ਹੁਸ਼ਿਆਰਪੁਰ (21 ਦਸੰਬਰ, 2015): ਸਿੱਖ ਯੂਥ ਆਫ ਪੰਜਾਬ ਵੱਲੋਂ ਜਥੇਬੰਦੀ ਦੀ ੭ਵੀਂ ਵਰੇਗੰਢ ਮੌਕੇ ਦਸਮ ਪਾਤਿਸ਼ਾਹ ਦੇ ਚਾਰ ਸਾਹਿਬਜ਼ਾਦਿਆਂ ਦੀ ਅਜ਼ੀਮ ਸ਼ਹਾਦਤ ਨੂੰ ਸਮਰਪਿਤ ੨੮ ਦਸੰਬਰ ਨੂੰ ਜਲੰਧਰ ਵਿਖੇ ਕਾਨਫਰੰਸ ਕੀਤੀ ਜਾਵੇਗੀ।
ਸਿੱਖ ਯੂਥ ਆਫ ਪੰਜਾਬ ਦਾ ਗਠਨ ਅੰਮ੍ਰਿਤਸਰ ਵਿਖੇ ਯੂਥ ਕਾਨਫਰੰਸ ਰਾਂਹੀ ੨੧ ਦਸੰਬਰ ੨੦੦੮ ਨੂੰ ਕੀਤਾ ਗਿਆ ਸੀ। ਅੱਜ ਆਪਣੀ ਵਰੇਗੰਢ ਮੌਕੇ ਜਥੇਬੰਦੀ ਵਲੋਂ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ੨੮ ਨੂੰ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ।
ਜਿਕਰਯੋਗ ਹੈ ਕਿ ਜਥੇਬੰਦੀ ਨੇ ੭ ਸਾਲਾਂ ਦੇ ਸਫਰ ਵਿੱਚ ਆਪਣੀਆਂ ਹਾਂ-ਪੱਖੀ ਸਰਗਰਮੀਆਂ ਨਾਲ ਸਿੱਖ ਰਾਜਨੀਤਿਕ ਪਿੜ ਵਿੱਚ ਆਪਣੀ ਇੱਕ ਵਿਸ਼ੇਸ਼ ਪਹਿਚਾਣ ਬਣਾਈ ਹੈ।

ਜੱਥੇਬੰਦੀ ਦੇ ਆਗੂ ਕਾਨਫਰੰਸ ਸਬੰਧੀ ਇਸ਼ਤਿਹਾਰ ਜ਼ਾਰੀ ਕਰਦੇ ਹੋਏ

ਜਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ, ਪ੍ਰਭਜੋਤ ਸਿੰਘ, ਸੁਖਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਮੰਡ ਨੇ ਪਤਰਕਾਰਾਂ ਨੂੰ ਦਸਿਆ ਕਿ ਜਲੰਧਰ ਦੇ ਕੇ. ਐਲ. ਸਹਿਗਲ ਐਡੀਟੋਰੀਅਮ ਵਿਖੇ ‘ਸ਼ਹੀਦ ਅਤੇ ਸਾਡੇ ਫਰਜ਼’ ਵਿਸ਼ੇ ਉਤੇ ਕਾਨਫਰੰਸ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੇ ਮੁੱਖ ਮਹਿਮਾਨ ਹਰਚਰਨਜੀਤ ਸਿੰਘ ਧਾਮੀ ਮੁਖੀ, ਦਲ ਖ਼ਾਲਸਾ ਅਤੇ ਐਡਵੋਕੇਟ ਹਰਪਾਲ ਸਿੰਘ ਚੀਮਾ ਚੇਅਰਮੈਨ, ਸਿਖਸ ਫਾਰ ਹਿਊਮਨ ਰਾਈਟਜ਼ ਹੋਣਗੇ।
ਉਹਨਾਂ ਦਸਿਆ ਕਿਹਾ ਕਿ ਸਮਾਗਮ ਵਿੱਚ ਬੁਲਾਰੇ ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਅਤੇ ਉਹਨਾਂ ਵਲੋਂ ਦਰਸਾਏ ਮਾਰਗ ਉਤੇ ਚਾਨਣਾ ਪਾਉਣ ਦੇ ਨਾਲ-ਨਾਲ ਅਜੋਕੇ ਸਮੇ ਦੀਆਂ ਸਮਸਿਆਵਾਂ ਅਤੇ ਚਣੌਤੀਆਂ ਤੇ ਉਹਨਾਂ ਦੇ ਹੱਲ ਬਾਰੇ ਆਪਣੀ ਰਾਏੇ ਰੱਖਣਗੇ।
ਉਹਨਾਂ ਅਫਸੋਸ ਜਿਤਾਦਿਆਂ ਕਿਹਾ ਕਿ ਸਿੱਖ ਸੰਸਥਾਵਾਂ ਖਾਸ ਕਰਕੇ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਇੱਕ ਤੋਂ ਬਾਅਦ ਇੱਕ ਵਿਵਾਦਾਂ ਵਿੱਚ ਘਿਰਦੀਆਂ ਜਾ ਰਹੀਆ ਹਨ ਜਿਸ ਨਾਲ ਉਹਨਾਂ ਦੇ ਵਕਾਰ ਅਤੇ ਅਕਸ ਨੂੰ ਡਾਢੀ ਢਾਹ ਲੱਗ ਚੁੱਕੀ ਹੈ ਅਤੇ ਇਹਨਾਂ ਸੰਸਥਾਵਾਂ ਉਤੇ ਅਯੋਗ ਵਿਅਕਤੀਆਂ ਦੇ ਕਾਬਜ ਹੋਣ ਨਾਲ ਕੌਮ ਕਿਸੇ ਪਾਸਿਓ ਵੀ ਅੱਗੇ ਨਹੀਂ ਵੱਧ ਰਾਹੀ ਹੈ।
ਉਹਨਾਂ ਦਸਿਆ ਕਿ ਕਾਨਫਰੰਸ ਮੌਕੇ ਜਿਨਾਂ ਮੁਦਿਆਂ ਨੂੰ ਵਿਚਾਰ-ਚਰਚਾ ਦਾ ਆਧਾਰ ਬਣਾਇਆ ਜਾਵੇਗਾ ਉਹਨਾਂ ਵਿੱਚ ਪੰਜਾਬ ਅੰਦਰ ਵੱਧ ਰਹੀ ਅਸਿਹਣਸ਼ੀਲਤਾ, ਸਿੱਖ ਸੰਸਥਾਵਾਂ ਦਾ ਵਿਵਾਦਾਂ ਵਿੱਚ ਘਿਰੇ ਹੋਣਾ, ਨੌਜਵਾਨਾਂ ਨੂੰ ਫਰਜੀ ਮੁਕਾਬਲਿਆਂ ਵਿੱਚ ਮਾਰ-ਮੁਕਾਉਣਾ, ਸੌੜੇ ਰਾਜਨੀਤਿਕ ਕਾਰਨਾਂ ਕਰਕੇ ਅਤਿਵਾਦ ਦਾ ਹਊਆ ਖੜਾ ਕਰਨਾ, ਨਸ਼ਿਆਂ ਦੇ ਭਰਮਾਰ ਲਈ ਜ਼ਿਮੇਵਾਰ ਧਿਰਾਂ ਦੀ ਨਿਸ਼ਾਨਦੇਹੀ , ਦੇਸ਼ਧ੍ਰੋਹ ਵਰਗੇ ਕਾਨੂੰਨ ਦੀ ਦੁਰਵਰਤੋਂ ਅਤੇ ਮੀਡੀਆ ਦੇ ਪੱਖਪਾਤੀ ਭੂਮਿਕਾ ਆਦਿ ਸ਼ਾਮਿਲ ਹਨ। ਇਸ ਮੌਕੇ ਗੁਰਮੀਤ ਸਿੰਘ ਕਰਤਾਰਪੁਰ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਗਰੁਨਾਮ ਸਿੰਘ ਆਦਿ ਸ਼ਾਮਿਲ ਸਨ।