ਅੰਮ੍ਰਿਤਸਰ (16 ਅਕਤੂਬਰ, 2015): ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਅਗਵਾਈ ਵਿੱਚ ਪੰਜਾਂ ਜੱਥੇਦਾਰਾਂ ਦੀ ਹੋਈ ਇਕੱਤਰਤਾ ਵਿੱਚ ਪਿਛਲੇ ਦਿਨੀ ਸਰਸੇ ਦੇ ਅਖੌਤੀ ਸਾਧ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਮਾਫੀ ਨੂੰ ਰੱਦ ਕਰ ਦਿੱਤਾ ਹੈ।

ਸਿੱਖ ਸਿਆਸਤ ਨੂੰ ਸ਼੍ਰੀ ਅਕਾਲ ਤਖਤ ਸਹਿਬ ਦੇ ਸਕੱਤਰੇਤ ਤੋਂ ਪ੍ਰਾਪਤ ਪ੍ਰੈਸ ਨੋਟ ਵਿੱਚ ਲਿਖਿਆ ਗਿਆ ਹੈ ਕਿ “ ਡੇਰਾ ਮੁਖੀ ਸੌਦਾ ਅਸਾਧ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੇ ਖਿਮਾ ਜਾਚਨਾਂ ਸਪੱਸ਼ਟੀਕਰਨ ‘ਤੇ ਵੀਚਾਰ ਕਰਕੇ ਜੋ ਗੁਰਮਤਾ 8 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਿਕ 24 ਸਤੰਬਰ 2015 ਨੂੰ ਕੀਤਾ ਗਿਆ ਸੀ, ਉਸ ਗੁਰਮਤੇ ਨੂੰ ਗੁਰੂ ਪੰਥ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ।ਸਮ੍ਹੂ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਬੜੀ ਬਰੀਕੀ ਨਾਲ ਵਿਚਾਰਦਿਆਂ ਅੱਜ ਮਿਤੀ 30 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਿਕ 16 ਅਕਤੂਬਰ 2015, ਦਿਨ ਸ਼ੁੱਕਰਵਾਰ ਨੂੰ ਰੱਦ ਕੀਤਾ ਜਾਂਦਾ ਹੈ।
ਇਸ ਹੰਗਾਮੀ ਮੀਟਿੰਗ ਵਿੱਚ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਜੱਥੇਦਾਰ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਨਾਲ ਫੈਸਲੇ ਸਬੰਧੀ ਬਾਕੀ ਜੱਥੇਦਾਰਾਂ ਵੱਲੋਂ ਫੋਨ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਦੀ ਜਗਾਂ ‘ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਕਿ ਲੰਘੀ 24 ਸਤੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਪੰਜ ਤਖਤਾਂ ਦੇ ਜੱਥੇਦਾਰਾਂ ਨੇ ਸੌਦਾ ਸਾਧ ਵੱਲੌਂ 2007 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੇ ਮਾਮਲੇ ਵਿੱਚ ਮਾਫੀ ਦੇ ਦਿੱਤੀ ਗਈ ਸੀ।ਸੰਸਾਰ ਭਰ ਦੇ ਸਿੱਖਾਂ ਵੱਲੌਂ ਜੱਥੇਦਾਰਾਂ ਦੇ ਇਸ ਫੈਸਲੇ ਖਿਲਾਫ ਤਿੱਖਾਂ ਰੋਹ ਪ੍ਰਗਟਾਇਆ ਜਾ ਰਿਹਾ ਸੀ।
Jathedars withdraw pardon to controversial Dera Sirsa Chief Gurmeet Ram Rahim