ਵਾਸ਼ਿੰਗਟਨ (7 ਜੂਨ 2014): ਅੱਜ ਅਮਰੀਕਾ ਦੇ ਵਿਦੇਸ਼ ਵਿਦੇਸ਼ ਵਿਭਾਗ ਦੀ ਉਪ ਬੁਲਾਰਨ ਮੈਰੀ ਹਰਫ ਨੇ ਤਿੱਬਤ –ਚੀਨ ਮਸਲੇ ਬਾਰੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਤਿੱਬਤੀ ਖੇਤਰ ‘ਚ ਚੀਨ ਵੱਲੋਂ ਮਾੜੇ ਮਾਨਵ ਅਧਿਕਾਰ ਦੀ ਸਥਿਤੀ ਨੂੰ ਲੈ ਕੇ ਕਾਫੀ ਚਿੰਤਤ ਹਨ।ਜ਼ਿਕਰਯੋਗ ਹੈ ਕਿ ਤਿੱਬਤੀ ਆਗੂ ਦਲਾਈਨਾਮਾ ਕਾਂਫੀ ਸਮੇਂ ਤੋਂ ਭਾਰਤ ਵਿੱਚ ਜ਼ਲਾਵਤਨੀ ਦਾ ਜੀਵਨ ਬਿਤਾ ਰਹੇ ਹਨ ਅਤੇ ਉਹ ਚੀਨ ਤੋਂ ਤਿੱਬਤ ਨੂੰ ਆਜ਼ਾਦ ਕਰਨ ਦੀ ਮੰਗ ਕਰਦੇ ਆ ਰਹੇ ਹਨ ।
ਇਸ ਸਬੰਧੀ ਅਮਰੀਕਾ ਨੇ ਚੀਨ ਨੂੰ ਤਿੱਬਤ ਦੀ ਅਜ਼ਾਦੀ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਜਲਾਵਤਨ ਤਿੱਬਤੀ ਰਾਜਸੀ ਅਤੇ ਅਧਿਆਤਮਕ ਨੇਤਾ ਦਲਾਈਲਾਮਾ ਨਾਲ ਤਿੱਬਤ ਮੁੱਦੇ ‘ਤੇ ਬਿਨਾਂ ਸ਼ਰਤ ਗੱਲਬਾਤ ਕਰਨ ਅਤੇ ਉਨ੍ਹਾਂ ਨੀਤੀਆਂ ਦੇ ਨਿਪਟਾਰੇ ਲਈ ਕਿਹਾ ਹੈ ਜਿਸ ਨਾਲ ਤਿੱਬਤ ‘ਚ ਤਣਾਅ ਉਤਪੰਨ ਹੋਇਆ ਅਤੇ ਸਮੁੱਚੀ ਤਿੱਬਤੀ ਸੰਸਕ੍ਰਿਤੀ ਨੂੰ ਖ਼ਤਰਾ ਹੋਇਆ ।
ਉਨ੍ਹਾਂ ਕਿਹਾ ਕਿ ਅਸੀਂ ਫਿਰ ਤੋਂ ਚੀਨੀ ਸਰਕਾਰ ਨੂੰ ਦਲਾਈ ਲਾਮਾ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਨਾਲ ਬਿਨਾਂ ਸ਼ਰਤ ਦੇ ਗੱਲਬਾਤ ਕਰਨ ਦੀ ਅਪੀਲ ਕਰਦੇ ਹਾਂ ਜਿਸ ਨਾਲ ਕਿ ਤਣਾਅ ਘਟੇ ਅਤੇ ਤਿਬੱਤ ਦੀ ਰਾਜਸੀ ਸਮੱਸਿਆ ਦਾ ਹੱਲ ਹੋ ਸਕੇ ।