ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਪੰਜ ਤਖਤਾਂ ਦੀ ਯਾਤਰਾ ’ਤੇ ਨਿਕਲੇ ‘ਕਾਰਜਕਾਰੀ ਜਥੇਦਾਰ’ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਤਖਤ ਸਾਹਿਬਾਨ ਦੀ ਯਾਤਰਾ ਤੋਂ ਰੋਕਣ ਲਈ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਲੋਂ ਲਾਈਆਂ ਅਣ ਐਲਾਨੀਆਂ ਪਾਬੰਦੀਆਂ ਦੇ ਮੱਦੇਨਜਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਪਣਾ ਅੱਜ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦੀਦਾਰ ਦਾ ਪ੍ਰੋਗਰਾਮ ਰੱਦ ਕਰ ਦਿੱਤਾ।
ਲੇਕਿਨ ਇਸਦੇ ਬਾਵਜੂਦ ਵੀ ਪੰਜਾਬ ਪੁਲਿਸ ਦੇ ਅਧਿਕਾਰੀ, ਖੁਫੀਆ ਵਿਭਾਗ ਤੇ ਕਮੇਟੀ ਅਧਿਕਾਰੀ ਬਾਅਦ ਦੁਪਿਹਰ ਤੀਕ ਵੀ ਬਿੜਕ ਲੈਂਦੇ।

ਜਿਲ੍ਹਾ ਪੁਲਿਸ ਦਿਹਾਤੀ ਵਲੋਂ ਅੱਜ ਸਵੇਰ ਤੋਂ ਹੀ ਅੰਮ੍ਰਿਤਸਰ ਤਰਨਤਾਰਨ ਮਾਰਗ ਸਥਿਤ ਪਿੰਡ ਚੱਬਾ ਵਿਖੇ ਸਪੈਸ਼ਲ ਨਾਕਾ ਲਗਾਇਆ ਹੋਇਆ ਸੀ।ਪੁਲਿਸ ਦੇ ਇਸ ਨਾਕੇ ਤੇ ਦੰਗਾ ਵਿਰੋਧੀ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਪਾਣੀ ਦੀ ਬੁਛਾੜ ਕਰਨ ਵਾਲੀਆਂ ਗੱਡੀਆਂ,ਹੰਝੂ ਗੈਸ ਗੋਲਿਆਂ ਨਾਲ ਲੈਸ ਪੁਲਿਸ ਜਵਾਨ ਮੌਜੂਦ ਰਹੇ। ਉਧਰ ਇਸੇ ਸੜਕ ਤੇ ਗੁਰਦੁਆਰਾ ਸਮਾਧ ਬਾਬਾ ਨੌਧ ਸਿੰਘ, ਇਸਦੇ ਨੇੜਲੇ ਪੈਟਰੋਲ ਪੰਪ,ਪਿੰਡ ਗੁਰੂਵਾਲੀ ਅਤੇ ਚਾਟੀਵਿੰਡ ਨਹਿਰ ਤੇ ਪੀ.ਸੀ.ਆਰ.ਵੈਨਾਂ ਨਾਲ ਲੈਸ ਪੁਲਿਸ ਪਾਰਟੀਆਂ ਮੌਜੂਦ ਸਨ। ਇਸੇ ਤਰ੍ਹਾਂ ਐਡੀਸ਼ਨਲ ਡੀ.ਸੀ.ਪੀ,ਕਰਾਈਮ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਵਰਦੀ ਧਾਰੀ ਤੇ ਸਾਦਾ ਵਰਦੀ ਪੁਲਿਸ ਮੁਲਾਜਮ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਸਮੂੰਹ ਗੇਟਾਂ ਅਤੇ ਕੰਪਲੈਕਸ ਦੇ ਅੰਦਰ ਮੌਜੂਦ ਰਹੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਸ੍ਰ: ਹਰਚਰਨ ਸਿੰਘ ਦੀ ਅਗਵਾਈ ਹੇਠ ਤੜਕ ਸਵੇਰ 6.00 ਵਜੇ ਤੋਂ ਕਮੇਟੀ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ,ਬਲਵਿੰਦਰ ਸਿੰਘ ਜੌੜਾਸਿੰਘਾ,ਮਹਿੰਦਰ ਸਿੰਘ ਆਹਲੀ, ਬਿਜੈ ਸਿੰਘ, ਰਣਜੀਤ ਸਿੰਘ, ਮੈਨੇਜਰ ਸ੍ਰੀ ਦਰਬਾਰ ਸਾਹਿਬ ਸਮੱੁਚੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਟਾਫ ਸਹਿਤ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਹਰ ਕੋਨੇ ਵਿੱਚ ਮੌਜੂਦ ਰਹੇ।
ਇਸੇ ਦੌਰਾਨ ਅੰਮ੍ਰਿਤਸਰ ਪੁਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ: ਅਵਤਾਰ ਸਿਘ ਮੱਕੜ ਨੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਦਫਤਰ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੇ ਕਿਸੇ ਤੇ ਕੋਈ ਪਾਬੰਦੀ ਨਹੀ ਹੈ ਲੇਕਿਨ ਪ੍ਰਬੰਧ ਵੇਖਣੇ ਵੀ ਜਰੂਰੀ ਹਨ।
ਜਿਕਰਯੋਗ ਹੈ ਕਿ ਨਵੰਬਰ 2015 ਵਿੱਚ ਪਿੰਡ ਚੱਬਾ ਵਿਖੇ ਅਯੋਜਿਤ “ਸਰਬੱਤ ਖਾਲਸਾ 2015” ਮੌਕੇ ਪ੍ਰਬੰਧਕਾਂ ਵੱਲੋਂ ਐਲਾਨੇ ਗਏ ਜਥੇਦਾਰਾਂ ਵੱਲੋਂ ਤਖਤ ਸਾਹਿਬਾਨ ਦੀ ਯਾਤਰਾ ਦੇ ਫੈਸਲੇ ਤਹਿਤ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਅਜਨਾਲਾ ਬੀਤੇ ਕਲ੍ਹ ਹੀ ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੀ ਯਾਤਰਾ ਕਰਨ ਉਪਰੰਤ ਪੰਜਾਬ ਵੱਲ ਆ ਰਹੇ ਸਨ ਕਿ 8-9 ਮਈ ਦੀ ਰਾਤ ਪੰਜਾਬ ਹਰਿਆਣਾ ਬਾਰਡਰ (ਸ਼ੰਭੂ ਬੈਰੀਅਰ) ’ਤੇ ਭਾਈ ਧਿਆਨ ਸਿੰਘ ਮੰਡ ਨੂੰ ਸਾਥੀਆਂ ਸਮੇਤ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕਰਕੇ 107/151 ਦੇ ਝੂਠੇ ਕੇਸ ਤਹਿਤ ਨਾਭਾ ਜੇਲ੍ਹ ਭੇਜ ਦਿੱਤਾ ਗਿਆ।
ਪੰਜਾਬ ਦੀ ਕਾਰਵਾਈ ਨੂੰ ਭਾਪਦਿਆਂ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰ ਭਾਈ ਮੰਡ ਦੀ ਸਲਾਹ ਨਾਲ ਅਕਾਲ ਤਖਤ ਸਾਹਿਬ ਵਿਖੇ ਪੁਜਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ।