ਚੰਡੀਗੜ੍ਹ (20 ਸਤੰਬਰ, 2014): ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਮੈਦਾਨ ਭੱਖ ਚੁਕਿਆ ਹੈ।ਅੱਜ ਹਰਿਆਣਾ ਦੀ ਪ੍ਰਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਵਿਧਾਨ ਸਭਾ ਚੋਣਾਂ ਲਈ ਅੱਜ 8 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾਹੈ।
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਅਤੇ ਅਕਾਲੀ-ਇਨੈਲੋ ਰਿਸ਼ਤਿਆਂ ਦੀ ਗੱਲ ਕਰਦਿਆਂ ਅਭੈ ਚੋਟਾਲਾ ਨੇ ਕਿਹਾ ਕਿ ਪ੍ਰਕਾਂਸ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਹਰਿਆਣਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਟਾਰ ਪ੍ਰਚਾਰਕ ਹੋਣਗੇ।ਉਨ੍ਹਾਂ ਕਿਹਾ ਕਿ ਭਾਜਪਾ ਚਾਹੇ ਜਿੰਨਾ ਮਰਜ਼ੀ ਰੌਲਾ ਪਾ ਲਵੇ, ਬਾਦਲ ਇਨੈਲੋ ਦੀ ਹੀ ਮੱਦਦ ਕਰਨਗੇ।
ਉਨਾਂ ਕਿਹਾ ਕਿ ਭਾਂਵੇ ਪੰਜਾਬ ਵਿੱਚ ਬਾਦਲ-ਭਾਜਪਾ ਦੇ ਗਠਜੋੜ ਦੀ ਸਰਕਾਰ ਚੱਲ ਰਹੀ ਹੈ ਅਤੇ ਕੁਝ ਭਾਜਪਾ ਲੀਡਰ ਰੌਲਾ ਪਾ ਰਹੇ ਹਨ ਕਿ ਬਾਦਲ ਨੂੰ ਇਨੈਲੋ ਦੀ ਮੱਦਦ ਨਹੀਂ ਕਰਨੀ ਚਾਹੀਦੀ, ਪਰ ਬਾਦਲ ਇਨੈਲੋ ਦੀ ਮੱਦਦ ਕਰਨ ਲਈ ਆਪਣੇ ਫੈਸਲੇ ‘ਤੇ ਡਟ ਹੋਏ ਹਨ।
ਅੱਜ ਇੱਥੇ ਪੱਤਰਕਾਰ ਸੰਮੇਲਨ ‘ਚ ਇਨੈਲੋ ਨੇਤਾ ਅਭੈ ਸਿੰਘ ਚੌਟਾਲਾ ਵਿਧਾਇਕ ਤੇ ਪਾਰਟੀ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਅਸ਼ੋਕ ਅਰੋੜਾ ਨੇ ਦੱਸਿਆ ਕਿ ਪਾਰਟੀ ਨੇ ਹਿਸਾਰ ਤੋਂ ਭੀਮ ਮਹਾਜਨ, ਹਾਂਸੀ ਤੋਂ ਉਮੇਦ ਸਿੰਘ ਲੁਹਾਣ, ਰੋਹਤਕ ਸ਼ਹਿਰ ਤੋਂ ਰਾਜ ਕੁਮਾਰ ਸ਼ਰਮਾ, ਮੇਹਮ ਤੋਂ ਸਤੀਸ਼ ਦਾਸ, ਗੋਹਾਨਾ ਤੋਂ ਡਾ. ਕੇ. ਸੀ ਬਾਂਗੜ, ਝੱਜਰ ਤੋਂ ਡਾ. ਕਪੂਰ ਸਿੰਘ ਨਰਵਾਲ, ਸੋਹਾਣਾ ਤੋਂ ਕਿਸ਼ੋਰ ਯਾਦਵ, ਪੁੰਡਰੀ ਤੋਂ ਤੇਜਬੀਰ ਸਿੰਘ ਅਤੇ ਮਹੇਂਦਰਗੜ੍ਹ ਤੋਂ ਸ੍ਰੀਮਤੀ ਨਿਰਮਲਾ ਕੰਵਰ ਨੂੰ ਚੋਣ ਮੈਦਾਨ ‘ਚ ਉਤਾਰਿਆ।
ਇਨੈਲੋ ਵੱਲੋਂ 73 ਉਮੀਦਵਾਰ ਪਹਿਲਾਂ ਹੀ ਐਲਾਨੇ ਜਾ ਚੁੱਕੇ ਹਨ। ਇਸ ਤਰ੍ਹਾਂ ਹੁਣ ਤੱਕ ਇਨੈਲੋ ਵੱਲੋਂ 81 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।