ਅੰਮ੍ਰਿਤਸਰ ( 4 ਜਨਵਰੀ, 2016): ਪਿੱਛਲੇ ਵੀਹ ਸਾਲਾਂ ਤੋਂ ਜ਼ਿਅਦਾ ਸਮੇਂ ਤੋਂ ਜੇਲ ਵਿੱਚ ਬੰਦ ਸਿੱਖ ਸਿਆਸੀ ਕੈਦੀ ਭਾਈ ਬਾਜ਼ ਸਿੰਘ ਅੱਜ ਕੇਂਦਰੀ ਜੇਲ ਅੰਮ੍ਰਿਤਸਰ ਤੋਂ ਰਿਹਾਅ ਹੋ ਗਏ ਹਨ। ਉਨ੍ਹਾਂ ਨੂੰ ਰਿਹਾਅ ਕਰਨ ਦੇ ਹੁਕਮ ਭਾਰਤ ਦੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਰ ਦਿੱਤੇ ਸਨ।
ਉਨ੍ਹਾਂ ਦੀ ਸੁਖ ਭਰੀ ਜ਼ਿੰਦਗੀ ‘ਤੇ ਦੁਖਾਂ ਦੇ ਪ੍ਰਛਾਵੇਂ ਉਸ ਵਕਤ ਪੈਣੇ ਸ਼ੁਰੂ ਹੋਏ ਜਦੋਂ 1993 ਵਿੱਚ ਪੰਜਾਬ ਪੁਲਿਸ ਨੇ ਉਨ੍ਹਾਂ ‘ਤੇ ਕਈ ਝੂਠੇ ਮੁਕੱਦਮੇ ਦਰਜ਼ ਕਰਕੇ ਕੇਂਦਰੀ ਜੇਲ ਅੰਮ੍ਰਿਤਸਰ ਬੰਦ ਕਰ ਦਿੱਤਾ। ਇਸ ਤੋਂ ਕੁਝ ਮਹੀਨਿਆਂ ਬਾਅਦ ਹੀ ਰੋਪੜ ਜਿਲੇ ਦੀ ਪੁਲਿਸ ਭਾਈ ਬਾਜ਼ ਸਿੰਘ ਨੂੰ ਅੰਮ੍ਰਿਤਸਰ ਦੀ ਜੇਲ ਤੋਂ ਰਿਮਾਂਡ ‘ਤੇ ਲੈ ਆਈ ਅਤੇ ਉਨ੍ਹਾਂ ਖਿਲਾਫ ਇੱਕ ਹੋਰ ਝੂਠਾ ਮੁਕੱਦਮਾ ਦਰਜ਼ ਕਰ ਦਿੱਤਾ।

ਭਾਈ ਬਾਜ਼ ਸਿੰਘ ਨੂੰ ਸੰਨ 2000 ਵਿੱਚ ਫਰੀਦਕੋਰਟ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਭਾਈ ਬਾਜ਼ ਸਿਂਘ ਦੀ ਰਿਹਾਈ ਦਾ ਸਿਹਰਾ ਲੈਣ ਲਈ ਬਹੁਤ ਸਾਰੀਆਂ ਧਿਰਾਂ ਅੱਗੇ ਆ ਰਹੀਆਂ ਹਨ। ਜਦਕਿ ਅਸਲੀਅਤ ਇਹ ਹੈ ਕਿ ਭਾਈ ਬਾਜ਼ ਸਿੰਘ ਦੀ ਰਿਹਾਈ ਸੁਪਰੀਮ ਕੋਰਟ ਰਾਹੀਂ ਭਾਰਤ ਦੀ ਕੇਂਦਰੀ ਸਰਕਾਰ ਵੱਲੋਂ ਕੀਤੀ ਗਈ ਹੈ।
ਭਾਰਤੀ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਦਿੱਤੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਟਾਡਾ ਕਾਨੂੰਨ ਅਧੀਨ ਜਾਂ ਕਿਸੇ ਸੀਬੀਆਈ ਵਰਗੀ ਕੇਂਦਰੀ ਜਾਂਚ ਏਜ਼ੰਸੀ ਵਾਲੇ ਕੇਸਾਂ ਵਿੱਚ ਕੈਦੀਆਂ ਦੀ ਰਿਹਾਈ ਸੂਬਾ ਸਰਕਾਰਾਂ ਨਹੀਂ ਕਰ ਸਕਦੀਆਂ। ਇਸ ਕਰਕੇ ਉਮਰ ਕੈਦ ਦੀ ਸਜ਼ਾ ਭੁਗਤ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਸੂਬਾ (ਪੰਜਾਬ) ਸਰਕਾਰ ਨਹੀਂ ਕਰ ਸਕਦੀ।
ਭਾਈ ਬਾਜ਼ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭੁੱਲਰਾਂ, ਜਿਲਾ ਅੰਮ੍ਰਿਤਸਰ ਨੂੰ ਮੁਕੱਦਮਾ ਨੰ. 182, ਮਿਤੀ 27/09/1990 ਅਧੀਨ ਧਾਰਾਵਾਂ 302, ਟਾਡਾ ਐਕਟ 3,4 ਪੁਲਿਸ ਥਾਣਾ ਸਦਰ ਮਲੋਟ, ਜਿਲਾ ਮੁਕਤਸਰ ਸਾਹਿਬ, ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।