ਅੰਮ੍ਰਿਤਸਰ: ‘ਆਪ’ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਆਖਿਆ ਕਿ ਉਨ੍ਹਾਂ ਦੇ ਨਾਲ-ਨਾਲ ਸਰਹੱਦੀ ਪਿੰਡਾਂ ਦੇ ਲੋਕ ਕਹਿ ਰਹੇ ਹਨ ਕਿ ਸਰਹੱਦ ’ਤੇ ਬਣਿਆ ਤਣਾਅ ਆਉਂਦੀਆਂ ਚੋਣਾਂ ਨੂੰ ਅਗਾਂਹ ਪਾਉਣ ਦੀ ਰਣਨੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸ ਸਥਿਤੀ ਬਾਰੇ ਸਪੱਸ਼ਟ ਜਾਣਕਾਰੀ ਦੇਣ। ਘੁੱਗੀ ਸ਼ਨੀਵਾਰ ਨੂੰ ਸਰਹੱਦੀ ਪਿੰਡਾਂ ਦਾ ਦੌਰਾ ਕਰਨ ਪੁੱਜੇ ਸਨ।

ਮੀਡੀਆ ਨੂੰ ਸੰਬੋਧਨ ਕਰਦਿਆਂ ਘੁੱਗੀ ਨੇ ਆਖਿਆ ਕਿ ਉਨ੍ਹਾਂ ਨੂੰ ਹੀ ਨਹੀਂ ਸਗੋਂ ਲੋਕਾਂ ਨੂੰ ਵੀ ਇਹ ਲੱਗ ਰਿਹਾ ਹੈ ਕਿ ਚੋਣਾਂ ਨੇੜੇ ਪੰਜਾਬ ਸਰਹੱਦ ’ਤੇ ਬਣੀ ਤਣਾਅ ਵਾਲੀ ਸਥਿਤੀ ਸਿਰਫ਼ ਚੋਣਾਂ ਨੂੰ ਅਗਾਂਹ ਪਾਉਣ ਦੀ ਰਣਨੀਤੀ ਹੈ। ਉਨ੍ਹਾਂ ਆਖਿਆ ਕਿ ਲੋਕ ਇਸ ਸਬੰਧੀ ਜਵਾਬ ਮੰਗ ਰਹੇ ਹਨ ਕਿ ਇਹ ਤਣਾਅ ਸਿਰਫ਼ ਪੰਜਾਬ ਸਰਹੱਦ ’ਤੇ ਹੀ ਕਿਉਂ ਹੈ, ਗੁਜਰਾਤ ਤੇ ਰਾਜਸਥਾਨ ਦੀ ਸਰਹੱਦ ’ਤੇ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਸ ਬਾਰੇ ਸਪੱਸ਼ਟ ਜਾਣਕਾਰੀ ਦੇਣੀ ਚਾਹੀਦੀ ਹੈ। ‘ਆਪ’ ਆਗੂ ਨੇ ਆਖਿਆ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ, ਨਾ ਕਿਸੇ ਥਾਂ ਮੈਡੀਕਲ ਕੈਂਪ ਹੈ ਅਤੇ ਨਾ ਹੀ ਕਿਸੇ ਥਾਂ ਕੋਈ ਐਂਬੂਲੈਂਸ ਦੇਖੀ ਹੈ। ਸਹਿਮ ਕਾਰਨ ਲੋਕ ਆਪਣੀ ਅੱਧ ਪੱਕੀ ਫ਼ਸਲ ਨੂੰ ਕੱਟ ਰਹੇ ਹਨ, ਜਿਸ ਦੀ ਮੰਡੀਆਂ ਵਿੱਚ ਖ਼ਰੀਦ ਨਹੀਂ ਹੋਵੇਗੀ।
ਉਹ ਬੀਐਸਐਫ ਦੇ ਉਚ ਅਧਿਕਾਰੀਆਂ ਨੂੰ ਵੀ ਮਿਲੇ ਹਨ ਅਤੇ ਅਪੀਲ ਕੀਤੀ ਹੈ ਕਿ ਜੇਕਰ ਸੁਰੱਖਿਆ ਪ੍ਰਬੰਧਾਂ ਵਿੱਚ ਕੋਈ ਵਿਘਨ ਨਹੀਂ ਪੈਂਦਾ ਤਾਂ ਕੰਡਿਆਲੀ ਤਾਰ ਤੋਂ ਪਾਰ ਖੇਤਾਂ ਵਿੱਚ ਲੋਕਾਂ ਨੂੰ ਜਾਣ ਦੀ ਆਗਿਆ ਦਿੱਤੀ ਜਾਵੇ। ਸੁੱਚਾ ਸਿੰਘ ਛੋਟੇਪੁਰ ਵੱਲੋਂ ਆਪਣੀ ਵੱਖਰੀ ਪਾਰਟੀ ਬਣਾਉਣ ਦੇ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਉਨ੍ਹਾਂ ਆਖਿਆ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਆਪਣੀ ਪਾਰਟੀ ਬਣਾਉਣ ਦਾ ਹੱਕ ਹੈ।
ਇਸੇ ਦੌਰਾਨ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੇ ਸਾਬਕਾ ਮੀਡੀਆ ਸਲਾਹਕਾਰ ਸੁਖਦੀਪ ਸਿੰਘ ਸਿੱਧੂ, ਸਨਅਤਕਾਰ ਮੁਨੀਸ਼ ਅਗਰਵਾਲ ਸਮੇਤ ਹੋਰ ਕਈ ਜਣੇ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ ਹਨ। ਇਨ੍ਹਾਂ ਸਾਰਿਆਂ ਦਾ ਗੁਰਪ੍ਰੀਤ ਸਿੰਘ ਘੁੱਗੀ ਨੇ ਪਾਰਟੀ ਵਿੱਚ ਸਵਾਗਤ ਕੀਤਾ।