ਚੰਡੀਗੜ੍ (31 ਮਾਰਚ, 2016): ਸੀਬੀਆਈ ਅਦਾਲਤ ਵਿੱਚ ਬਲਾਤਕਾਰ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਰਸਾ ਦੇ ਬਦਨਾਮ ਸੌਦਾ ਸਾਧ ਨੂੰ ਪੰਜਾਬ ਅਤੇ ਹਾਈਕੋਰਟ ਨੇ ਝਟਕਾ ਦਿੰਦੀਆਂ ਕਥਿਤ ਸਾਧਵੀ ਜਬਰ ਜਨਾਹ ਮਾਮਲੇ ‘ਚ ਅੱਜ ਸੌਦਾ ਸਾਧ ਦੀਆਂ ਤਿੰਨ ਅਰਜ਼ੀਆਾ ਖ਼ਾਰਜ ਕਰ ਦਿੱਤੀਆਂ ਹਨ ।

ਸੌਦਾ ਸਾਧ ਖ਼ਲਾਫ਼ ਪੰਚਕੂਲਾ ਦੀ ਅਦਾਲਤ ਦੀ ਟਰਾਇਲ ਕੋਰਟ ‘ਚ ਮਾਮਲਾ ਚੱਲ ਰਿਹਾ ਹੈ । ਇਸ ਮਾਮਲੇ ‘ਚ ਗਵਾਹੀਆਂ ਵੀ ਮੁਕੰਮਲ ਹੋ ਚੁੱਕੀਆਂ ਹਨ । ਸੌਦਾ ਸਾਧ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਸ ‘ਤੇ ਲਗਾਏ ਜਾ ਰਹੇ ਜਬਰ ਜਨਾਹ ਦੇ ਦੋਸ਼ ਬੇ-ਬੁਨਿਆਦ ਹਨ ।
ਸੌਦਾ ਸਾਧ ਨੇ ਦਲੀਲ ਦਿੱਤੀ ਗਈ ਸੀ ਕਿ ਪੀੜਤ ਸਾਧਵੀ ਉਨ੍ਹਾਂ ਨੂੰ ਪਿਤਾ ਜੀ ਕਹਿ ਕੇ ਸੰਬੋਧਨ ਕਰਦੀ ਸੀ । ਪਟੀਸ਼ਨ ‘ਚ ਦਾਅਵਾ ਕੀਤਾ ਗਿਆ ਸੀ ਕਿ ਸਾਧਵੀ ਨੇ ਡੇਰਾ ਛੱਡਣ ਉਪਰੰਤ ਇੱਕ ਪੱਤਰ ਵੀ ਲਿਖਿਆ ਸੀ, ਜਿਸ ‘ਚ ਉਸ ਨੇ ਸਾਫ਼ ਤੌਰ ‘ਤੇ ਕਿਹਾ ਸੀ ਕਿ ਉਹ ਆਪਣੀ ਮਰਜ਼ੀ ਦੇ ਨਾਲ ਡੇਰਾ ਛੱਡ ਕੇ ਜਾ ਰਹੀ ਹੈ ।
ਹਾਈਕੋਰਟ ‘ਚ ਦਾਇਰ ਅਰਜ਼ੀ ‘ਚ ਸੌਦਾ ਸਾਧ ਨੇ ਮੰਗ ਕੀਤੀ ਸੀ ਕਿ ਇਸ ਪੱਤਰ ਦੀ ਲਿਖਾਵਟ, ਉਨ੍ਹਾਂ ਦਸਤਾਵੇਜ਼ਾਂ ਦੀ ਲਿਖਾਵਟ ਨਾਲ ਮਲਾਈ ਜਾਵੇ, ਜੋ ਇਸ ਵੇਲੇ ਪੰਚਕੂਲਾ ਦੀ ਟਰਾਇਲ ਕੋਰਟ ‘ਚ ਪਏ ਹਨ । ਸੌਦਾ ਸਾਧ ਨੇ ਆਪਣੀ ਦੂਜੀ ਅਰਜ਼ੀ ‘ਚ ਆਪਣੇ ਮਾਹਿਰਾਂ ਤੋਂ ਲਿਖਾਈ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ । ਤੀਜੀ ਅਰਜ਼ੀ ਜ਼ਰੀਏ ਇਸ ਪੱਤਰ ਦੀ ਲਿਖਾਵਟ ਦੀ ਜਾਂਚ ਸੀ.ਬੀ.ਆਈ. ਲੈਬ ਤੋਂ ਕਰਵਾਉਣ ਦੀ ਅਪੀਲ ਕੀਤੀ ਗਈ ਸੀ । ਹਾਈਕੋਰਟ ਨੇ ਅੱਜ ਇਨ੍ਹਾਂ ਤਿੰਨਾ ਅਰਜ਼ੀਆਾ ਨੂੰ ਖ਼ਾਰਜ ਕਰ ਦਿੱਤਾ ਹੈ ।