੰਘ ਅਤੇ ਇਸ ਦੇ ਸਾਥੀ ਸਿਆਸੀ ਸ਼ਹਿ ‘ਤੇ ਗੁੰਡਾਗਰਦੀ ਕਰ ਰਹੇ ਸਨ, ਜਿਸ ਦਾ ਨਤੀਜਾ ਅੱਜ ਬੁੱਧ ਸਿੰਘ ਦੇ ਪਰਿਵਾਰ ਨੂੰ ਭੁਗਤਣਾ ਪਿਆ।