ਤਰਨਤਾਰਨ (18 ਫਰਵਰੀ, 2015): ਅੱਜ ਇੱਥੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਫਤਰ ਅੱਗੇ ਜੋਰਦਾਰ ਰੋਸ ਪ੍ਰਗਟ ਕਰਦਿਆਂ ਧਰਨਾ ਦਿੱਤਾ ਗਿਆ।ਖਾਲੜਾ ਮਿਸ਼ਨ ਵੱਲੋਂ ਇਨਸਾਫ ਅਤੇ ਜਾਗਰਿਤੀ ਮੁਹਿੰਮ ਤਹਿਤ ਧਰਨੇ ਨੂੰ ਸੰਬੋਧਨ ਕਰਦਿਆਂ ਖਾਲੜਾ ਮਿਸ਼ਨ ਦੀ ਸਰਪ੍ਰਸਤ ਬੀਬੀ ਪਰਮਜੀਤ ਕੋਰ ਖਾਲੜਾ ਨੇ ਕਿਹਾ ਕਿ ਸਾਡੀ ਇਸ ਮੁਹਿੰਮ ਦਾ ਮਤਲਬ ਗੁਨਾਹਗਾਰਾਂ ਨੂੰ ਨੰਗਿਆਂ ਕਰਨਾ ਹੈ, ਭਾਂਵੇ ਉਹ ਝੂਠੇ ਮੁਕਾਬਲਿਆਂ ਦੇ ਹੋਣ ਜਾਂ ਨਸ਼ਿਆਂ ਨਾਲ ਪੰਜਾਬ ਨੂੰ ਬਰਬਾਦ ਕਰਨ ਵਾਲੇ ਹੋਣ।

ਇਸ ਮੌਕੇ ਤੇ ਖਾਲੜਾ ਮਿਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ ਨੇ ਕਿਹਾ ਕਿ ਨਸਲਕੁਸ਼ੀ ਦੇ ਪਹਿਲੇ ਪੜਾਅ ਵਿੱਚ ਸਾਕਾ ਨੀਲਾ ਤਾਰਾ ਵਾਪਰਿਆ, ਦੂਜੇ ਪੜਾਅ ਵਿੱਚ ਦਿੱਲੀ ਤੇ ਹੋਰ ਥਾਵਾਂ ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਤੀਜੇ ਪੜਾਅ ਵਿੱਚ 25000 ਤੋਂ ਉੱਪਰ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਗਿਆ। ਚੌਥੇ ਪੜਾਂਅ ਵਿੱਚ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਬਰਬਾਦ ਕਰਨ ਦੀ ਮੁਹਿੰਮ ਵਿੱਡੀ ਗਈ।
ਧਰਨੇ ਨੂੰ ਸੰਬੌਧਨ ਕਰਦਿਆਂ ਜਥੇਬੰਦੀ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ ਨੇ ਕਿਹਾ ਕਿ ਗੱਦਾਰ ਇਨਸਾਫ ਮੰਗਣ ਵਾਲੇ ਨਹੀਂ ਜਿਹੜੇ ਝੂਠੇ ਮੁਕਾਬਲਿਆਂ ਦੇ ਪਾਪ ਤੇ ਪਰਦਾ ਪਾਉਣਾ ਚਾਹੁੰਦੇ ਹਨ ਉਹ ਮਨੁੱਖਤਾ ਦੇ ਗੱਦਾਰ ਹਨ।

ਇਸ ਮੌਕੇ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਪ੍ਰਧਾਨ ਐਡਵੋਕੇਟ ਜਗਜੀਤ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆ ਕਿਹਾ ਕਿ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇ।
ਖਾਲੜਾ ਮਿਸ਼ਨ ਦੇ ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ ਨੇ ਦੱਸਿਆ ਕਿਹਾ ਕਿ ਰਾਸ਼ਟਰਪਤੀ ਨੂੰ ਭੇਜੇ ਯਾਦ ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇ ਜੱਲਿਆਂਵਾਲਾ ਬਾਗ ਗੋਲੀ ਕਾਂਡ ਦੀ ਪੜਤਾਲ ਹੋ ਸਕਦੀ ਹੈ ਤਾਂ ਸਾਕਾ ਨੀਲਾ ਤਾਰਾ ਦੀ ਕਿਉਂ ਨਹੀਂ।
ਉਹਨਾਂ ਕਿਹਾ ਕਿ ਬਾਦਲ ਸਰਕਾਰ ਨੇ ਕੋਈ ਪੜਤਾਲ ਕਰਾਉਣੀ ਤਾਂ ਇੱਕ ਪਾਸੇ ਸਗੋਂ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਬਣੇ ਪੀਪਲਜ਼ ਕਮਿਸ਼ਨ ਨੂੰ ਵੀ ਬੰਦ ਕਰਵਾ ਦਿੱਤਾ। ਕਾਂਗਰਸੀ ਅਤੇ ਬਾਦਲਕੇ ਸ਼ਰਾਬ ਦੀਆਂ ਫੈਕਟਰੀਆਂ ਲਗਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਢੌਂਗ ਰਚ ਰਹੇ ਹਨ।
ਕਿਸਾਨਾਂ ਦੀਆਂ ਜਮੀਨਾਂ ਖੋਹਣ ਲਈ ਜ਼ਾਰੀ ਕੀਤਾ ਆਰਡੀਨੈਂਸ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਆਰ.ਐਸ.ਐਸ ਉੱਪਰ ਪਾਬੰਦੀ ਲਗਾਈ ਜਾਵੇ ਕਿਉਂਕਿ ਇਹ ਅੱਤਵਾਦੀ ਸੰਗਠਨ ਹੈ ਅਤੇ ਇਸ ਦਾ ਮਾਲੇਗਾਂਵ, ਸਮਝੋਤਾ ਐਕਸਪ੍ਰੈਸ, ਅਤੇ ਅਜ਼ਮੇਰ ਸ਼ਰੀਫ ਬੰਬ ਧਮਾਕਿਆਂ ਵਿੱਚ ਹੱਥ ਸਾਬਤ ਹੋ ਚੁੱਕਾ ਹੈ।
ਆਖਰ ਵਿੱਚ ਝੂਠੇ ਮੁਕਾਬਲ਼ਿਆਂ ਵਿੱਚ ਮਾਰੇ ਗਏ ਲੋਕਾਂ ਦੀ ਲਿਸਟ ਜਾਰੀ ਕਰਨ ਅਤੇ ਰਾਜਨੀਤਿਕ ਆਗੂਆਂ ਦੀਆਂ ਜਾਇਦਾਦਾਂ ਦੀ ਪੜਤਾਲ ਕਰਾਏ ਜਾਣ ਦੀ ਮੰਗ ਕੀਤੀ।
ਇਸ ਮੌਕੇ ਤੇ ਚਮਨ ਲਾਲ, ਗੋਪਾਲ ਸਿੰਘ ਖਾਲੜਾ, ਸੇਵਾ ਸਿੰਘ ਦੇਊ, ਦਰਸ਼ਨ ਸਿੰਘ ਸੁਖੀਜਾ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ, ਦਲੇਰ ਸਿੰਘ ਪੰਨੂ, ਕਾਬਲ ਸਿੰਘ ਜੋਧਪੁਰ ਅਤੇ ਕੇ.ਐਮ ਉ ਵੱਲੋਂ ਸੰਤੋਖ ਸਿੰਘ ਕੰਡਿਆਲਾ, ਪ੍ਰੇਮ ਸਿੰਘ ਕੱਦਗਿੱਲ, ਸਤਵੰਤ ਸਿੰਘ, ਬਲਦੇਵ ਸਿੰਘ ਸਾਂਘਣਾ, ਸਖਚੈਨ ਸਿਘ ਬਹਿਲਾ, ਬਲਵਿੰਦਰ ਸਿੰਘ ਮਾਣੋਚਾਹਲ, ਅਵਤਾਰ ਸਿੰਘ ਮਲੀਆ, ਜਗਰੂਪ ਸਿੰਘ ਤੂਤ, ਜੁਗਿੰਦਰ ਸਿੰਘ ਨੱਥੂਚੱਕ ਆਦਿ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਸਨ।