ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਲਾਈਨ ਆਫ ਕੰਟਰੋਲ ‘ਤੇ ‘ਸਰਜੀਕਲ ਸਟ੍ਰਾਇਕ’ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਦ੍ਰਿੜ੍ਹਤਾ ਦਿਖਾਈ, ਉਸ ਲਈ ਉਹ ਮੋਦੀ ਨੂੰ ਸਲਿਊਟ ਕਰਦੇ ਹਨ।
ਭਾਰਤੀ ਫੌਜ ਨੇ ਪਿਛਲੇ ਹਫਤੇ ਦਾਅਵਾ ਕੀਤਾ ਸੀ ਕਿ ਉਸਨੇ ਪਾਕਿਸਤਾਨ ਦੇ ਨਾਲ ਲਗਦੀ ਲਾਈਨ ਆਫ ਕੰਟਰੋਲ ਦੇ ਕੋਲ ਮੁਜਾਹਦੀਨਾਂ ਦੇ ਟਿਕਾਣਿਆਂ ‘ਤੇ ‘ਸਰਜੀਕਲ ਸਟ੍ਰਾਇਕ’ ਕੀਤੀ ਹੈ। ਜਦਕਿ ਪਾਕਿਸਤਾਨੀ ਫੌਜ ਨੇ ਭਾਰਤ ਦੇ ਇਨ੍ਹਾਂ ਦਾਅਵਿਆਂ ਦਾ ਖੰਡਣ ਕੀਤਾ ਅਤੇ ਕਿਹਾ ਕਿ ਇਹ ਸਿਰਫ ਹਮੇਸ਼ਾਂ ਦੀ ਤਰ੍ਹਾਂ ਲਾਈਨ ਆਫ ਕੰਟਰੋਲ (LOC) ‘ਤੇ ਗੋਲੀਬਾਰੀ ਤਕ ਹੀ ਸੀਮਤ ਸੀ।

ਕੇਜਰੀਵਾਲ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਕਾਂਗਰਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਵੀ ਇਸ ਕਹੀ ਜਾਂਦੀ ‘ਸਰਜੀਕਲ ਸਟ੍ਰਾਇਕ’ ਲਈ ਮੋਦੀ ਦੀ ਤਰੀਫ ਕਰ ਚੁੱਕੇ ਹਨ।
ਕੇਜਰੀਵਾਲ ਨੇ ਵੀਡੀਓ ਸੁਨੇਹਾ ਜਾਰੀ ਕਰਦੇ ਹੋਏ ਕਿਹਾ, “ਸਾਡੇ ਮੋਦੀ ਨਾਲ 100 ਮੁੱਦਿਆਂ ‘ਤੇ ਮਤਭੇਦ ਹੋ ਸਕਦੇ ਹਨ ਪਰ ਮੋਦੀ ਨੇ ਜਿਹੜੀ ਦ੍ਰਿੜ੍ਹਤਾ ਦਿਖਾਈ ਉਸ ਲਈ ਮੈਂ ਉਨ੍ਹਾਂ ਨੂੰ ਸਲਿਊਟ ਕਰਦਾ ਹਾਂ।”
ਕੇਜਰੀਵਾਲ ਨੇ ਕਿਹਾ ਕਿ ਇਸ ਹਮਲੇ ਨਾਲ ਪਾਕਿਸਤਾਨ ਬੌਂਦਲ ਗਿਆ ਹੈ ਅਤੇ ਹੁਣ ਉਹ ਕੌਮਾਂਤਰੀ ਮੀਡੀਏ ‘ਚ ਝੂਠ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਆਪਣੇ ਪੱਤਰਕਾਰਾਂ ਨੂੰ ਸਰਹੱਦ ‘ਤੇ ਲਿਜਾ ਕੇ ਗੁੰਮਰਾਹ ਕਰ ਰਿਹਾ ਹੈ। ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੋਈ ‘ਸਰਜੀਕਲ ਸਟ੍ਰਾਇਕ’ ਹੋਈ ਹੀ ਨਹੀਂ।
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੇ ਝੂਠੇ ਪ੍ਰਚਾਰ ਦਾ ਜਵਾਬ ਦੇਣ। ਕੇਜਰੀਵਾਲ ਨੇ ਕਿਹਾ, “ਮੇਰੀ ਪ੍ਰਧਾਨ ਮੰਤਰੀ ਨੂੰ ਅਪੀਲ ਹੈ ਕਿ ਜਿਵੇਂ ਜ਼ਮੀਨ ‘ਤੇ ਪਾਕਿਸਤਾਨ ਨੂੰ ਜਵਾਬ ਦਿੱਤਾ, ਇਵੇਂ ਹੀ ਪਾਕਿਸਤਾਨ ਦੇ ਝੂਠੇ ਪ੍ਰਚਾਰ ਨੂੰ ਬੇਪਰਦਾ ਕਰੋ, ਅਸੀਂ ਸਾਰੇ ਤੁਹਾਡੇ ਨਾਲ ਹਾਂ।”
ਸਬੰਧਤ ਖ਼ਬਰ:
ਤਣਾਅ ਸਿਰਫ ਪੰਜਾਬ ਸਰਹੱਦ ‘ਤੇ ਹੀ ਕਿਉਂ, ਗੁਜਰਾਤ, ਰਾਜਸਥਾਨ ‘ਚ ਕਿਉਂ ਨਹੀਂ; ਚੋਣਾਂ ਟਾਲਣ ਦੀ ਸਾਜਿਸ਼: ‘ਆਪ’ …