
ਅੰਬਾਲਾ( 20 ਨਵੰਬਰ, 2014): ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਸਜਾ ਭੁਗਤ ਚੁੱਕੇ ਸਮੁੱਚੇ ਸਿਆਸੀ ਸਿੱਖ ਕੈਦੀਆ ਦੀ ਫੌਰਨ ਰਿਹਾਈ ਲਈ ਪਿਛਲੇ 7 ਦਿਨਾਂ ਤੋਂ ਦਸਵੀ ਪਾਤਿਸ਼ਾਹੀ ਦੀ ਚਰਨ ਛੂਹ ਪ੍ਰਾਪਤ ਧਰਤੀ ਲਖਨੌਰ ਸਾਹਿਬ ਵਿਖੇ ਸ਼ਾਤਮਾਈ ਤਰੀਕੇ ਨਾਲ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ ਸਿੰਘ ਖਾਲਸਾ ਵੱਲੋਂ ਅਰੰਭੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ।
ਅੱਜ ਗੁਰਦੁਆਰਾ ਲਖਨੌਰ ਸਾਹਿਬ ਵਿਖੇ ਆਪਣੇ ਸਾਥੀਆਂ ਨਾਲ ਪਹੁੰਚੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਭਾਈ ਗੁਰਬਖਸ ਸਿੰਘ ਖਾਲਸਾ ਨੇ ਪਹਿਲਾ ਵੀ 44 ਦਿਨ ਭੁੱਖੇ ਰਹਿਕੇ ਸੁੱਤੀ ਪਈ ਹਕੂਮਤ ਨੂੰ ਜਗਾੳਣ ਲਈ ਅਤੇ ਖਾਲਸਾ ਪੰਥ ਅੰਦਰ ਆਪਣੇ ਨਜਰਬੰਦ ਸਿੱਖ ਨੌਜਵਾਨਾ ਦੀ ਰਿਹਾਈ ਲਈ ਚੇਤਨਤਾ ਪੈਦਾ ਕਰਨ ਲਈ ਸ਼ਾਤਮਈ ਸੰਘਰਸ਼ ਕੀਤਾ ਸੀ ਜਿਸ ਦੇ ਸਿੱਟੇ ਵਜੋਂ ਪਿਛਲੇ 18 ਸਾਲਾ ਤੋਂ ਨਜਰਬੰਦ ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸਮਸ਼ੇਰ ਸਿੰਘ ਅਤੇ ਭਾਈ ਲਾਲ ਸਿੰਘ ਅਟਲਗੜ੍ਹ ਪੈਰੋਲ ਤੇ ਰਿਹਾਅ ਕੀਤੇ ਗਏ ਸਨ ਲੇਕਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਭਰੋਸਾ ਦਿੱਤੇ ਜਾਣ ਤੇ ਕਿ ਸਿੰਘ ਪੱਕੇ ਤੌਰ ਤੇ ਰਿਹਾਅ ਕਰਵਾ ਲਏ ਜਾਣਗੇ, ਭਾਈ ਖਾਲਸਾ ਨੇ ਸ੍ਰੀ ਅਕਾਲਤਖ਼ਤ ਸਾਹਿਬ ਜਾਕੇ ਸੰਘਰਸ਼ ਸਮਾਪਤ ਕੀਤਾ ਸੀ ਹੁਣ ਜਦੋਂ 1 ਸਾਲ ਬੀਤ ਜਾਣ ਤੋਂ ਬਾਅਦ ਵਾਅਦਾ ਪੂਰਾ ਨਾ ਹੋਣ ਤੇ ਭਾਈ ਖਾਲਸਾ ਨੇ ਮੁੜ ਸੰਘਰਸ਼ ਅਰੰਭਿਆ ਹੈ ਤਾਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਇਸ ਸੰਘਰਸ਼ ਵਿੱਚ ਤਨ,ਮਨ,ਧਨ ਨਾਲ ਪੂਰਨ ਸਹਿਯੋਗ ਦੇਵੇਗੀ।
ਉਹਨਾਂ ਸਮੂਹ ਜਥੇਬੰਦੀਆਂ ਨੂੰ ਭਾਈ ਖਾਲਸਾ ਵਲੋਂ ਅਰੰਭੇ ਸੰਘਰਸ਼ ਦੀ ਹਮਾਇਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਫ਼ੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ, ਮੀਤ ਪ੍ਰਧਾਨ ਗੁਰਮੁੱਖ ਸਿੰਘ ਸੰਧੂ, ਹਰਿਆਣਾ ਰਾਜ ਦੇ ਫ਼ੈਡਰੇਸ਼ਨ ਪ੍ਰਧਾਨ ਅਮਰਿੰਦਰ ਸਿੰਘ, ਕੌਮੀ ਮੀਤ ਪ੍ਰਧਾਨ ਹਰਜੀ ਸਿੰਘ ਨੀਲੋਖੇੜੀ ਅਤੇ ਸ੍ਰ ਹਰਜੀਤ ਸਿੰਘ ਚਤਾਮਲਾ ਹਾਜਰ ਸਨ।
ਇਸੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿੱਚ ਪੰਜ ਮੈਬਰੀ ਵਫ਼ਦ ਨੇ ਗੁਰਦੁਆਰਾ ਲਖਨੌਰ ਸਾਹਿਬ ਤੋਂ ਕਾਫਲੇ ਦੀ ਸਕਲ ਵਿੱਚ ਅੰਬਾਲਾ ਪੁਹੰਚ ਕੇ ਡੀ.ਸੀ ਅੰਬਾਲਾ ਦੀ ਗੈਰਹਾਜਰੀ ਵਿੱਚ ਐਸ.ਡੀ.ਐਮ ਅੰਬਾਲਾ ਸ੍ਰ ਵਾਸਤਵਾ ਨੂੰ ਦੇਸ਼ ਦੇ ਰਾਸ਼ਟਰਪਤੀ ਸ੍ਰ ਪਰਨਬ ਮੁਖਰਜੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਮ ਦੋ ਸਫਿਆ ਦਾ ਮੰਗ ਪੱਤਰ ਭਾਈ ਗੁਰਬਖਸ ਸਿੰਘ ਖਾਲਸਾ ਵੱਲੋ ਸੋਪਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਜੇਲਾਂ ਵਿੱਚ ਨਜਰਬੰਦ ਪ੍ਰੋਫੇਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸਮਸ਼ੇਰ ਸਿੰਘ, ਭਾਈ ਲਾਲ ਸਿੰਘ ਅਟਲਗੜ੍ਹ, ਭਾਈ ਵਰਿਆਮ ਸਿੰਘ, ਭਾਈ ਗੁਰਦੀਪ ਸਿੰਘ ਖਹਿਰਾ ਸਮੇਤ ਉਮਰਕੇਦ ਕੱਟ ਚੁੱਕੇ ਸਮੂਹ ਬੰਦੀ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ।