ਅੰਮ੍ਰਿਤਸਰ: ਦਲ ਖਾਲਸਾ ਨੇ ਦਮਦਮਾ ਸਾਹਿਬ ਵਿਖੇ 10 ਨਵੰਬਰ ਨੂੰ ਹੋਣ ਜਾ ਰਹੇ ‘ਸਰਬੱਤ ਖ਼ਾਲਸਾ’ ਨਾਮੀ ਪੰਥਕ ਇਕੱਠ ‘ਤੇ ਲਾਈ ਗਈ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਪਾਬੰਦੀ ਅਤੇ ਪੰਜਾਬ ਭਰ ਵਿਚ ਸਿੱਖ ਆਗੂਆਂ ਅਤੇ ਸਿੱਖ ਕਾਰਜਕਰਤਾਵਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਸਰਕਾਰ ਵਲੋਂ ਦਹਿਸ਼ਤ ਦਾ ਮਾਹੌਲ ਸਿਰਜੇ ਜਾਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਇਸੇ ਤਰ੍ਹਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖ ਫੈਡਰੇਸ਼ਨ ਯੂਕੇ ਨੇ ਵੀ ਗ੍ਰਿਫਤਾਰੀਆਂ ਦਾ ਗੰਭੀਰ ਨੋਟਿਸ ਲਿਆ ਹੈ।
ਜਥੇਬੰਦੀ ਦੀ ਮੀਟਿੰਗ ਤੋਂ ਬਾਅਦ ਭਾਈ ਹਰਪਾਲ ਸਿੰਘ ਚੀਮਾ, ਭਾਈ ਹਰਚਰਨਜੀਤ ਸਿੰਘ ਧਾਮੀ, ਭਾਈ ਕੰਵਰਪਾਲ ਸਿੰਘ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਭਾਈ ਬਲਦੇਵ ਸਿੰਘ ਸਿਰਸਾ ਅਤੇ ਭਾਈ ਜਸਬੀਰ ਸਿੰਘ ਖੰਡੂਰ ਨੇ ਪ੍ਰੈਸ ਨੂੰ ਦੱਸਿਆ ਕਿ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਸਰਕਾਰੀ ਦਮਨ ਚੱਕਰ ਚਲਾ ਕੇ ਲੋਕਾਂ ਦੇ ਧਾਰਮਿਕ ਹੱਕ-ਹਕੂਕਾਂ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਦਲ ਖਾਲਸਾ ਜਥੇਬੰਦੀ ਦੇ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਨਾਲ ਸਿਧਾਂਤਿਕ ਵਖਰੇਵੇਂ ਅਤੇ ਮੁੱਦਿਆਂ ਉੱਤੇ ਅਸਹਿਮਤੀਆਂ ਆਪਣੀ ਜਗ੍ਹਾ ਹਨ ਪਰ ਜਥੇਬੰਦੀ ਦਾ ਇਹ ਮੰਨਣਾ ਹੈ ਕਿ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਨੂੰ ਆਪਣੇ ਧਾਰਮਿਕ ਅਕੀਦਿਆਂ ਅਨੁਸਾਰ ਕੋਈ ਵੀ ਸਰਗਰਮੀ ਕਰਨ ਦਾ ਪੂਰਨ ਹੱਕ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਚੱਬਾ ਵਿਖੇ ਜਿਹੜਾ ਪੰਥਕ ਇਕੱਠ ਹੋਇਆ ਸੀ ਉਹ ਪੁਰ-ਅਮਨ ਸੀ, ਉਸ ਦੌਰਾਨ ਜਾਂ ਉਸ ਤੋਂ ਬਾਅਦ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਜਿਸ ਨੂੰ ਅਧਾਰ ਬਣਾ ਕੇ ਅਗਲੇ ਦਿਨਾਂ ਵਿਚ ਹੋਣ ਵਾਲਾ ਇਕੱਠ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਪੰਥ ਅਤੇ ਪੰਜਾਬ ਅੰਦਰ ਖਾਨਾਜੰਗੀ ਦਾ ਮਾਹੌਲ ਸਿਰਜ ਰਹੀ ਹੈ ਤੇ ਆਉਂਦੀਆਂ ਚੋਣਾਂ ਵਿਚ ਇਸ ਤਣਾਅਪੂਰਣ ਮਾਹੌਲ ਦਾ ਵੋਟਾਂ ਵੰਡ ਕੇ ਰਾਜਸੀ ਫਾਇਦਾ ਲੈਣਾ ਚਾਹੁੰਦੀ ਹੈ।
ਉਨ੍ਹਾਂ ਦੁੱਖ ਪ੍ਰਗਟਾਇਆ ਕਿ ਅਕਾਲੀ ਸਰਕਾਰ ਨੇ ਪਹਿਲਾਂ ਤਖ਼ਤਾਂ ਦੇ ਸਤਿਕਾਰ ਅਤੇ ਮਾਣ ਮਰਿਯਾਦਾ ਨੂੰ ਢਾਹ ਲਾਈ, ਹੁਕਮਨਾਮਿਆਂ ਦੀ ਪ੍ਰੰਪਰਾ ਦਾ ਘਾਣ ਕੀਤਾ ਅਤੇ ਹੁਣ ਸਰਬੱਤ ਖ਼ਾਲਸਾ ਸੰਸਥਾ ਨੂੰ ਵੀ ਇਕ ਹਊਆ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਅਤੇ ਸ਼ਾਸਕ ਆਪਣੀਆਂ ਚੰਮ ਦੀਆਂ ਕਾਨੂੰਨ ਦੇ ਬੁਰਕੇ ਹੇਠ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਸਰਕਾਰ ਦੀਆਂ ਗੈਰਕਾਨੂੰਨੀ ਹਦਾਇਤਾਂ ਨੂੰ ਲਾਗੂ ਕਰਨਾ ਆਪਣੇ ਆਪ ਵਿਚ ਕਾਨੂੰਨ ਦਾ ਘਾਣ ਕਰਨਾ ਹੈ।
ਇਸੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਭਾਈ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਸਰਕਾਰ ਨੇ ਜੋ ਦਹਿਸ਼ਤ ਫੈਲਾਈ ਹੈ ਉਹ ਉਸਦੀ ਇਖਲਾਕੀ ਹਾਰ ਦਾ ਸੰਕੇਤ ਹੈ। ਸਿੱਖ ਫੈਡਰੇਸ਼ਨ ਯੂ.ਕੇ ਦੇ ਭਾਈ ਅਮਰੀਕ ਸਿੰਘ ਗਿੱਲ, ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਭਰ ਵਿਚ ਗ੍ਰਿਫਤਾਰੀਆਂ ਕਰਕੇ ਸਰਕਾਰ ਨੇ ਆਪਣਾ ਕਰੂਪ ਚਿਹਰਾ ਦਿਖਾਇਆ ਹੈ।