
ਨਵੀਂ ਦਿੱਲੀ (14 ਮਾਰਚ, 2015): ਆਪਣੀ ਗੱਲ ਨੂੰ ਬੇਝਿਜਕ ਹੋਕੇ ਕਹਿਣ ਕਰਕੇ ਅਲੋਚਨਾ ਦਾ ਸ਼ਿਕਾਰ ਹੋਣ ਵਾਲੇ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਇੱਕ ਵਾਰ ਫਿਰ ਮਹਾਤਮਾ ਗਾਂਧੀ ਨੂੰ ਬ੍ਰਿਟੇਨ ਦਾ ਵਫ਼ਾਦਾਰ ਏਜੰਟ ਕਰਾਰ ਦਿੱਤਾ ਹੈ ।
ਉਨ੍ਹਾਂ ਨੇ ਲੰਦਨ ਵਿਚ ਮਹਾਤਮਾ ਗਾਂਧੀ ਦਾ ਬੁੱਤ ਲਗਾਉਣ ਦਾ ਜ਼ਿਕਰ ਕਰਦੇ ਹੋਏ ਟਵਿੱਟਰ ‘ਤੇ ਲਿਖਿਆ ਹੈ ਕਿ ਅੰਗਰੇਜ਼ਾ ਨੇ ਲੰਦਨ ਵਿਚ ਆਪਣੇ ਵਫ਼ਾਦਾਰ ਏਜੰਟ ਗਾਂਧੀ ਦਾ ਬੁੱਤ ਲਗਾਇਆ ਹੈ ।
ਸੋਸ਼ਲ ਸਾਈਟ ਟਵਿਟਰ ਉੱਤੇ ਮਾਰਕੰਡੇ ਕਾਟਜੂ ਨੇ ਲਿਖਿਆ ਹੈ ਕਿ ਲੰਦਨ ਵਿਚ ਭਗਤ ਸਿੰਘ , ਆਜ਼ਾਦ ਅਤੇ ਰਾਜਗੁਰੂ , ਦੇ ਬੁੱਤ ਕਿਉਂ ਨਹੀਂ ਲਗਾਉਂਦਾ , ਜਿਨ੍ਹਾਂ ਨੇ ਅਸਲ ਵਿਚ ਸੱਚੀ ਲੜਾਈ ਲੜੀ ।
ਉਨ੍ਹਾਂ ਨੇ ਇਤਿਹਾਸਕਾਰਾਂ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਸਾਡੇ ਰਾਸ਼ਟਰੀ ਇਤਿਹਾਸ ਵਿਚ ਅਸਲੀ ਆਜ਼ਾਦੀ ਸੈਨਾਨੀਆਂ ਦਾ ਜ਼ਿਕਰ ਮੁਸ਼ਕਲ ਨਾਲ ਹੀ ਮਿਲਦਾ ਹੈ । ਕਾਟਜੂ ਨੇ ਇਸ ਤੋਂ ਪਹਿਲਾਂ ਵੀ ਬਲਾਗ ਲਿਖ ਕੇ ਮਹਾਤਮਾ ਗਾਂਧੀ ਅਤੇ ਸੁਭਾਸ਼ ਚੰਦਰ ਬੋਸ ਨੂੰ ਅੰਗਰੇਜ਼ਾਂ ਦਾ ਏਜੰਟ ਕਰਾਰ ਦਿੱਤਾ ਸੀ , ਜਿਸ ਦੀ ਜੱਮਕੇ ਆਲੋਚਨਾ ਹੋਈ ਸੀ ।