ਨਵੀਂ ਦਿੱਲੀ (6 ਅਪ੍ਰੈਲ, 2015): ਆਮ ਆਦਮੀ ਪਾਰਟੀ ਵਿੱਚੋਂ ਕੱਢੇ ਚੋਟੀ ਦੇ ਨੇਤਾਵਾਂ ਨੇ ਆਪਣਾ ਪੱਖ ਪਾਰਟੀ ਦੇ ਵਰਕਰਾਂ ਸਾਹਮਣੇ ਰੱਖਣ ਲਈ ਇੱਕ ਕਾਨਫਰੰਸ ਕਰਨ ਦਾ ਮਨ ਬਣਾਇਆ ਹੈ।’ਆਪ’ ਨੇਤਾ ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਦੀ ਅਗਵਾਈ ਹੇਠ ਬਾਗੀ ਧੜੇ ਦੇ ਨੇਤਾਵਾਂ ਨੇ ‘ਸਵਰਾਜ ਸੰਵਾਦ’ ਤਹਿਤ ‘ਆਪ’ ਵਲੰਟੀਅਰਾਂ ਅਤੇ ਪਾਰਟੀ ਮੈਂਬਰਾਂ ਨੂੰ ਇਕ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਹੈ। ਇਹ ਕਿਆਸ ਲਾਏ ਜਾ ਰਹੇ ਹਨ ਕਿ ਇਸ ਦਿਨ ਬਾਗੀ ਧੜੇ ਵੱਲੋਂ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਜਾਵੇਗਾ।
14 ਅਪ੍ਰੈਲ ਨੂੰ ਡਾ: ਅੰਬੇਡਕਰ ਜਯੰਤੀ ਵਾਲੇ ਦਿਨ ਗੁੜਗਾਓਂ ‘ਚ ਹੋਣ ਵਾਲੀ ਇਸ ਕਾਨਫਰੰਸ ਦਾ ਸੱਦਾ ਦੇਣ ਲਈ ਸੋਸ਼ਲ ਨੈੱਟਵਰਕ ਸਾਈਟਾਂ-ਫੇਸਬੁੱਕ ਅਤੇ ਟਵਿੱਟਰ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ ਕਾਨਫਰੰਸ ‘ਚ ਰਜਿਸਟਰੇਸ਼ਨ ਲਈ ਇਕ ਫਾਰਮ ਰਾਹੀਂ ਮੈਂਬਰਾਂ ਦੀ ਸ਼ਿਰਕਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਮੈਂਬਰ ਦਾ ਨਾਂਅ, ਸੂਬੇ ਅਤੇ ਜ਼ਿਲ੍ਹੇ ਤੋਂ ਇਲਾਵਾ ਇਕ ਮੋਬਾਈਲ ਨੰਬਰ ਅਤੇ ਈ ਮੇਲ ਦੀ ਜਾਣਕਾਰੀ ਵਾਲੇ ਇਕ ਫਾਰਮ ਦੇ ਸ਼ੁਰੂ ‘ਚ ਲਿਖਣ ਵਾਲੇ ਨੂੰ ਇਹ ਭਰੋਸਾ ਵੀ ਦਿਵਾਇਆ ਗਿਆ ਹੈ ਕਿ ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਨੂੰ ਕਿਸੇ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ।
ਫਾਰਮ ‘ਚ ਅਜਿਹੇ ਸੰਵਾਦ ਰੱਖਣ ਦਾ ਕਾਰਨ ਆਮ ਆਦਮੀ ਪਾਰਟੀ ‘ਚ ਸੋਚਣ ਅਤੇ ਦਰਸਾਉਣ ‘ਤੇ ਲੱਗੀ ਪਾਬੰਦੀ ਨੂੰ ਦੱਸਿਆ ਗਿਆ ਹੈ। ਜਿਸ ‘ਚ ਪਾਰਟੀ ‘ਚ ਹਾਲੀਆ ਉਥਲ-ਪੁਥਲ ਤੋਂ ਪ੍ਰੇਸ਼ਾਨ ਨੈਸ਼ਨਲ ਕੌਂਸਲ ਦੇ ਨੇਤਾਵਾਂ ਅਤੇ ਕੁਝ ਹੋਰਨਾਂ ਨੂੰ ਸੱਦਾ ਦਿੱਤਾ ਗਿਆ ਹੈ। ਹਲਕਿਆਂ ਮੁਤਾਬਿਕ ਹਾਲੇ ਤੱਕ 48 ਮੈਂਬਰਾਂ ਨੇ ‘ਸਵਰਾਜ ਸੰਵਾਦ’ ‘ਚ ਹਿੱਸਾ ਲੈਣ ਪ੍ਰਤੀ ਆਪਣੀ ਹਾਮੀ ਭਰੀ ਹੈ। ਜਿਸ ‘ਚ ਭੂਸ਼ਣ, ਯਾਦਵ ਦੇ ਨਾਲ ਰਾਸ਼ਟਰੀ ਕਾਰਜਕਾਰਨੀ ‘ਚੋਂ ਕੱਢੇ ਗਏ ਅਜਿਤ ਝਾਅ ਅਤੇ ਪ੍ਰੋ: ਆਨੰਦ ਕੁਮਾਰ ਸ਼ਾਮਿਲ ਹਨ।
ਇਸ ਤੋਂ ਇਲਾਵਾ ਕ੍ਰਿਸਟਿਨਾ ਕੈਮੀ, ਰਾਕੇਸ਼ ਸਿਨਹਾ, ਵਿਸ਼ਾਲ ਸਿਨਹਾ ਅਤੇ ਪੰਕਜ ਪੁਸ਼ਕਰ ਦੇ ਨਾਂਅ ਵੀ ਸ਼ਾਮਿਲ ਹਨ। ਪੰਜਾਬ ਤੋਂ ਮੁਅੱਤਲ ਕੀਤੇ ਪਾਰਟੀ ਮੈਂਬਰ ਜਯੋਤੀ ਮਾਨ ਦੇ ਵੀ ਕਾਨਫਰੰਸ ‘ਚ ਹਿੱਸਾ ਲੈਣ ਦੀ ਸੰਭਾਵਨਾ ਹੈ। ਪ੍ਰੋ: ਆਨੰਦ ਕੁਮਾਰ ਨੇ ਸੱਦੇ ਦੇ ਪਹਿਲੇ ਹੀ ਦਿਨ 1500 ਰਜਿਸਟਰੇਸ਼ਨ ਹੋਣ ਦਾ ਦਾਅਵਾ ਕੀਤਾ ਹੈ। ਕੇਜਰੀਵਾਲ ਧੜੇ ਨੇ ਅਜਿਹੀ ਕਿਸੇ ਕਾਨਫਰੰਸ ‘ਚ ਸ਼ਾਮਿਲ ਹੋਣ ਵਾਲੇ ਮੈਂਬਰਾਂ ‘ਤੇ ਸਖ਼ਤ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ।
ਦਿੱਲੀ ਯੂਨਿਟ ਦੇ ਮੈਂਬਰਾਂ ਮੁਤਾਬਿਕ ‘ਆਪ’ ਮੈਂਬਰਾਂ ਵੱਲੋਂ ਕੀਤੀ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਅਨੁਸ਼ਾਸਨਹੀਣਤਾ ਕਰਾਰ ਦਿੱਤਾ ਜਾਵੇਗਾ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜੋ ਕਿ ਸੰਬੰਧਿਤ ਮੈਂਬਰ ਨੂੰ ਪਾਰਟੀ ‘ਚੋਂ ਮੁਅੱਤਲ ਕਰਨਾ ਵੀ ਹੋ ਸਕਦਾ ਹੈ। ਦੂਜੇ ਪਾਸੇ 14 ਅਪ੍ਰੈਲ ਦੀ ਮੀਟਿੰਗ ਨੂੰ ਸਫ਼ਲ ਬਣਾਉਣ ਲਈ ਯਾਦਵ-ਭੂਸ਼ਣ ਧੜਾ ਵੀ ਪੂਰੀ ਵਾਹ ਲਾ ਰਿਹਾ ਹੈ।