
ਫ਼ਰੀਦਕੋਟ (10 ਅਕਤੂਬਰ, 2014): ਆਰ. ਐੱਸ. ਐੱਸ ਦੇ ਕਾਰਕੂਨਾਂ ਵੱਲੌਂ ਫ਼ਰੀਦਕੋਟ ਦੇ ਕਸਬੇ ਜੈਤੋ ਵਿੱਚ ਨੰਗੇ ਪਿਸਤੌਲਾਂ ਅਤੇ ਬੰਦੂਕਾਂ ਲੈ ਕੇ ਕੀਤੇ ਮਾਰਚ ਦੇ ਮਾਮਲੇ ਨੂੰ ਜਿਲਾ ਕਾਂਗਰਸ ਨੇ ਗੰਭੀਰਤਾ ਨਾਲ ਲੈਦਿਆਂ ਐੱਸ. ਐੱਸ. ਪੀ ਸੁਖਦੇਵ ਸਿੰਘ ਕਾਹਲੋਂ ਫਰੀਦਕੋਟ ਅਤੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੂੰ ਵਿਧਾਇਕ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਲਿਖਤੀ ਸ਼ਕਾਇਤਪੇ ਸ਼ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਅਗਰ ਇਸ ਮਾਮਲੇ ‘ਚ ਜ਼ਿਲ੍ਹਾ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਕਾਂਗਰਸ ਵੱਲੋਂ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਜੋਗਿੰਦਰ ਸਿੰਘ ਨੇ ਦੱਸਿਆ ਕਿ ਜੈਤੋ ਵਿਖੇ ਕੁੱਝ ਦਿਨ ਪਹਿਲਾਂ ਆਰ. ਐੱਸ.ਐੱਸ. ਦੇ ਵਰਕਰਾਂ ਨੇ ਸ਼ਹਿਰ ਅੰਦਰ ਨੰਗੇ ਹਥਿਆਰ ਲੈ ਕੇ ਮਾਰਚ ਕੀਤਾ ਤੇ ਸ਼ਹਿਰ ਅੰਦਰ ਦਹਿਸ਼ਤ ਬਣਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਪਹਿਲਾਂ ਧਾਰਾ 144 ਲੱਗੀ ਹੋਈ ਤੇ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਕੇ ਚੱਲਣ ‘ਤੇ ਪਾਬੰਦੀ ਲੱਗੀ ਹੋਈ ਹੈ ਪਰ ਇਸ ਦੇ ਬਾਵਜੂਦ ਸ਼ਰੇਆਮ ਇਨ੍ਹਾਂ ਹੁਕਮਾਂ ਦੀ ਉਲੰਘਣਾ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਖ਼ਤਰਾ ਪੈਦਾ ਹੋਇਆ ਹੈ।
ਉਨ੍ਹਾਂ ਮੰਗ ਕੀਤੀ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਸਬੰਧੀ ਮਨਜ਼ੂਰੀ ਦੇਣ ਵਾਲੇ ਅਧਿਕਾਰੀ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ।