
ਚੰਡੀਗੜ੍ਹ (19 ਸਤੰਬਰ, 2015): ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਸੀਨੀਅਰ ਆਗੂਆਂ ਵਿਚਾਕਾਰ ਚੱਲ ਰਹੀ ਖਿੱਚ-ਧੁਹ ਦਰਮਿਆਨ ਪਾਰਟੀ ਦੀ ਪਹਿਲੀ ਕਤਾਰ ਦੇ ਆਗੂ ਅਤੇ ਦਿੱਲੀ ਸਿੱਖ ਕਤਲੇਆਮ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ਤੇ ਉੱਘੇ ਵਕੀਲ ਐਚ.ਐਸ. ਫੂਲਕਾ ਨੇ ਸਰਗਰਮ ਸਿਆਸਤ ਤੇ ਪਾਰਟੀ ਦੇ ਹਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਉਹ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ‘ਚ ਬਣੇ ਰਹਿਣਗੇ।
ਆਪਣੇ ਫੇਸਬੁੱਕ ਖਾਤੇ ‘ਤੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਕੇਸ ਇਸ ਸਮੇਂ ਅੰਤਮਿ ਪੜਾਅ ‘ਤੇ ਹਨ ਅਤੇ ਸਿਆਸੀ ਗਤੀਵਿਧੀਆਂ ਕਾਰਨ ਉਹ ਸਿੱਖ ਕਤਲੇਆਮ ਦੇ ਕੇਸਾਂ ਲਈ ਸਮਾਂ ਨਹੀਂ ਸੀ ਨਿਕਲ ਰਿਹਾ…ਉਹਨਾਂ ਨੇ ਪਾਰਟੀ ਨਹੀਂ ਛੱਡੀ, ਉਹ ਪਾਰਟੀ ਦੇ ਹਿੱਤ ਲਈ ਕੰਮ ਕਰਦੇ ਰਹਿਣਗੇ ! ਉਹਨਾਂ ਨੇ 1984 ਦੇ ਕੇਸਾਂ ਨੂੰ ਸਮਾਂ ਦੇਣ ਲਈ ਅਹੁਦੇ ਛੱਡੇ ਹਨ।
ਜ਼ਿਕਰਯੋਗ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਉਹ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲੁਧਿਆਣਾ ਤੋਂ ਚੋਣ ਲੜੇ ਸਨ, ਪਰ ਹਾਰ ਗਏ ਸਨ। ਉਹ ਕਾਂਗਰਸ ਦੇ ਜੇਤੂ ਉਮੀਦਵਾਰ ਰਵਨੀਤ ਬਿੱਟੂ ਤੋਂ ਬਾਅਦ ਦੂਸਰੇ ਨੰਬਰ ‘ਤੇ ਰਹੇ ਸਨ।