ਅੰਮ੍ਰਿਤਸਰ: ਪਿਛਲੇ ਵਰ੍ਹੇ ਜੂਨ ਮਹੀਨੇ ਵਿੱਚ ਅਕਾਲੀ ਆਗੂ ਮੁਖਜੀਤ ਸਿੰਘ ਮੁੱਖਾ ਵੇਰਕਾ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦੇ ਦੋਸ਼ ਹੇਠ ਅੱਠ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਦੀ ਸਿਫ਼ਾਰਸ਼ ’ਤੇ ਆਈਪੀਸੀ ਦੀ ਧਾਰਾ 304 ਤਹਿਤ ਕੇਸ ਦਰਜ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਸ ਮਾਮਲੇ ਵਿੱਚ ਜਿਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਉਨ੍ਹਾਂ ਵਿੱਚ ਸਬ ਇੰਸਪੈਕਟਰ ਰਮੇਸ਼ ਕੁਮਾਰ, ਏਐਸਆਈ ਜੋਗਿੰਦਰ ਸਿੰਘ, ਹੌਲਦਾਰ ਰਣਬੀਰ ਸਿੰਘ, ਰਾਜੇਸ਼ ਕੁਮਾਰ, ਜਸਬੀਰ ਸਿੰਘ, ਸੰਦੀਪ ਕੁਮਾਰ, ਨਵਜੋਤ ਸਿੰਘ ਅਤੇ ਕਾਂਸਟੇਬਲ ਸਤਵਿੰਦਰਜੀਤ ਸਿੰਘ ਸ਼ਾਮਲ ਹਨ। ਨਾਮਜ਼ਦ ਕੀਤਾ ਸਬ ਇੰਸਪੈਕਟਰ ਉਸ ਵੇਲੇ ਐਂਟੀ ਨਾਰਕੋਟਿਕ ਸੈੱਲ ਦਾ ਇੰਚਾਰਜ ਸੀ।
ਮਿਲੀ ਜਾਣਕਾਰੀ ਮੁਤਾਬਕ ਇਸ ਕੇਸ ਦੀ ਜਾਂਚ ਵਾਸਤੇ ਬਣਾਈ ਵਿਸ਼ੇਸ਼ ਟੀਮ ਨੇ ਆਪਣੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਹੈ, ਜਿੱਥੇ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਰਿੱਟ ਪਟੀਸ਼ਨ ਦਾਇਰ ਕੀਤੀ ਹੋਈ ਹੈ। ਅਕਾਲੀ ਆਗੂ ਮੁਖਜੀਤ ਸਿੰਘ ਮੁੱਖਾ ਵੇਰਕਾ ਨੂੰ ਪਿਛਲੇ ਵਰ੍ਹੇ 16 ਜੂਨ ਦੀ ਸ਼ਾਮ ਨੂੰ ਪਿੰਡ ਮੂਧਲ ਨੇੜੇ ਪੁਲੀਸ ਕਰਮਚਾਰੀਆਂ ਨੇ ਉਸ ਵੇਲੇ ਗੋਲੀਆਂ ਮਾਰੀਆਂ ਸਨ, ਜਦੋਂ ਉਹ ਆਪਣੀ ਕਾਰ ਵਿੱਚ ਘਰੇਲੂ ਕੰਮ ਜਾ ਰਿਹਾ ਸੀ। ਪੁਲੀਸ ਕਰਮਚਾਰੀਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਕਾਬੂ ਕਰਨ ਲਈ ਨਾਕਾ ਲਾਇਆ ਹੋਇਆ ਸੀ।
ਇਸ ਮਾਮਲੇ ਵਿੱਚ ਮੁੱਖਾ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ। ਸਬ ਇੰਸਪੈਕਟਰ ਰਮੇਸ਼ ਕੁਮਾਰ ਨੇ ਉਸ ਵੇਲੇ ਦਾਅਵਾ ਕੀਤਾ ਕਿ ਮੁੱਖਾ ਨੇ ਪੁਲੀਸ ਪਾਰਟੀ ’ਤੇ ਗੋਲੀ ਚਲਾਈ ਸੀ, ਜਿਸ ਦੇ ਜਵਾਬ ਵਿੱਚ ਪੁਲੀਸ ਨੇ ਵੀ ਗੋਲੀ ਚਲਾਈ ਅਤੇ ਮੁੱਖਾ ਮਾਰਿਆ ਗਿਆ। ਪੁਲੀਸ ਨੇ ਮੁੱਢਲੀ ਜਾਂਚ ਦੌਰਾਨ ਇਸ ਘਟਨਾ ਨੂੰ ਗਲਤ ਸ਼ਨਾਖਤ ਦਾ ਮਾਮਲਾ ਦੱਸਿਆ। ਮਗਰੋਂ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਹੋਇਆ। ਸੂਤਰਾਂ ਮੁਤਾਬਕ ਮਾਮਲੇ ਦੀ ਜਾਂਚ ਕਰ ਰਹੀ ਫੋਰੈਂਸਿਕ ਟੀਮ ਨੇ ਪੁਲੀਸ ਦਾਅਵੇ ਨੂੰ ਗਲਤ ਦੱਸਿਆ ਸੀ ਕਿ ਮੁੱਖਾ ਨੇ ਪੁਲੀਸ ਪਾਰਟੀ ’ਤੇ ਗੋਲੀ ਚਲਾਈ ਹੈ।