ਮੋਗਾ(11 ਦਸੰਬਰ, 2015): ਬਾਦਲ ਪਰਿਵਾਰ ਦੀ ਮਾਲਕੀ ਵਾਲੀ ਚਰਚਿਤ ਔਰਬਿਟ ਬੱਸ ਕਾਂਡ ਦੀ ਸੁਣਵਾਈ ਦੌਰਾਨ ਮ੍ਰਿਤਕ ਲੜਕੀ ਦੇ ਮਾਤਾ-ਪਿਤਾ ਆਪਣੇ ਪਹਿਲਾਂ ਪੁਲਿਸ ਨੂੰ ਦਿੱਤੇ ਬਿਆਨਾਂ ਤੋਂ ਮੁੱਕਰ ਗਏ ਹਨ।ਅਦਾਲਤ ਨੇ ਅਗਲੀ ਸੁਣਵਾਈ ਲਈ 15 ਜਨਵਰੀ ਮੁਕੱਰਰ ਕਰਦਿਆਂ ਮ੍ਰਿਤਕ ਦੀ ਮਾਂ-ਭਰਾ ਤੇ ਹੋਰ ਗਵਾਹ ਤਲਬ ਕਰ ਲਏ ਹਨ।

ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਜੰਟ ਸਿੰਘ ਦੀ ਅਦਾਲਤ ਵਿੱਚ ਮ੍ਰਿਤਕ ਲੜਕੀ ਅਰਸ਼ਦੀਪ ਕੌਰ ਦੇ ਪਿਤਾ ਸੁਖਦੇਵ ਸਿੰਘ ਨੇ ਬਤੌਰ ਗਵਾਹ ਬਿਆਨ ਦਰਜ ਕਰਵਾਏ ਤੇ ੳੁਹ ਇਸ ਮੌਕੇ ਪੁਲੀਸ ਕੋਲ ਦਿੱਤੇ ਪਹਿਲੇ ਬਿਆਨਾਂ ਤੋਂ ਤੋ ਪਲਟ ਗਿਆ।
ਲੜਕੀ ਦੇ ਪਿਤਾ ਸੁਖਦੇਵ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਸੀ ਕਿ ਇਸ ਘਟਨਾ ਦੀ ਪੂਰੀ ਜਾਣਕਾਰੀ ਉਸਦੀ ਪਤਨੀ ਨੇ ਦਿੱਤੀ ਸੀ, ਜਿਸ ਵਿੱਚ ਕਿਹਾ ਸੀ ਉਸ ਦੀ ਅਰਸ਼ਦੀਪ ਕੌਰ ਨੂੰ ਛੇੜਛਾੜ ਤੋਂ ਬਾਅਦ ਚਲਦੀ ਬੱਸ ’ਚੋਂ ਸੁੱਟ ਦਿੱਤਾ ਸੀ ਅਤੇ ਉਸਦੀ ਮਾਂ ਛਿੰਦਰ ਕੌਰ ਗੰਭੀਰ ਜ਼ਖ਼ਮੀ ਹੋ ਗਈ ਸੀ। ਹਸਪਤਾਲ ਪਹੁੰਚਣ ਤੱਕ ਲੜਕੀ ਦੀ ਮੌਤ ਹੋ ਚੁੱਕੀ ਸੀ।
ਸੁਖਦੇਵ ਸਿੰਘ ਨੇ ਕਿਹਾ ਕਿ ਉਸ ਨੂੰ ਘਟਨਾ ਬਾਰੇ ਕੋੲੀ ਪੁਖ਼ਤਾ ਜਾਣਕਾਰੀ ਨਹੀਂ ਸੀ। ਇਸ ਕੇਸ ਵਿੱਚ ਚਸ਼ਮਦੀਦ ਗਵਾਹ ਬੱਸ ਯਾਤਰੀ ਜੋੜਾ ਜਗਤਾਰ ਸਿੰਘ ਤੇ ਅਮਰਜੀਤ ਕੌਰ ਦੋਵੇਂ ਪਿੰਡ ਰੋਡੇ ਦੀ ਵੀ ਅੱਜ ਅਦਾਲਤ ਵਿੱਚ ਗਵਾਹੀ ਦਰਜ ਕੀਤੀ ਗਈ। ਇਹ ਜੋੜਾ ਵੀ ਅਦਾਲਤ ’ਚ ਪੁਲੀਸ ਕੋਲ ਦਿੱਤੇ ਬਿਆਨਾਂ ਤੋਂ ਪਲਟ ਗਿਆ ਅਤੇ ਅਦਾਲਤ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕਾਨੂੰਨੀ ਮਾਹਰਾਂ ਅਨੁਸਾਰ ਇਹ ਤਿੰਨੇ ਗਵਾਹ ਮੁਕੱਰਨ ਨਾਲ ਜਿਥੇ ਪੁਲੀਸ ਜਾਂਚ ਕਮਜ਼ੋਰ ਹੋ ਗਈ ਉਥੇ ਮੁਲਜ਼ਮਾਂ ਨੂੰ ਅਦਾਲਤ ’ਚੋਂ ਵੱਡੀ ਰਾਹਤ ਮਿਲ ਸਕਦੀ ਹੈ।
ਇੱਥੇ ਇਹ ਯਾਦਕਰਨ ਯੋਗ ਹੈ ਕਿ ਬਾਦਲਾਂ ਦੀ ਮਾਲਕੀ ਵਾਲੀ ਬੱਸ ਕੰਪਨੀ ਅੌਰਬਿਟ ਦੇ ਮੁਲਾਜ਼ਮਾਂ ਨੇ ਇਸ ਵਰ੍ਹੇ ਦੀ 29 ਅਪਰੈਲ ਨੂੰ ਅਰਸ਼ਦੀਪ ਕੌਰ ਨਾਲ ਛੇੜਛਾੜ ਤੋਂ ਬਾਅਦ ਚਲਦੀ ਬੱਸ ਵਿੱਚੋਂ ਸੁੱਟ ਕੇ ਮਾਰ ਦਿੱਤਾ ਸੀ। ਪੁਲੀਸ ਨੇ 24 ਜੁਲਾਈ ਨੂੰ ਇਲਾਕਾ ਜੁਡੀਸ਼ਲ ਮੈਜਿਸਟਰੇਟ (ਜੇਐਮਆਈਸੀ) ਬਾਘਾਪੁਰਾਣਾ ਅਮਿਤ ਕੁਮਾਰ ਗਰਗ ਦੀ ਅਦਾਲਤ ਵਿੱਚ ਅਾੲੀਪੀਸੀ ਦੀ ਧਾਰਾ 302, 307, 354, 120-ਬੀ, 34 ਅਤੇ ਜੁਰਮ ਐਸ.ਸੀ/ਐਸ.ਟੀ ਐਕਟ ਤਹਿਤ ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ।
ਅਦਾਲਤ ਨੇ ਬੀਤੀ 8 ਸਤੰਬਰ ਨੂੰ ਮੁਲਜ਼ਮਾਂ ਰਣਜੀਤ ਸਿੰਘ ਵਾਸੀ ਬਠਿੰਡਾ, ਸੁਖਵਿੰਦਰ ਸਿੰਘ ਉਰਫ਼ ਪੰਮਾ ਵਾਸੀ ਬਹਾਵਲ ਵਾਲੀ ਥਾਣਾ ਅਬੋਹਰ ਜ਼ਿਲ੍ਹਾ ਫਾਜ਼ਿਲਕਾ, ਗੁਰਦੀਪ ਸਿੰਘ ਉਰਫ਼ ਜਿੰਮੀ ਵਾਸੀ ਦਸ਼ਮੇਸ਼ ਨਗਰ ਮੋਗਾ ਅਤੇ ਅਮਰ ਰਾਜ ਦਾਣਾ ਵਾਸੀ ਚੱਕ ਬਖਤੂ ਜ਼ਿਲ੍ਹਾ ਬਠਿੰਡਾ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ।