ਜੈਤੋ (16 ਅਕਤੂਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਿਰੁੱਧ ਸ਼ਾਂਤਮਈ ਰੋਸ ਧਰਨਾ ਰਹੀ ਸਿੱਖ ਸੰਘਤ ‘ਤੇ ਪੁਲਿਸ ਵੱਲੌਂ ਬੇਰਹਿਮੀ ਨਾਲ ਗੋਲੀਆਂ ਚਲਾਉਣ ਨਾਲ ਸ਼ਹੀਦ ਹੋਏ ਦੋ ਸਿੰਘਾਂ ਗੁਰਜੀਤ ਸਿੰਘ ਬਿੱਟੂ (28) ਅਤੇ ਭਾਈ ਕਿ੍ਸ਼ਨ ਭਗਵਾਨ ਸਿੰਘ ਪਿੰਡ ਬਹਿਬਲ ਖ਼ੁਰਦ ਦਾ ਅੱਜ ਅੰਤਿਮ ਸੰਸਕਾਰ ਸਿੱਖ ਸੰਗਤ ਦੇ ਵੱਡੇ ਇਕੱਠ ਅਤੇ ਪੰਥਕ ਪ੍ਰਚਾਰਕਾਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ।

ਭਾਈ ਕਿ੍ਸ਼ਨ ਭਗਵਾਨ ਸਿੰਘ ਸਸਕਾਰ ਮੌਕੇ ਇਲਾਕੇ ਦੀਆਂ ਸੈਂਕੜੇ ਸੰਗਤਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਹਾਜ਼ਰ ਹਰ ਬੱਚੇ, ਬਜ਼ੁਰਗ, ਔਰਤਾਂ, ਨੌਜਵਾਨਾਂ ਆਦਿ ਦੀਆਂ ਅੱਖਾਂ ਨਮ ਸਨ ਅਤੇ ਪਰਿਵਾਰਕ ਮੈਂਬਰਾਂ ਤੋਂ ਦੁੱਖ ਝੱਲਿਆ ਨਹੀਂ ਸੀ ਜਾ ਰਿਹਾ ।

ਪਿੰਡ ਬਹਿਬਲ ਕਲਾਂ ਵਿਖੇ ਸ਼ਹੀਦ ਹੋਏ ਗੁਰਜੀਤ ਸਿੰਘ ਬਿੱਟੂ (28) ਪੁੱਤਰ ਸਾਧੂ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਸਰਾਂਵਾਂ ਦੇ ਸ਼ਮਸ਼ਾਨ ਘਾਟ ਵਿਖੇ ਵੱਡੀ ਗਿਣਤੀ ਸਿੱਖ ਜਥੇਬੰਦੀਆਂ, ਪਿੰਡਾਂ ਦੇ ਪੰਚ ਸਰਪੰਚ ਅਤੇ ਇਕੱਤਰ ਹੋਏ ਲੋਕਾਂ ਦੀ ਮੌਜੂਦਗੀ ਵਿਚ ਕਰ ਦਿੱਤਾ ਗਿਆ ।
ਸ਼ਹੀਦ ਦੀ ਦੇਹ ਨੂੰ ਭਾਈ ਪ੍ਰੰਥਪ੍ਰੀਤ ਸਿੰਘ ਖ਼ਾਲਸਾ, ਭਾਈ ਅਮਰੀਕ ਸਿੰਘ ਅਜਨਾਲਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਬਲਜੀਤ ਸਿੰਘ ਦਾਦੂਵਾਲਾ, ਭਾਈ ਸੁਖਜੀਤ ਸਿੰਘ ਖੋਸਾ, ਪਿਤਾ ਸਾਧੂ ਸਿੰਘ ਤੇ ਭਰਾ ਜਗਦੀਪ ਸਿੰਘ ਨੇ ਸਾਂਝੇ ਤੌਰ ‘ਤੇ ਅੱਗ ਵਿਖਾਈ ।