ਪਟਿਆਲਾ, ਪੰਜਾਬ: ਪੰਜਾਬੀ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀਆਂ ਨੇ ਅੱਜ “ਨਾਨਕ ਸ਼ਾਹ ਫਕੀਰ” ਨਾਮੀ ਵਿਵਾਦਤ ਫਿਲਮ ਦੇ ਵਿਰੋਧ ਵਿਚ ਭਾਰੀ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਫਿਲਮ ਉੱਤੇ ਫੌਰੀ ਤੌਰ ਉੱਤੇ ਮੁਕੰਮਲ ਰੋਕ ਲਗਾਏ ਜਾਣ ਦੀ ਮੰਗ ਕੀਤੀ।
ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਦੇ ਮੁੱਖ ਗੇਟ ਦੇ ਸਾਹਮਣੇ ਪਟਿਆਲਾ-ਰਾਜਪੁਰਾ ਮੁੱਖ ਸੜਕ ਉੱਤੇ ਕੁਝ ਸਮੇਂ ਲਈ ਆਵਾਜਾਈ ਵੀ ਠੱਪ ਕੀਤੀ ਗਈ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਇਕ ਮੰਗ ਪੱਤਰ ਪਟਿਆਲਾ ਦੇ ਡੀ. ਸੀ. ਨੂੰ ਸੌਂਪਿਆਂ ਗਿਆ ਜਿਸ ਵਿਚ ਇਹ ਮੰਗ ਕੀਤੀ ਗਈ ਹੈ ਕਿ ਵਿਵਾਦਤ ਫਿਲਮ ਨੂੰ ਜਾਰੀ ਹੋਣ ਤੋਂ ਰੋਕਿਆ ਜਾਵੇ।

ਵਿਦਿਆਰਥੀਆਂ ਵਲੋਂ ਭੇਜੇ ਗਏ ਮੰਗ ਪੱਤਰ ਵਿਚ ਪੰਜਾਬ ਦੇ ਮੁੱਖ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਕਿਹਾ ਗਿਆ ਹੈ ਕਿ:
ਸਤਿਕਾਰਯੋਗ ਮੁੱਖ ਮੰਤਰੀ ਜੀ ਜਿਸ ਤਰ੍ਹਾਂ ਕਿ ਆਪ ਭਲੀ ਭਾਂਤ ਜਾਣਦੇ ਹੀ ਹੋ ਕਿ ਖ਼ਾਲਸਾ ਪੰਥ ਨੇ ਗੁਰੂ ਸਾਹਿਬਾਨ ਬਾਰੇ ਕਿਸੇ ਵੀ ਤਰ੍ਹਾਂ ਦੀ ਫ਼ਿਲਮ ਬਣਾਉਣ ’ਤੇ ਰੋਕ ਲਗਾਈ ਹੋਈ ਸੀ ਪਰ 2005 ਵਿਚ ਸਾਹਿਬਜ਼ਾਦੇ, 2008 ਵਿੱਚ ਮੂਲਾ ਖੱਤਰੀ ਅਤੇ 2014 ਵਿਚ ਚਾਰ ਸਾਹਿਬਜ਼ਾਦੇ ਫ਼ਿਲਮਾਂ ਅਣਗਹਿਲੀ ਕਾਰਨ ਬਣ ਗਈਆਂ ਅਤੇ ਪ੍ਰਵਾਣ ਵੀ ਚੜ੍ਹ ਗਈਆਂ। ਇਸੇ ਤੋਂ ਉਤਸ਼ਾਹਿਤ ਹੋ ਕਿ ਫ਼ਿਲਮ ਉਦਯੋਗ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ’ਤੇ ਅਧਾਰਿਤ ‘ਨਾਨਕ ਸ਼ਾਹ ਫ਼ਕੀਰ’ ਫ਼ਿਲਮ ਬਣਾਉਣ ਦਾ ਹੀਆ ਕੀਤਾ ਹੈ। ਫ਼ਿਲਮ ਚਾਰ ਸਾਹਿਬਜ਼ਾਦੇ ਵਿੱਚ ਗੁਰੂ ਸਾਹਿਬਾਨ ਦੀ ਮੂਰਤੀ ਦਿਖਾਈ ਗਈ ਸੀ ਪਰ ਇਸ ਫ਼ਿਲਮ ਦੇ ਟ੍ਰੇਲਰ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦਾ ਸਿੱਧਾ ਰੋਲ ਹੀ ਦਿਖਾਇਆ ਗਿਆ ਹੈ। ਭਾਵੇਂ ਕਿ ਫ਼ਿਲਮ ਦੇ ਮਾਲਕਾਂ ਵਲੋਂ ਝੂਠ ਬੋਲਿਆ ਜਾ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਸਿੱਧਾ ਰੋਲ ਨਹੀਂ ਦਿਖਾਇਆ ਗਿਆ ਪਰ ਗੁਰੂ ਨਾਨਕ ਸਾਹਿਬ ਦਾ ਰੋਲ ਕਰਨ ਵਾਲੇ ਵਿਅਕਤੀ ਦਾ ਨਾਂ ਮੀਡੀਏ ਵਿਚ ਨਸ਼ਰ ਹੋ ਚੁੱਕਾ ਹੈ।
ਇਸ ਤਰ੍ਹਾਂ ਸਿੱਖ ਸ਼ਰਧਾ, ਸਿੱਖ ਭਾਵਨਾ, ਸਿੱਖ ਇਤਿਹਾਸ ਤੇ ਮਰਿਆਦਾ ਦੀ ਵਿਆਖਿਆ ‘ਵਪਾਰੀਆਂ’ ਅਤੇ ‘ਕੌਮ ਦੇ ਵਿਰੋਧੀਆਂ’ ਢਹੇ ਚੜ੍ਹਦੀ ਜਾ ਰਹੀ ਹੈ। ਜੇਕਰ ਇਸ ਵਰਤਾਰੇ ਨੂੰ ਇੱਥੇ ਹੀ ਨਾ ਰੋਕਿਆ ਗਿਆ ਤਾਂ ਇਹ ‘ਵਿਦੇਸ਼ੀ ਵਪਾਰੀਆਂ’ ਵਾਸਤੇ ਵੀ ‘ਲਾਹੇਵੰਦ ਸੌਦਾ’ ਬਣ ਜਾਵੇਗਾ ਜੋ ਕਿ ਪੂਰੀ ਕੌਮ ਵੱਲੋਂ ਵੀ ਰੋਕਣਾ ਅਸੰਭਵ ਹੋ ਜਾਵੇਗਾ ਅਤੇ ਕੌਮ ਵਾਸਤੇ ਬਹੁਤ ਮਾਰੂ ਸਾਬਤ ਹੋਵੇਗਾ।
ਇਸ ਲਈ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਅਤੇ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਸਿੱਖ ਸਿਧਾਂਤ ਅਤੇ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ। ਇਸ ਅਤਿ ਮਾੜੇ ਅਤੇ ਨਿੰਦਣਯੋਗ ਵਰਤਾਰੇ ਨੂੰ ਤੁਰੰਤ ਬੰਦ ਕਰਨ ਲਈ ਕਦਮ ਚੁੱਕੋ ਜੀ ਅਤੇ ਗੁਰੂ ਸਾਹਿਬਾਨ ਬਾਰੇ ਕਿਸੇ ਵੀ ਤਰ੍ਹਾਂ ਦੀ ਫ਼ਿਲਮ ਬਣਾਉਣ ਤੇ ਮੁਕੰਮਲ ਪਾਬੰਦੀ ਲਗਾਉਣ ਲਈ ਪੰਜਾਬ ਵਿਧਾਨ ਸਭਾ ਵਿੱਚੋਂ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਸਾਡੀ ਬੇਨਤੀ ਪ੍ਰਵਾਨ ਕਰੋਂਗੇ। ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ।
ਗੁਰੂ ਪੰਥ ਦੇ ਸੇਵਾਦਾਰ,
ਸਮੂਹ ਵਿਦਿਆਰਥੀ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।