
ਚੰਡੀਗੜ੍ਹ, 20 ਨਵੰਬਰ, 2014): ਕੇਂਦਰ ਵਿੱਚ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਆਰ. ਆਰ. ਐੱਸ ਦੀਆਂ ਗਤੀਵਿਧੀਆਂ ਦਾ ਵਿਸ਼ੇਸ਼ ਕੇਂਦਰ ਬਣ ਗਿਆ ਹੈ।
ਆਰ. ਆਰ. ਐੱਸ ਪਹਿਲਾਂ ਤੋਂ ਹੀ ਸਿੱਖੀ ਦੇ ਨਿਆਰੇਪਨ ਦੀ ਵਿਰੋਧੀ ਰਹੀ ਹੈ ਅਤੇ ਇਸ ਪ੍ਰਤੀ ਅਪਮਾਨਜਨਕ ਟਿੱਪਣੀਆਂ ਕਰਨ ਤੋਂ ਕਦੇ ਵੀ ਗੁਰੇਜ਼ ਨਹੀ ਕਰਦੀ।ਪੰਜਾਬ ਵਿੱਚ ਆਰ. ਆਰ. ਐੱਸ ਦੀਆਂ ਵਧ ਰਹੀਆਂ ਗਤੀਵਿਧੀਆਂ ਸਿੱਖਾਂ ਅਤੇ ਪੰਜਾਬ ਦੇ ਸਮਾਜਿੱਕ ਮਾਹੌਲ ਵਾਸਤੇ ਅਤਿ ਖਤਰਨਾਖ ਹਨ।
ਯੂਨਾਈਟਿਡ ਸਿੱਖ ਮੂਵਮੈਂਟ ਵੱਲੋਂ 22 ਨਵੰਬਰ ਨੂੰ ਅੰਮ੍ਰਿਤਸਰ ਵਿਚ ਪੰਥਕ ਵਰਕਰਾਂ, ਸਿੱਖ ਜਥੇਬੰਦੀਆਂ ਤੇ ਘੱਟ ਗਿਣਤੀਆਂ ਦੀ ਕਨਵੈਨਸ਼ਨ ਬੁਲਾਈ ਗਈ ਹੈ, ਜਿਸ ਵਿਚ ਆਰ.ਐਸ.ਐਸ. ਦੀਆਂ ਪੰਜਾਬ ਵਿਚ ਵੱਧ ਰਹੀਆਂ ਸਰਗਰਮੀਆਂ ਤੋਂ ਉਤਪਨ ਸਥਿਤੀ ‘ਤੇ ਵਿਚਾਰ ਕੀਤੀ ਜਾਏਗੀ।
ਮੂਵਮੈਂਟ ਦੇ ਸੈਕਟਰੀ ਜਨਰਲ ਸ. ਗੁਰਦੀਪ ਸਿੰਘ ਬਠਿੰਡਾ ਦੇ ਅਨੁਸਾਰ ਕਨਵੈਨਸ਼ਨ ਵਿਚ ਦਲਿਤ ਤੇ ਮੁਸਲਮਾਨਾਂ ਦੀਆਂ ਜਥੇਬੰਦੀਆਂ ਨੂੰ ਵੀ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਆਰ.ਐਸ.ਐਸ. ਦੀਆਂ ਸਰਗਰਮੀਆਂ ਤੋਂ ਘੱਟ ਗਿਣਤੀਆਂ ਦੇ ਹਿੱਤਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਦੀ ਰੋਕਥਾਮ ਲਈ ਪ੍ਰੋਗਰਾਮ ਬਣਾਇਆ ਜਾਏਗਾ।
ਉਨ੍ਹਾਂ ਇਸ ਗੱਲ ‘ਤੇ ਚਿੰਤਾ ਪ੍ਰਗਟ ਕੀਤੀ ਕਿ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਪਿਛਲੇ ਕਈ ਮਹੀਨਿਆਂ ਵਿਚ ਪੰਜਾਬ ਦੇ ਜੋ ਦੌਰੇ ਕੀਤੇ ਹਨ ਉਹ ਘੱਟ ਗਿਣਤੀਆਂ ਲਈ ਖ਼ਤਰੇ ਦੀ ਘੰਟੀ ਹਨ।