ਸਰਕਾਰ ਸਮਝਦੀ ਹੈ ਕਿ ਪੰਜਾਬ ਦੇ ਸਿੱਖਾਂ ਵਾਂਗ ਬਾਹਰ ਵੱਸਦੇ ਸਿੱਖ ਵੀ ਉਸਦੇ ਗੁਲਾਮ ਹਨ: ਸੰਧੂ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਬੀਤੇ ਦਿਨ ਦਿੱਲੀ ਹਵਾਈ ਅੱਡੇ ‘ਤੇ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਦੇ ਹਵਾਲੇ ਕੀਤੇ ਗਏ ਕੈਲੇਫੋਰਨੀਆ ਨਿਵਾਸੀ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਮਰੀਕਾ ਯੂਨਿਟ ਦੇ ਮੀਤ ਪ੍ਰਧਾਨ ਰੇਸ਼ਮ ਸਿੰਘ ਸੰਧੂ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ਨੇ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੇਸ਼ ਵਿਦੇਸ਼ ਦੀਆਂ ਵੱਖ-ਵੱਖ ਸਿੱਖ ਜਥੇਬੰਦਆਂ ਵਲੋਂ ਬੀਤੇ ਸਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚੱਬਾ ਵਿਖੇ ਸੱਦੇ ਗਏ ਪੰਥਕ ਇਕੱਠ ਨੂੰ ਲੈ ਕੇ ਥਾਣਾ ਚਾਟੀਵਿੰਡ ਦੀ ਪੁਲਿਸ ਨੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਕੇਸ ਵਿੱਚ ਕੈਲੇਫੋਰਨੀਆ (ਅਮਰੀਕਾ) ਨਿਵਾਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੀਤ ਪ੍ਰਧਾਨ ਰੇਸ਼ਮ ਸਿੰਘ ਸੰਧੂ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਸੀ ਜਿਸਤੇ ਉਨ੍ਹਾਂ ਦੇ ਮੁੜ ਭਾਰਤ ਆਉਣ ‘ਤੇ ਬੀਤੇ ਕੱਲ੍ਹ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੋਕ ਕੇ ਗ੍ਰਿਫਤਾਰ ਕਰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਥਾਣਾ ਚਾਟੀਵਿੰਡ ਦੀ ਪੁਲਿਸ ਨੇ ਸੰਧੂ ਨੂੰ ਅੱਜ ਇਥੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ। ਸੰਧੂ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਸਿਮਰਨਜੀਤ ਸਿੰਘ ਪੇਸ਼ ਹੋਏ। ਅਦਾਲਤ ਨੇ ਸਰਕਾਰੀ ਵਕੀਲ ਵਲੋਂ ਦਿੱਤੀਆਂ ਦਲੀਲਾਂ ਦੇ ਮੱਦੇਨਜਰ ਸੰਧੂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ. ਸੰਧੂ ਨੇ ਕਿਹਾ ਕਿ ਉਹ ਬੀਤੇ ਸਾਲ “ਸਰਬੱਤ ਖਾਲਸਾ” ਵਿੱਚ ਸ਼ਾਮਿਲ ਹੋਏ ਸਨ। ਇਸ ਮੌਕੇ ਸਿੱਖ ਕੌਮ ਨੇ ਆਪਣੀਆਂ ਧਾਰਮਿਕ ਭਾਵਨਾਵਾਂ ਦਾ ਪ੍ਰਗਟਾਅ ਕਰਦਿਆਂ ਕੁਝ ਫੈਸਲੇ ਲਏ ਸਨ, ਜੋ ਹੋ ਸਕਦੈ ਸਰਕਾਰ ਨੂੰ ਚੰਗੇ ਨਾ ਲੱਗੇ ਹੋਣ।
ਇੱਕ ਸਾਵਲ ਦੇ ਜਵਾਬ ਵਿੱਚ ਸ. ਸੰਧੂ ਨੇ ਕਿਹਾ ਕਿ ‘ਮੈਂ ਨਹੀਂ ਸਮਝਦਾ ਕਿ ਸਰਕਾਰ ਦਾ ਐਨ.ਆਰ.ਆਈ. ਪ੍ਰਤੀ ਕੋਈ ਹਮਦਰਦੀ ਜਾਂ ਸਤਿਕਾਰ ਵਾਲਾ ਵਤੀਰਾ ਹੈ। ਉਹ ਸਮਝਦੀ ਹੈ ਕਿ ਪੰਜਾਬ ਦੇ ਸਿੱਖਾਂ ਵਾਂਗ ਬਾਹਰ ਵੱਸਦੇ ਸਿੱਖ ਵੀ ਉਸਦੇ ਗੁਲਾਮ ਹੀ ਹਨ’। ਸੰਧੂ ਦੇ ਵਕੀਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸ. ਸੰਧੂ “ਸਰਬੱਤ ਖਾਲਸਾ” ਵਿੱਚ ਸ਼ਾਮਿਲ ਜ਼ਰੂਰ ਹੋਏ ਸਨ ਲੇਕਿਨ ਉਨ੍ਹਾਂ ਨੇ ਸਟੇਜ ‘ਤੇ ਕੋਈ ਵਿਚਾਰ ਪ੍ਰਗਟ ਨਹੀਂ ਕੀਤੇ ਤੇ ਨਾ ਹੀ ਇਸ ਇਕੱਠ ਵਿੱਚ ਕੋਈ ਅਜਿਹੀ ਕਾਰਵਾਈ ਹੋਈ ਜੋ ਦੇਸ਼ ਦੇ ਕਾਨੂੰਨ ਦੇ ਖਿਲਾਫ ਹੋਵੇ ਤੇ ਇਹ ਗੱਲ ਅਦਾਲਤ ਨੂੰ ਵੀ ਦੱਸੀ ਗਈ ਹੈ। ਸਮਾਗਮ ਦੀਆਂ ਵੀਡੀਓ ਅਦਾਲਤ ਕੋਲ ਹੈ ਪਰ ਪੁਲਿਸ ਵਲੋਂ ਬਾਰ-ਬਾਰ ਜਾਂਚ ਦੀ ਗੱਲ ਕੀਤੇ ਜਾਣ ‘ਤੇ ਸੰਧੂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।