ਅੰਮ੍ਰਿਤਸਰ: ਸਿੱਖ ਯੂਥ ਆਫ ਪੰਜਾਬ ਨੇ ਸਿੱਖ ਧਾਰਮਿਕ ਸੰਸਥਾਵਾਂ ਅੰਦਰ ਆਏ ਨਿਘਾਰ, ਰਾਜਨੀਤੀ ਵਿੱਚ ਫੈਲ ਚੁੱਕੇ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਵੱਧ ਰਹੇ ਪ੍ਰਕੋਪ ਨਾਲ ਨੌਜਵਾਨਾਂ ਦੀਆਂ ਜ਼ਿੰਦਗੀਆਂ ਉਤੇ ਪੈ ਰਹੇ ਨਾ-ਵਾਚਕ ਅਤੇ ਮਾਰੂ ਪ੍ਰਭਾਵ ਉਤੇ ਡਾਢੀ ਚਿੰਤਾ ਪ੍ਰਗਟਾਉਦਿਆਂ ਪੰਥ ਅਤੇ ਪੰਜਾਬ ਨੂੰ ਦਰਪੇਸ਼ ਸਮਸਿਆਵਾਂ ਅਤੇ ਭੱਖਦੇ ਮਸਲਿਆਂ ਉਤੇ ਵਿਚਾਰ ਕਰਨ ਲਈ ੨੮ ਦਸੰਬਰ ਨੂੰ ਜਲੰਧਰ ਦੇ ਕੇ. ਐਲ. ਸਹਿਗਲ ਐਡੀਟੋਰੀਅਮ ਵਿਖੇ ਯੂਥ ਕਾਨਫਰੰਸ ਕਰਨ ਦਾ ਫੈਸਲਾ ਲਿਆ ਹੈ।

ਜਥੇਬੰਦੀ ਵਲੋਂ ਇਸ ਸਬੰਧੀ ਸੱਦੀ ਗਈ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦੇਂਦਿੰਆ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਅਤੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਦਸਿਆ ਕਿ ਇਹ ਕਾਨਫਰੰਸ ਦਸਮ ਪਾਤਿਸ਼ਾਹ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋਵੇਗੀ।
ਉਹਨਾਂ ਕਿਹਾ ਕਿ “ਸਹੀਦ ਅਤੇ ਸਾਡੇ ਫਰਜ਼’ ਵਿਸ਼ੇ ਉਤੇ ਹੋਣ ਵਾਲੀ ਇਸ ਕਾਨਫਰੰਸ ਦੇ ਮੁੱਖ ਮਹਿਮਾਨ ਦਲ ਖਾਲਸਾ ਦੇ ਹਰਚਰਨਜੀਤ ਸਿੰਘ ਧਾਮੀ ਅਤੇ ਸਿਖਸ ਫਾਰ ਹਿਊਮਨ ਰਾਈਟਜ਼ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਹੋਣਗੇ।
ਉਹਨਾਂ ਦਸਿਆ ਕਿਹਾ ਕਿ ਸਮਾਗਮ ਵਿੱਚ ਬੁਲਾਰੇ ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਅਤੇ ਉਹਨਾਂ ਵਲੋਂ ਦਰਸਾਏ ਮਾਰਗ ਉਤੇ ਚਾਨਣਾ ਪਾਉਣ ਦੇ ਨਾਲ-ਨਾਲ ਅਜੋਕੇ ਸਮੇ ਦੀਆਂ ਸਮਸਿਆਵਾਂ ਅਤੇ ਚੁਣੌਤੀਆਂ ਤੇ ਉਹਨਾਂ ਦੇ ਹੱਲ ਬਾਰੇ ਆਪਣੀ ਰਾਏੇ ਰੱਖਣਗੇ।
ਉਹਨਾਂ ਦਸਿਆ ਕਿ ਕਾਨਫਰੰਸ ਦੌਰਾਨ ਵੱਖ-ਵੱਖ ਬੁਲਾਰੇ, ਜਿਨਾਂ ਮੁਦਿਆਂ ਉਤੇ ਵਿਚਾਰ ਰੱਖਣਗੇ ਉਹਨਾਂ ਵਿੱਚ ਸਰਕਾਰ ਦਾ ਬਰਗਾੜੀ ਵਿਖੇ ਗੁਰੂ ਸਾਹਿਬਾਨ ਦੀ ਹੋਈ ਬੇਹੁਰਮਤੀ ਪਿਛੇ ਲੁਕੇ ਹੱਥਾਂ ਅਤੇ ਉਹਨਾਂ ਦੇ ਮਨਸੂਬਿਆਂ ਨੂੰ ਲੱਭਣ ਵਿੱਚ ਅਸਫਲ਼ ਰਹਿਣਾ, ਬਹਿਬਲ ਕਲਾ ਕਾਂਡ ਦੇ ਦੋਸ਼ੀ ਅਫਸਰਾਂ ਦਾ ਕਾਨੂੰਨ ਦੀ ਪਕੜ ਤੋਂ ਬੱਚਣਾ, ਸਿੱਖ ਸੰਸਥਾਵਾਂ ਦਾ ਵਿਵਾਦਾਂ ਵਿੱਚ ਘਿਰੇ ਹੋਣਾ, ਸਹਿਜਧਾਰੀਆਂ ਬਾਰੇ ਭੰਬਲਭੂਸਾ, ਮੂਲ ਨਾਨਕਸ਼ਾਹੀ ਕੈਲੰਡਰ ਨਾਲ ਖਿਲਵਾੜ, ਨੌਜਵਾਨਾਂ ਨੂੰ ਫਰਜ਼ੀ ਮੁਕਾਬਲਿਆਂ ਵਿੱਚ ਮਾਰ-ਮੁਕਾਉਣਾ, ਮੌਕਾਪ੍ਰਸਤ ਸਿਆਸਤਦਾਨਾਂ ਵਲੋਂ ਅਤਿਵਾਦ ਦਾ ਹਊਆ ਖੜਾ ਕਰਨਾ, ਨਸ਼ਿਆਂ ਦਾ ਕੋਹੜ, ਆਦਿ ਸ਼ਾਮਿਲ ਹਨ।
ਇਸ ਮੌਕੇ ਜਿਲਾ ਪ੍ਰਧਾਨ ਗਗਨਦੀਪ ਸਿੰਘ, ਮੀਤ-ਪ੍ਰਧਾਨ ਪ੍ਰਭਜੀਤ ਸਿੰਘ ਖਾਲਸਾ, ਗੁਰਨਾਮ ਸਿੰਘ ਤੇ ਗੁਰਜੰਟ ਸਿੰਘ ਮੌਜੂਦ ਸਨ।