ਮੋਦਾਸਾ (8 ਮਈ, 2015): ਤਕਰੀਬਨ ਸੱਤ ਸਾਲ ਪਹਿਲਾਂ ਗੁਜਰਾਤ ਦੇ ਮੋਦਾਸਾ ਵਿੱਚ ਹੋਏ ਬੰਬ ਧਮਾਕੇ ਦਾ ਕੇਸ ਕੇਂਦਰੀ ਜਾਂਚ ਏਜੰਸੀ ਨੇ ਬੰਦ ਕਰ ਦਿੱਤਾ ਹੈ। ਇਹ ਧਮਾਕਾ 29 ਸਤੰਬਰ 2008 ਨੂੰ ਮੁਸਲਿਮ ਆਬਾਦੀ ਵਾਲੇ ਖੇਤਰ ਵਿੱਚ ਇੱਕ ਦੁਕਾਨ ਦੇ ਬਾਹਰ ਖੜੇ ਕੀਤੇ ਮੋਟਰ ਸਾਇਕਲ ‘ਤੇ ਰੱਖੇ ਬੰਬ ਕਾਰਣ ਹੋਇਆ ਸੀ, ਜਿਸ ਵਿੱਚ ਇੱਕ 15 ਸਾਲਾ ਦੇ ਜ਼ੈਨਉਦੀਨ ਗੌਰੀ ਦੀ ਮੌਤ ਹੋ ਗਈ ਸੀ ਅਤੇ ਦਸ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ।

ਬੀਤੇ ਕੁਝ ਸਮੇਂ ਤੋਂ ਇਸ ਗੱਲ ਦੀ ਖਾਸੀ ਚਰਚਾ ਹੈ ਕਿ ਹਿੰਦੂ ਜਥੇਬੰਦੀਆਂ ਦੀ ਸਮੂਲੀਅਤ ਵਾਲੇ ਬੰਬ ਧਮਾਕਿਆਂ ਦੇ ਕੇਸਾਂ ਵਿੱਚ ਕੇਂਦਰੀ ਜਾਂਚ ਏਜੰਸੀ (ਐਨ. ਆਈ. ਏ) ਦੋਸ਼ੀਆਂ ਨੂੰ ਬਚਾਉਣ ਦੇ ਯਤਨ ਕਰ ਰਹੀ ਹੈ। ਪਿਛਲੇ ਮਹੀਨੇ ਹਿੰਦੂ ਅੱਤਵਾਦੀਆਂ ਦੀ ਸਮੂਲੀਅਤ ਵਾਲੇ ਮਾਲੇਗਾਂਉ ਬੰਬ ਕਾਂਡ ਦੇ ਕੇਸ ਦੀ ਪੈਰਵੀ ਕਰ ਰਹੀ ਸਪੈਸ਼ਲ ਪਬਲਿਕ ਪ੍ਰਾਸੀਕਿਉਟਰ (ਸਰਕਾਰੀ ਵਕੀਲ) ਰੋਹੀਨੀ ਸਾਲਿਅਨ ਨੇ ਦੋਸ਼ ਲਾਇਆ ਸੀ ਕਿ ਪਿਛਲੇ ਇੱਕ ਸਾਲ ਤੋਂ ਐਨ. ਆਈ. ਏ. ਵਲੋਂ ਉਸ ਉੱਪਰ ਮਾਲੇਗਾਂਉ ਬੰਬ ਧਮਾਕਿਆਂ ਦੇ ਦੋਸ਼ੀਆਂ ਪ੍ਰਤੀ ਨਰਮ ਰਵੱਈਆਂ ਅਪਨਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਬੀਤੇ ਸੋਮਵਾਰ ਨੂੰ ਅਜ਼ਮੇਰ ਦਰਗਾਹ ਬੰਬ ਧਮਾਕਾ (2007) ਕੇਸ ਦਾ ਮੁੱਖ ਗਵਾਹ ਵੀ ਅਦਾਲਤ ਵਿੱਚ ਆਪਣੀ ਗਵਾਹੀ ਤੋਂ ਮੁੱਕਰ ਗਿਆ। ਜੂਨ 2014, ਭਾਵ ਕੇਂਦਰ ਵਿਚ ਮੋਦੀ ਸਰਕਾਰ ਆਉਣ ਤੋਂ ਬਾਅਦ ਹੁਣ ਤੱਕ ਇਸ ਮਾਮਲੇ ਵਿਚ ਕੁੱਲ, ਪੰਦਰਾਂ ਗਵਾਹ ਆਪਣੀ ਗਵਾਹੀ ਤੋਂ ਮੁੱਕਰ ਚੁੱਕੇ ਹਨ।
ਮਾਲੇਗਾਂਉ ਬੰਬ ਧਮਾਕਾ (ਜਿਸ ਵਿੱਚ ਸਾਧਵੀ ਪ੍ਰੀਗਿਆ ਠਾਕੁਰ, ਕਰਨਲ ਪ੍ਰੋਹਿਤ ਸਮੇਤ ਕਈ ਹੋਰਨਾਂ ‘ਤੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ) ਅਤੇ ਮੋਦਾਸਾ ਬੰਬ ਧਮਾਕੇ ਵਿੱਚ ਕਾਫੀ ਖਾਸ ਚੀਜ਼ਾਂ ਆਪਸ ਵਿੱਚ ਮਿਲਦੀਆਂ ਹਨ।ਮੋਦਾਸਾ ਬੰਬ ਧਮਾਕਾ ਮਾਲੇਗਾਉਂ ਬੰਬ ਧਮਾਕੇ ਤੋਂ ਇੱਕ ਦਿਨ ਬਾਅਦ ਹੋਇਆ ਸੀ। ਇਹ ਦੋਵੇਂ ਬੰਬ ਧਮਾਕੇ ਇੱਕੋ ਸਮੇਂ ਰਾਤ 9.30 ਵਜੇ ਹੋਏ ਸਨ ਅਤੇ ਇਨ੍ਹਾਂ ਦੋਹਾਂ ਧਮਾਕਿਆਂ ਵਿੱਚ ਬੰਬ ਮੋਟਰ ਸਾਇਕਲਾਂ ਵਿੱਚ ਲੁਕਾ ਕੇ ਰੱਖੇ ਗਏ ਸਨ।
ਕੇਸ ਬੰਦ ਕਰਨ ਲਈ ਦਾਇਰ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੋ ਸਾਲ ਦੀ ਜਾਂਚ ਤੋਂ ਬਾਅਦ ਸਾਬਰਕਾਥਾ ਜਿਲਾ ਪੁਲਿਸ ਨੇ ਨੇ 26 ਅਪ੍ਰੈਲ 2010 ਨੂੰ ਅੰਤਿਮ ਰਿਪੋਟ ਦਾਇਰ ਕਰਕੇ ਕੇਸ ਬੰਦ ਕਰ ਦਿੱਤਾ ਸੀ।
ਇਸਤੋਂ ਦੋ ਮਹੀਨੇ ਬਾਅਦ ਕੇਦਰੀ ਜਾਂਚ ਏਜੰਸੀ ਨੇ ਇਸ ਕੇਸ ਦੀ ਜਾਂਚ ਆਪਣੇ ਹੱਥਾਂ ਵਿੱਚ ਲਈ ਸੀ। ਕੇਸ ਬੰਦ ਕਰਨ ਲਈ ਦਾਇਰ ਰਿਪੋਰਟ ਵਿੱਚ ਕੇਂਦਰੀ ਜਾਂਚ ਏਜੰਸੀ ਨੇ ਕਿਹਾ ਸੀ ਕਿ ਉਸਨੂੰ ਇਸ ਕੇਸ ਵਿੱਚ ਕਿਸੇ ਵੀ ਖਿਲਾਫ ਕੋਈ ਸਬੂਤ ਨਹੀਂ ਮਿਲੇ।
ਜਾਂਚ ਏਜ਼ੰਸੀ ਅਨੁਸਾਰ ਸ਼ੁਰੂ ਵਿੱਚ ਇਸ ਕੇਸ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਏਜ਼ੰਸੀ ਨੇ ਸਮਝੌਤਾ ਐਕਸਪ੍ਰੈਸ ਧਮਾਕਾ ਕੇਸ ਵਿੱਚ ਲੋੜੀਂਦੇ (ਇਹ 2008 ਤੋਂ ਭਗੌੜੇ ਹਨ) ਸੰਦੀਪ ਡਾਂਗੇ ਅਤੇ ਰਾਮਜੀ ਕਾਲਸੰਗਰਾ ‘ਤੇ ਸ਼ੱਕ ਜ਼ਾਹਿਰ ਕੀਤਾ ਸੀ, ਪਰ ਉਨ੍ਹਾਂ ਦੀ ਸ਼ਮੂਲੀਅਤ ਦੇ ਕੋਈ ਸੁਰਾਗ ਨਹੀ ਮਿਲੇ ਸਨ।
ਮਿਰਚਾਂ ਦੇ ਵਪਾਰੀ ਢੌਲਕਾ ਵਾਲਾ ਨੇ ਕਿਹਾ ਕਿ ਉਸਨੂੰ ਇਸ ਕੇਸ ਦੇ ਇਸ ਤਰਾਂ ਬੰਦ ਕਰਨ ਤੇ ਕੋਈ ਹੈਰਾਨੀ ਨਹੀਂ ਹੋਈ। ਉਸਨੇ ਕਿਹਾ ਕਿ ਉਸਨੂੰ 16 ਅਪ੍ਰੈਲ 2015 ਨੂੰ ਅਦਾਲਤ ਵੱਲੋਂ ਹਾਜ਼ਰ ਹੋਣ ਲਈ ਪੱਤਰ ਮਿਲਿਆ ਅਤੇ 22 ਅਪ੍ਰੈਲ ਨੂੰ ਮੈਂ ਅਦਾਲਤ ਵਿੱਚ ਹਾਜ਼ਰ ਹੋਇਆ ਤਾਂ ਮੈਨੂੰ ਦੱਸਿਆ ਗਿਆ ਕਿ ਗਵਾਹੀਆਂ ਦੀ ਅਣਹੋਂਦ ਕਾਰਣ ਕੇਸ ਬੰਦ ਕੀਤਾ ਜਾ ਰਿਹਾ ਹੈ।
ਮੈਨੂੰ ਇਸ ਨਤੀਜ਼ੇ ਬਾਰੇ ਪਹਿਲਾਂ ਹੀ ਪਤਾ ਸੀ। ਕਿਸੇ ਦੀ ਵੀ ਇਸ ਕੇਸ ਦੀ ਜਾਂਚ ਨੂੰ ਅੱਗੇ ਤੋਰਨ ਲਈ ਕੋਈ ਰੁਚੀ ਨਹੀਂ ਸੀ।