ਨਵੀਂ ਦਿੱਲੀ (15 ਅਕਤੂਬਰ , 2014): ਦਿੱਲੀ ਸਿੱਖ ਕਤਲੇਆਮ ਦੇ ਪੀੜਤਾ ਦੇ ਕੇਸਾਂ ਦੀ ਅਦਾਲਤ ਵਿੱਚ ਲੰਮੇ ਸਮੇਂ ਤੋਂ ਪੈਰਵੀ ਕਰ ਰਹੇ ਸੀਨੀਅਰ ਐਡਵੋਕੇਟ ਐਚ.ਐਸ. ਫੂਲਕਾ ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਮਾਨਹਾਨੀ ਮੁਕੱਦਮੇ ਦੀ ਸੁਣਵਾਈ 22 ਨਵੰਬਰ ਤੱਕ ਮੁਲਤਵੀ ਹੋ ਗਈ ਹੈ।
ਐਡਵੋਕੇਟ ਫੂਲਕਾ ਵੱਲੋਂ ਸ੍ਰੀ ਟਾਈਟਲਰ ਖ਼ਿਲਾਫ਼ ਇਹ ਮੁਕੱਦਮਾ ਐਨ.ਡੀ.ਟੀ.ਵੀ. ਦੇ ਉਸ ਪ੍ਰੋਗਰਾਮ ਦੇ ਸਬੰਧ ਵਿੱਚ ਦਾਇਰ ਕੀਤਾ ਗਿਆ ਹੈ, ਜਿਸ ਦੇ ਪ੍ਰਸਾਰਨ ਦੌਰਾਨ ਸ੍ਰੀ ਟਾਈਟਲਰ ਨੇ ਕਥਿਤ ਤੌਰ ’ਤੇ ਹੀ ਫੂਲਕਾ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਧਮਕਾਇਆ।
![ਜਗਦੀਸ਼ ਟਾਇਟਲਰ ਅਤੇ ਐਡਵੋਕੇਟ ਸ੍ਰ. ਹਰਵਿੰਦਰ ਸਿੰਘ ਫੂਲਕਾ [ ਫਾਈਲ ਫੋਟੋ]](https://www.sikhsiyasat.info/wp-content/uploads/Phoolka-tytler1.jpg)
ਅੱਜ ਇੱਥੇ ਪਟਿਆਲਾ ਹਾਊਸ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਕਰ ਰਹੇ ਅਡੀਸ਼ਨਲ ਚੀਫ ਮੈਟਰੋਪਾਲਿਟਨ ਮੈਜਿਸਟਰੇਟ ਗੌਰਵ ਰਾਓ ਦੇ ਇੰਸਪੈਸ਼ਕਨ ’ਤੇ ਗਏ ਹੋਣ ਕਾਰਨ ਮਾਮਲੇ ਦੀ ਅੱਜ ਸੁਣਵਾਈ ਨਹੀਂ ਹੋ ਸਕੀ। ਅੱਜ ਮਾਮਲੇ ਦੀ ਸੁਣਵਾਈ ਦੌਰਾਨ ਟਾਈਟਲਰ ਵੀ ਨਿੱਜੀ ਤੌਰ ’ਤੇ ਅਦਾਲਤ ਵਿੱਚ ਹਾਜ਼ਰ ਸੀ।
ਇਕ ਹੋਰ ਮਾਮਲੇ ਵਿੱਚ, ਅੱਜ ਦਿੱਲੀ ਹਾਈ ਕੋਰਟ ਨੇ ਜਗਦੀਸ਼ ਟਾਈਟਲਰ ਦੇ ਵਕੀਲ ਦੀ ਬੇਨਤੀ ’ਤੇ ਮੁਕੱਦਮੇ ਦੀ ਸੁਣਵਾਈ 19 ਨਵੰਬਰ ਤੱਕ ਮੁਲਤਵੀ ਕਰ ਦਿੱਤੀ। ਇਹ ਮੁਕੱਦਮਾ ਸ੍ਰੀ ਟਾਈਟਲਰ ਵੱਲੋਂ ਕੜਕੜਡੂਮਾ ਅਦਾਲਤ ਦੀ ਵਧੀਕ ਸੈਸ਼ਨਜ਼ ਜੱਜ ਅਨੁਰਾਧਾ ਸ਼ੁਕਲਾ ਭਾਰਦਵਾਜ ਦੇ ਉਸ ਆਦੇਸ਼ ਖ਼ਿਲਾਫ਼ ਅਪੀਲ ਹੈ, ਜਿਸ ਵਿੱਚ ਸੀ.ਬੀ.ਆਈ. ਵੱਲੋਂ ਟਾਈਟਲਰ ਨੂੰ ਕਲੀਨ-ਚਿੱਟ ਦੇਣ ਦੀ ਰਿਪੋਰਟ ਨੂੰ ਇਸ ਜੱਜ ਵੱਲੋਂ ਖਾਰਜ ਕਰਕੇ ਸੀ.ਬੀ.ਆਈ. ਨੂੰ ਮਾਮਲੇ ਦੀ ਜਾਂਚ ਦਾ ਆਦੇਸ਼ ਦਿੱਤਾ ਗਿਆ ਸੀ।
ਟਾਈਟਲਰ ਵੱਲੋਂ ਇਸ ਆਦੇਸ਼ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਵੀ ਅਪੀਲ ਕੀਤੀ ਗਈ ਸੀ ਪਰ ਅਦਾਲਤ ਨੇ ਜਾਂਚ ਨੂੰ ਰੁਕਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਸ. ਫੂਲਕਾ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਟਾਈਟਲਰ ਨੇ 7 ਸਤੰਬਰ 2004 ਨੂੰ ਖ਼ਬਰਾਂ ਦੇ ਇਕ ਪ੍ਰੋਗਰਾਮ ਵਿਚ ਉਨ੍ਹਾਂ ਦੇ ਖਿਲਾਫ ਕਥਿਤ ਰੂਪ ਵਿਚ ਅਪਮਾਨਜਨਕ ਟਿੱਪਣੀ ਕੀਤੀ ਸੀ।
ਜਗਦੀਸ਼ ਟਾਇਟਲਰ ਖਿਲਾਫ ਇਹ ਕੇਸ ਲੁਧਿਆਣਾ ਵਿੱਚ ਦਰਜ ਕਰਵਾਇਆ ਗਿਆ ਸੀ, ਪਰ ਬਾਅਦ ਵਿੱਚ ਭਾਰਤੀ ਸੁਪਰੀਮ ਨੇ ਜਗਦੀਸ਼ ਟਾਇਟਲਰ ਦੀ ਅਪੀਲ ‘ਤੇ ਕਾਰਵਾਈ ਕਰਦਿਆਂ ਇਸਨੂੰ ਦਿੱਲੀ ਵਿੱਚ ਬਦਲੀ ਕਰ ਦਿੱਤਾ ਗਿਆ ਸੀ।