ਨਵੀਂ ਦਿੱਲੀ (5 ਅਗਸਤ2014): ਅੱਜ ਸੁਪਰੀਮ ਕੋਰਟ ਨੇ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਪੁਛਿਆ ਕਿ ਦਿੱਲੀ ‘ਚ ਸਰਕਾਰ ਬਣਾਉਣ ਨੂੰ ਲੈ ਕੇ ਕੇਂਦਰ ਵੱਲੋਂ ਕੀ ਪਹਿਲ ਕੀਤੀ ਗਈ ਹੈ।
ਦਿੱਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਭੰਗ ਕਰਨ ਤੋਂ ਬਾਅਦ ਮੁਅੱਤਲ ਚੱਲ ਰਹੀ ਦਿੱਲੀ ਵਿਧਾਨ ਸਭਾ ਦੇ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਨੇ ਕੇਂਦਰ ਤੋਂ ਦਿੱਲੀ ‘ਚ ਸਰਕਾਰ ਗਠਨ ਦੇ ਮਸਲੇ ‘ਤੇ ਪੁੱਛਿਆ ਹੈ ਕਿ ਇਸ ਦਿਸ਼ਾ ‘ਚ ਹੁਣ ਤੱਕ ਕੀ ਕੋਸ਼ਿਸ਼ ਹੋਈ ਹੈ?
ਸੁਪਰੀਮ ਕੋਰਟ ਨੇ ਅੱਜ ਦਿੱਲੀ ‘ਚ ਵਿਧਾਨ ਸਭਾ ਮੁਅੱਤਲ ਹੋਣ ਦੇ ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਕੇਂਦਰ ਤੋਂ ਇਹ ਜਾਣਕਾਰੀ ਦੇਣ ਨੂੰ ਕਿਹਾ ਕਿ ਰਾਜਧਾਨੀ ‘ਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਉਸ ਦੇ ਵੱਲੋਂ ਕੀ ਯਤਨ ਕੀਤੇ ਗਏ ਹਨ?
ਸੁਪਰੀਮ ਕੋਰਟ ਨੇ ਸਰਕਾਰ ਨੂੰ ਇਹ ਸਾਫ਼ ਕਰਨ ਨੂੰ ਕਿਹਾ ਕਿ ਦਿੱਲੀ ਵਿਧਾਨ ਸਭਾ ਕਦੋਂ ਤੱਕ ਮੁਅੱਤਲ ਰਹੇਗੀ ਅਤੇ ਵਿਧਾਇਕ ਕਦੋਂ ਤੱਕ ਘਰ ਬੈਠੇ ਰਹਿਣਗੇ।
ਗੌਰਤਲਬ ਹੈ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 14 ਫਰਵਰੀ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਦਿੱਲੀ ‘ਚ ਵਿਧਾਨ ਸਭਾ ਮੁਅੱਤਲ ਹੈ ਅਤੇ ਰਾਸ਼ਟਰਪਤੀ ਰਾਜ ਲਾਗੂ ਹੈ।ਆਮ ਆਦਮੀ ਪਾਰਟੀ ਵੱਲੋਂ ਭਾਜਪਾ ‘ਤੇ ਇਹ ਦੋਸ਼ ਲਾਏ ਜਾ ਰਹੇ ਹਨ ਕਿ ਉਹ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ।