ਚੰਡੀਗੜ੍ਹ: ਸੁਖਬੀਰ ਬਾਦਲ ਵੱਲੋਂ ਹਰੀਕੇ ਝੀਲ ਵਿੱਚ ਚਲਾਉਣ ਲਈ ਲਿਆਂਦੀ ਬੱਸ ਦਸੰਬਰ ਤੋਂ ਲੈ ਕੇ ਹੁਣ ਤੱਕ ਗੈਰਾਜ ਦਾ ‘ਸ਼ਿੰਗਾਰ’ ਬਣੀ ਰਹੀ ਤੇ ਹੁਣ ਇਸ ਬੱਸ ਦੀ ਗੋਆ ਵਾਪਸੀ ਦੀ ਟਿਕਟ ਕੱਟ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੀ 12 ਦਸੰਬਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣਾ ਵਾਅਦਾ ਪੁਗਾਉਣ ਲਈ ਹਰੀਕੇ ਝੀਲ ਵਿੱਚ ਚੱਲਣ ਵਾਲੀ ਬੱਸ ਦਾ ਉਦਘਾਟਨ ਕੀਤਾ ਸੀ, ਜੋ ਉਸੇ ਵਕਤ ਤੋਂ ਗੈਰਾਜ ਵਿੱਚ ਖੜ੍ਹੀ ਸੀ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ 13 ਫਰਵਰੀ ਨੂੰ ਨਵੀਂ ਜਲ ਬੱਸ ਲਿਆ ਕੇ ਗੈਰਾਜ ਵਿੱਚ ਖੜ੍ਹੀ ਕਰ ਦਿੱਤੀ ਗਈ, ਜਿਸ ਦੀ ਕਿਸੇ ਨੂੰ ਸੂਹ ਤੱਕ ਵੀ ਨਹੀਂ ਲੱਗਣ ਦਿੱਤੀ ਗਈ ਪਰ ਸੈਰ-ਸਪਾਟਾ ਵਿਭਾਗ ਨੇ ਜਲ ਬੱਸ ਦੀ ਵਾਪਸੀ ਦੀ ਟਿਕਟ ਕਟਾ ਦਿੱਤੀ ਹੈ। ਰਾਤ ਦੇ ਹਨੇਰੇ ਵਿੱਚ ਹੀ ਟਰਾਲੇ ਦੇ ਡਰਾਈਵਰ ਨੂੰ ਆਦੇਸ਼ ਦੇ ਦਿੱਤੇ ਗਏ ਕਿ ਇਹ ਬੱਸ ਵਾਪਸ ਲੈ ਜਾਵੇ ਪਰ ਟਰੱਕ ਡਰਾਈਵਰ ਕੋਲ ਜਲ ਬੱਸ ਦੇ ਕਾਗਜ਼ ਨਾ ਹੋਣ ਕਾਰਨ ਅਤੇ ਟਰੱਕ ਵਿੱਚ ਡੀਜ਼ਲ ਪਵਾਉਣ ਲਈ ਪੈਸਿਆਂ ਦਾ ਪ੍ਰਬੰਧ ਨਾ ਹੋਣ ਕਾਰਨ ਟਰੱਕ ਨੂੰ ਬੱਸ ਸਮੇਤ ਹਰੀਕੇ ਤੋਂ ਬਾਹਰ ਖੜ੍ਹਾ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ।
ਸਬੰਧਤ ਖ਼ਬਰ:
ਉਂਜ ਕਿਹਾ ਜਾ ਰਿਹਾ ਹੈ ਕਿ ਮਾਰਚ ਵਿੱਚ ਨਵੀਂ ਜਲ ਬੱਸ ਸੈਲਾਨੀਆਂ ਲਈ ਹਰੀਕੇ-ਹੈੱਡ ਵਿੱਚ ਉਤਾਰੀ ਜਾਵੇਗੀ। ਇਸ ਸਬੰਧੀ ਹਲਕਾ ਪੱਟੀ ਦੇ ਕਾਂਗਰਸ ਦੇ ਇੰਚਾਰਜ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਕਰੂਜ਼ ਜਲ ਬੱਸ ਚਲਾਉਣ ਦਾ ਸੁਪਨਾ ਉਦਘਾਟਨ ਵਾਲੇ ਦਿਨ ਹੀ ਟੁੱਟ ਗਿਆ ਸੀ, ਕਿਉਂਕਿ ਅਮਰੀਕਾ ਤੋਂ ਮੰਗਵਾਈ ਬੱਸ ਦਾ ਡਿਜ਼ਾਈਨ ਘੜੁੱਕੇ ਵਰਗਾ ਲੱਗ ਰਿਹਾ ਸੀ। ਇਸ ਦੌਰਾਨ ‘ਆਪ’ ਆਗੂ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਬੱਸ ਸਹੀ ਸੀ ਤਾਂ ਉਸ ਨੂੰ ਰਾਤ ਦੇ ਹਨੇਰੇ ਵਿੱਚ ਭੇਜ ਕੇ ਨਵੀਂ ਬੱਸ ਨੂੰ ਰਾਤ ਵੇਲੇ ਚੁੱਪ-ਚਪੀਤੇ ਮੰਗਵਾਉਣ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਬੱਸ ਨੂੰ ਲਿਆਉਣਾ ਤੇ ਵਾਪਸ ਭੇਜਣਾ ਕਈ ਸਵਾਲ ਖੜ੍ਹੇ ਕਰਦਾ ਹੈ।
ਸਬੰਧਤ ਖ਼ਬਰ:
ਹਰੀਕੇ ਪੱਤਣ ਤੋਂ ਆਪ ਨੇ ਸ਼ੁਰੂ ਕੀਤੀ ‘ਸੁਖਬੀਰ ਦੀ ਗੱਪ, ਆਪ ਦਾ ਸੱਚ’ ਮੁਹਿੰਮ …