ਅੰਮ੍ਰਿਤਸਰ: ਦਲ ਖਾਲਸਾ ਨੇ ਪੰਜਾਬ ਸਰਕਾਰ ਦੇ ਢਿੱਲ-ਮੱਠ ਵਾਲੇ ਰਵੱਈਏ ਦੀ ਅਲੋਚਨਾ ਕਰਦਿਆਂ ਕਿਹਾ ਕਿ ਖਾਲਸਾ ਕਾਲਜ ਦੇ ਪ੍ਰਿੰਸੀਪਲ ਅਤੇ ਰਜਿਸਟਰਾਰ ਵਿਰੁੱਧ ਪਰਚਾ ਦਰਜ ਕਰਨ ਦੇ ਬਾਵਜੂਦ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ। ਦਲ ਖਾਲਸਾ ਨੇ ਸਰਕਾਰ ਨੂੰ ਇਸ ਮਾਮਲੇ ਵਿੱਚ ਦੋਹਰਾ ਮਾਪਦੰਡ ਨਾ ਅਪਨਾਉਣ ਦੀ ਅਪੀਲ ਕੀਤੀ।
ਦਲ ਖਾਲਸਾ ਨੇ ਖ਼ਾਲਸਾ ਕਾਲਜ ਦੇ ਪ੍ਰਬੰਧਕਾਂ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਉਹਨਾਂ ਦਾ ਰਵੱਈਆ ਬਹੁਤ ਹੀ ਹੰਕਾਰੀ, ਨਾਂ-ਵਾਚਕ ਅਤੇ ਗੈਰ-ਜ਼ਿੰਮੇਵਾਰਾਨਾ ਹੈ ਜਿਸ ਕਾਰਨ ਵਿਦਿੱਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ। ਉਹਨਾਂ ਨੇ ਕਾਰਜਕਾਰੀ ਪ੍ਰਿੰਸੀਪਲ, ਰਜਿਸਟਰਾਰ, ਐਗਰੀਕਲਚਲ ਵਿਭਾਗ ਦੀ ਮੁੱਖੀ ਦੀ ਨਿਯੁਕਤੀ ਨੂੰ ਚਾਲ ਦਸਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਦਾ ਗੁੱਸਾ ਠੰਡਾ ਕਰਨ ਲਈ ਸੋਚੀ-ਸਮਝੀ ਰਣਨੀਤੀ ਤੋਂ ਵੱਧ ਕੁਝ ਵੀ ਨਹੀਂ ਹੈ। ਉਹਨਾਂ ਕਿਹਾ ਕਿ ਦੋ ਪ੍ਰੋਫੈਸਰਾਂ ਜਿਨ੍ਹਾਂ ਵਿੱਚ ਐਗਰੀਕਲਚਲ ਵਿਭਾਗ ਦੀ ਐਕਟਿੰਗ ਮੁੱਖੀ ਵੀ ਸ਼ਾਮਿਲ ਹਨ, ਵਲੋਂ ਪਿਛਲੇ ਦਿਨੀਂ ਵਿਦਿਆਰਥੀ ਨਾਲ ਕੀਤੀ ਬਦਸਲੂਕੀ ਦੀ ਘਟਨਾ ਨੇ ਵਿਦਿਆਰਥੀਆਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ ਹੈ।

ਦਲ ਖ਼ਾਲਸਾ ਅਤੇ ਸਿੱਖ ਯੂਥ ਆੱਫ ਪੰਜਾਬ ਦੇ ਆਗੂਆਂ ਨੇ ਹਰਪ੍ਰੀਤ ਸਿੰਘ ਦੀ ਮੌਤ ਉੱਪਰ ਦੁਖ ਜ਼ਾਹਿਰ ਕੀਤਾ ਅਤੇ ਉਸਦੇ ਪਰਵਾਰਿਕ ਮੈਂਬਰਾਂ ਅਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਧਰਨੇ ‘ਤੇ ਬੈਠੇ।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ, ਮੁੱਖ ਬੁਲਾਰੇ ਕੰਵਰਪਾਲ ਸਿੰਘ, ਸਕੱਤਰ ਬਲਦੇਵ ਸਿੰਘ ਸਿਰਸਾ, ਸਿੱਖ ਯੂਥ ਆੱਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਅਤੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਕਾਲਜ ਦੇ ਪ੍ਰਬੰਧਕਾਂ ਦੇ ਮਾੜੇ ਸਲੂਕ ਕਾਰਨ ਹਰਪ੍ਰੀਤ ਸਿੰਘ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ।
ਉਹਨਾਂ ਕਿਹਾ ਕਿ ਕਾਲਜ ਦੇ ਵਿਦਿਆਰਥੀ ਪਿਛਲੇ 6 ਦਿਨਾਂ ਤੋਂ ਸ਼ਾਤਮਈ ਢੰਗ ਨਾਲ ਮੁਜਾਹਰਾ ਕਰ ਰਹੇ ਹਨ ਪਰ ਕਾਲਜ ਦੇ ਪ੍ਰਬੰਧਕਾਂ ਨੇ ਸ਼ਿਸ਼ਟਾਚਾਰ ਨਾਤੇ ਵੀ ਉਹਨਾਂ ਨਾਲ ਗਲਬਾਤ ਕਰਨੀ ਮੁਨਾਸਿਬ ਨਹੀਂ ਸਮਝੀ। ਉਹਨਾਂ ਕਿਹਾ ਕਿ ਕਾਲਜ ਦੇ ਪ੍ਰਬੰਧਕਾਂ ਵਲੋਂ ਲੜਕੀਆਂ ਦੇ ਹੋਸਟਲ ਦੇ ਦਰਵਾਜਿਆਂ ਨੂੰ ਤਾਲਾ ਲਾਉਣਾ ਅਸੱਭਿਅਕ ਕਾਰਾ ਹੈ।