Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਰੈਫਰੈਂਸ ਲਾਇਬ੍ਰੇਰੀ: ਤਬਾਹ ਕੀਤੇ ਤੇ ਲੁੱਟੇ ਗਏ ਵਿਰਸੇ ਦੀ ਭਾਲ ਦਾ ਮਸਲਾ

ਸਿੱਖ ਰੈਫਰੈਂਸ ਲਾਇਬ੍ਰੇਰੀ: ਤਬਾਹ ਕੀਤੇ ਤੇ ਲੁੱਟੇ ਗਏ ਵਿਰਸੇ ਦੀ ਭਾਲ ਦਾ ਮਸਲਾ

ਪਰਮਜੀਤ ਸਿੰਘ ਗਾਜ਼ੀ

ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮਸਲਾ ਇੱਕ ਵਾਰ ਮੁੜ ਚਰਚਾ ਵਿਚ ਹੈ। 12 ਮਾਰਚ 2026 ਨੂੰ ਇੰਡੀਆ ਦੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪ੍ਰਸ਼ਨ ਕਾਲ ਦੌਰਾਨ ਇਹ ਮੁੱਦਾ ਚੁੱਕਿਆ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦਿਆਂ ਇਸ ਦੀਆਂ ਦੁਰਲੱਭ ਹੱਥ-ਲਿਖਤਾਂ ਅਤੇ ਹੱਥ-ਲਿਖਤ ਪਾਵਨ ਸਰੂਪਾਂ ਦੀ ਵਾਪਸੀ ਦੀ ਮੰਗ ਕੀਤੀ।

ਇਸ ਦੇ ਜਵਾਬ ਵਿੱਚ ਕੇਂਦਰੀ ਸੱਭਿਆਚਾਰਕ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਹੋਏ ਨੁਕਸਾਨ ਨੂੰ ਇੱਕ ‘ਬੇਹੱਦ ਮੰਦਭਾਗੀ ਘਟਨਾ’ ਕਰਾਰ ਦਿੱਤਾ। ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਕੇਂਦਰ ਸਰਕਾਰ “ਗਿਆਨ ਭਾਰਤਮ ਮਿਸ਼ਨ” ਤਹਿਤ ਨੁਕਸਾਨੇ ਗਏ ਸਿੱਖ ਸਾਹਿਤ ਨੂੰ ਬਿਜਾਲੀ (ਡਿਜੀਟਲ) ਰੂਪ ਵਿੱਚ ਬਹਾਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੇਗੀ ਅਤੇ ਇਸ ਪਹਿਲਕਦਮੀ ਨੂੰ ਅੱਗੇ ਵਧਾਉਣ ਲਈ ਸੰਸਦ ਮੈਂਬਰ ਨਾਲ ਹੋਰ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਇਸ ਐਲਾਨ ਪ੍ਰਤੀ ਸਿੱਖ ਜਥੇਬੰਦੀਆਂ ਦੇ ਪ੍ਰਤੀਕਰਮ ਵੇਖਣ ਵਾਲਾ ਹੋਵੇਗਾ ਕਿਉਂਕਿ ਸਿੱਖਾਂ ਅਤੇ ਇੰਡੀਅਨ ਸਟੇਟ ਦਰਮਿਆਨ ਇਤਿਹਾਸਕ ਤੇ ਵਰਤਮਾਨ ਕਾਰਨਾਂ ਕਰਕੇ ਬੇਵਿਸ਼ਵਾਸੀ ਦੀ ਇਕ ਬਹੁਤ ਡੂੰਘੀ ਖੱਡ ਹੈ। ਬਹੁਤਾਤ ਸਿੱਖ ਹਲਕੇ ਇਹ ਮੰਨਦੇ ਹਨ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਇੱਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਲੁੱਟਿਆ ਗਿਆ ਸੀ, ਜਿਸਦਾ ਮਕਸਦ ਇਤਿਹਾਸਕ ਸਿੱਖ ਨਿਸ਼ਾਨੀਆਂ ਅਤੇ ਪਵਿੱਤਰ ਲਿਖਤਾਂ ਨੂੰ ਜ਼ਬਤ ਕਰਨਾ ਅਤੇ ਸੰਭਾਵੀ ਤੌਰ ’ਤੇ ਉਨ੍ਹਾਂ ਨਾਲ ਛੇੜਛਾੜ ਕਰਨਾ ਸੀ।

ਸਿੱਖ ਇਤਿਹਾਸ ਦਾ ਅਨਮੋਲ ਖ਼ਜ਼ਾਨਾ

ਉਹ ਅਦਾਰਾ ਜੋ ਬਾਅਦ ਵਿਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਨਾਮ ਨਾਲ ਪ੍ਰਸਿੱਖ ਹੋਇਆ, ਇਸ ਦੀ ਨੀਂਹ 10 ਫਰਵਰੀ 1945 ਨੂੰ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਪ੍ਰਮੁੱਖ ਵਿਦਵਾਨਾਂ ਦੇ ਇੱਕ ਇਕੱਠ ਦੌਰਾਨ ਰੱਖੀ ਗਈ ਸੀ। ਇਸ ਅਹਿਮ ਬੈਠਕ ਦੀ ਅਗਵਾਈ ਸ਼ਹਿਜ਼ਾਦੀ ਬੰਬਾ ਸਦਰਲੈਂਡ ਨੇ ਕੀਤੀ ਸੀ—ਜੋ ਸ਼ੇਰੇ-ਪੰਜਾਬ ਸਰਕਾਰ ਰਣਜੀਤ ਸਿੰਘ ਦੀ ਪੋਤਰੀ ਤੇ ਦਲੀਪ ਸਿੰਘ ਦੀ ਸਭ ਤੋਂ ਵੱਡੀ ਸਪੁੱਤਰੀ ਸੀ ਅਤੇ ਉਸ ਵੇਲੇ ਸ਼ੇਰੇ-ਪੰਜਾਬ ਦੇ ਪਰਿਵਾਰ ਦੀ ਆਖਰੀ ਜਿੰਦਾ ਜੀਅ ਸੀ। ਨਵੀਂ ਬਣੀ ‘ਸਿੱਖ ਹਿਸਟੋਰੀਕਲ ਸੁਸਾਇਟੀ’ ਦੀ ਮਾਣਦ (ਆਨਰੇਰੀ) ਪ੍ਰਧਾਨ ਵਜੋਂ ਸ਼ਹਿਜਾਦੀ ਬੰਬਾ ਦੀ ਅਗਵਾਈ ਹੇਠ ਖਾਲਸਾ ਕਾਲਜ ਵਿਖੇ “ਸੈਂਟਰਲ ਸਿੱਖ ਲਾਇਬ੍ਰੇਰੀ” ਦੀ ਸਥਾਪਨਾ ਕੀਤੀ ਗਈ।

Sikh-Reference-Liberary
ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦਰਵਾਜੇ ਉੱਤੇ ਲੱਗੀ ਤਖਤੀ ਦੀ ਇਕ ਪੁਰਾਣੀ ਤਸਵੀਰ

27 ਅਕਤੂਬਰ 1946 ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੇ ਇੱਕ ਮਤਾ ਪਾਸ ਕਰਕੇ ਇਸ ਸੰਗ੍ਰਹਿ ਨੂੰ ਨਵੀਂ ਬਣੀ ‘ਸਿੱਖ ਰੈਫਰੈਂਸ ਲਾਇਬ੍ਰੇਰੀ’ ਵਿੱਚ ਸ਼ਾਮਲ ਕਰ ਦਿੱਤਾ। ਸ਼ੁਰੂਆਤ ਵਿੱਚ ਇਹ ਕਿਤਾਬਘਰ ਗੁਰੂ ਰਾਮਦਾਸ ਨਿਵਾਸ ਵਿਖੇ ਸੀ। ਇਸ ਦੇ ਤੇਜ਼ੀ ਨਾਲ ਵੱਧ ਰਹੇ ਪੁਰਾਲੇਖਾਂ (ਆਰਕਾਈਵ) ਖਜਾਨੇ ਨੂੰ ਆਖਰਕਾਰ 1953 ਵਿੱਚ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਬਣੀ ਇੱਕ ਨਵੀਂ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ।

ਇਹ ਸਿੱਖਾਂ ਦੀ ਸੰਸਥਾਗਤ ਯਾਦ ਅਤੇ ਰੂਹਾਨੀ ਵਿਰਸੇ ਦਾ ਭੰਡਾਰ ਸੀ। 1984 ਤੋਂ ਪਹਿਲਾਂ, ਇਸ ਖ਼ਜ਼ਾਨੇ ਵਿੱਚ ਲਗਭਗ 20,000 ਸਾਹਿਤਕ ਕਿਰਤਾਂ, 12,000 ਤੋਂ ਵੱਧ ਦੁਰਲੱਭ ਕਿਤਾਬਾਂ ਅਤੇ ਲਗਭਗ 2,500 ਬੇਸ਼ਕੀਮਤੀ ਹੱਥ-ਲਿਖਤਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ-ਲਿਖਤ ਪਾਵਨ ਸਰੂਪ (ਜਿਨ੍ਹਾਂ ਵਿੱਚ ਦਮਦਮੀ ਬੀੜ ਵੀ ਸ਼ਾਮਲ ਸੀ) ਅਤੇ ਗੁਰੂ ਸਾਹਿਬਾਨ ਦੇ ਆਪਣੇ ਹਸਤਾਖਰਾਂ ਵਾਲੇ 20 ਤੋਂ 25 ਹੁਕਮਨਾਮੇ ਸ਼ਾਮਿਲ ਸਨ।

ਇਸ ਕਿਤਾਬਘਰ ਵਿੱਚ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਸਿੱਖਾਂ ਦੇ ਇਤਿਹਾਸਕ ਸਫ਼ਰ ਨੂੰ ਬਿਆਨ ਕਰਦੀਆਂ ਬੇਮਿਸਾਲ ਨਿਸ਼ਾਨੀਆਂ ਅਤੇ ਸਾਹਿਤ ਵੀ ਮੌਜੂਦ ਸੀ।

ਜੂਨ 1984 ਦਾ ਘੱਲੂਘਾਰਾ ਅਤੇ ਗਿਆਨਸਰੋਤ-ਕੁਸ਼ੀ (ਲਿਬਰੀਸਾਈਡ)

ਜੂਨ 1984 ਵਿੱਚ ਦਿੱਲੀ ਦਰਬਾਰ ਦੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ (ਅੰਮ੍ਰਿਤਸਰ) ਸਮੇਤ ਪੰਜਾਬ ਤੇ ਇਸਦੇ ਗਵਾਂਢੀ ਸੂਬਿਆਂ ਵਿਚ ਲਗਭਗ 70 ਸਿੱਖ ਗੁਰਦੁਆਰਿਆਂ ’ਤੇ ਕੀਤੇ ਗਏ ਹਮਲੇ ਨੂੰ ਇੰਡੀਅਨ ਸਟੇਟ ਅਤੇ ਫੌਜ ਵੱਲੋਂ “ਆਪ੍ਰੇਸ਼ਨ ਬਲਿਊ ਸਟਾਰ” ਦਾ ਗੁਪਤ ਨਾਮ (ਕੋਡ-ਨੇਮ) ਦਿੱਤਾ ਗਿਆ ਸੀ, ਪਰ ਸਿੱਖਾਂ ਨੇ ਇਹਨਾ ਹਮਲਿਆਂ ਨੂੰ ਸਿੱਖ ਇਤਿਹਾਸ ਦੇ ‘ਤੀਜੇ ਘੱਲੂਘਾਰੇ’ ਵੱਲੋਂ ਤਸਲੀਮ ਕੀਤਾ ਹੈ।

ਜੂਨ 1984 ਦੇ ਘੱਲੂਘਾਰੇ ਦੌਰਾਨ ਟੈਂਕਾਂ ਦੀ ਗੋਲਾਬਾਰੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ ਭਾਰੀ ਨੁਕਸਾਨ ਹੋਇਆ। ਹਾਲਾਂਕਿ, ਇਹ ਦੁਖਾਂਤ ਜਾਨੀ ਨੁਕਸਾਨ ਅਤੇ ਇਮਾਰਤਾਂ ਦੀ ਤਬਾਹੀ ਦੇ ਨਾਲ-ਨਾਲ ਸਿੱਖਾਂ ਦੀ ‘ਗਿਆਨਸਰੋਤ-ਕੁਸੀ’ (ਲਿਬਰੀਸਾਈਡ)—ਭਾਵ ਕਿਸੇ ਮਨੁੱਖੀ ਸਮੂਹ ਜਾਂ ਕੌਮ ਦੇ ਗਿਆਨ, ਇਤਿਹਾਸ ਅਤੇ ਸੱਭਿਆਚਾਰਕ ਪਛਾਣ ਦੇ ਸਰੋਤਾਂ ਨੂੰ ਜਾਣਬੁੱਝ ਕੇ ਅਤੇ ਯੋਜਨਾਬੱਧ ਤਰੀਕੇ ਨਾਲ ਨਸ਼ਟ ਕਰਨ—ਤੱਕ ਫੈਲਿਆ ਹੋਇਆ ਸੀ।

ਦਿੱਲੀ ਦਰਬਾਰ ਦੇ ਅਧਿਕਾਰਤ “ਵ੍ਹਾਈਟ ਪੇਪਰ” ਵਿੱਚ ਇਹ ਦਾਅਵਾ ਕੀਤਾ ਗਿਆ ਕਿ 5 ਜੂਨ ਨੂੰ ਗੋਲੀਬਾਰੀ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਅੱਗ ਲੱਗ ਗਈ ਸੀ। ਪਰ ਸਿੱਖਾਂ ਵੱਲੋਂ ਇਸ ਬਿਰਤਾਂਤ ਦਾ ਰੱਦ ਕੀਤਾ ਜਾਂਦਾ ਹੈ। ਉਸ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸ. ਦੇਵਿੰਦਰ ਸਿੰਘ ਦੁੱਗਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਅਨੁਸਾਰ, ਮੁੱਖ ਲੜਾਈ ਖਤਮ ਹੋਣ ਤੋਂ ਬਾਅਦ 6 ਜੂਨ ਦੀ ਸ਼ਾਮ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਬਿਲਕੁਲ ਸੁਰੱਖਿਅਤ ਸੀ।

ਚਸ਼ਮਦੀਦ ਗਵਾਹਾਂ ਅਤੇ ਸੀ.ਬੀ.ਆਈ. ਦੇ ਸਾਬਕਾ ਅਧਿਕਾਰੀਆਂ ਦੇ ਬਾਅਦ ਵਿੱਚ ਕੀਤੇ ਗਏ ਖੁਲਾਸਿਆਂ ਤੋਂ ਇਹ ਗੱਲ ਸਾਹਮਣੇ ਆਈ ਕਿ ਸਰਕਾਰੀ ਮਸ਼ੀਨਰੀ ਨੇ ਬੜੀ ਬਾਰੀਕੀ ਨਾਲ ਇਤਿਹਾਸਕ ਹੱਥ-ਲਿਖਤਾਂ ਦੀ ਪੜਤਾਲ ਕੀਤੀ, ਉਨ੍ਹਾਂ ਨੂੰ ਨੰਬਰ ਲੱਗੀਆਂ ਬੋਰੀਆਂ ਵਿੱਚ ਬੰਦ ਕੀਤਾ ਅਤੇ ਫੌਜੀ ਗੱਡੀਆਂ ਰਾਹੀਂ ਅੰਮ੍ਰਿਤਸਰ ਵਿੱਚ ਬਣਾਏ ਗਏ ਆਰਜ਼ੀ ਦਫਤਰਾਂ ਵਿੱਚ ਲੈ ਗਏ। ਕਿਹਾ ਜਾਂਦਾ ਹੈ ਇਹ 7 ਜੂਨ ਦੀ ਗੱਲ ਹੈ, ਜਦੋਂ ਇਸ ਅਨਮੋਲ ਸਾਹਿਤ ਨੂੰ ਲੁੱਟਣ ਤੋਂ ਬਾਅਦ ਖਾਲੀ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਜਾਣਬੁੱਝ ਕੇ ਅੱਗ ਲਗਾ ਦਿੱਤੀ ਗਈ। ਸਿੱਖਾਂ ਲਈ, ਇਹ ਉਨ੍ਹਾਂ ਦੇ ਇਤਿਹਾਸਕ ਨਿਸ਼ਾਨ ਮਿਟਾਉਣ ਅਤੇ ਉਨ੍ਹਾਂ ਦੀਆਂ ਜੜ੍ਹਾਂ ਨਾਲੋਂ ਤੋੜਨ ਲਈ ਕੀਤੀ ਗਈ ਇੱਕ ਸੋਚੀ-ਸਮਝੀ ਗਿਆਨਸਰੋਤ-ਕੁਸ਼ੀ (ਲਿਬਰੀਸਾਈਡ) ਸੀ।

ਸਿੱਖ ਸੰਸਥਾਵਾਂ ਦਾ ਦਹਾਕਿਆਂ ਲੰਮਾ ਸੰਘਰਸ਼

ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਦੇ ਦਹਾਕਿਆਂ ਵਿੱਚ, ਸਿੱਖ ਜਥੇਬੰਦੀਆਂ—ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਈ ਵਿਦਵਾਨਾਂ ਤੇ ਵਿਚਾਰਵਾਨਾਂ ਨੇ ਇਸ ਮੁੱਦੇ ਨੂੰ ਲਗਾਤਾਰ ਜਿਉਂਦਾ ਰੱਖਿਆ ਹੈ। ਉਨ੍ਹਾਂ ਨੇ ਆਪਣੇ ਲੁੱਟੇ ਗਏ ਬੌਧਿਕ ਅਤੇ ਆਤਮਿਕ ਵਿਰਸੇ ਨਾਲ ਜੁੜੇ ਸਰੋਤਾਂ ਦੀ ਵਾਪਸੀ ਲਈ ਨਿਰੰਤਰ ਮੁਹਿੰਮ ਚਲਾਈ ਹੈ। ਅਣਗਿਣਤ ਚਿੱਠੀ-ਪੱਤਰ, ਮਤਿਆਂ ਅਤੇ ਕਾਨੂੰਨੀ ਚਾਰਾਜੋਈਆਂ ਰਾਹੀਂ—ਜਿਸ ਵਿੱਚ 2004 ਦਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਉਹ ਹੁਕਮ ਵੀ ਸ਼ਾਮਲ ਹੈ ਜਿਸ ਵਿੱਚ ਸੀ.ਬੀ.ਆਈ. ਅਤੇ ਸਰਕਾਰ ਨੂੰ ਜ਼ਬਤ ਕੀਤਾ ਗਿਆ ਸਮਾਨ ਵਾਪਸ ਕਰਨ ਦੀ ਹਦਾਇਤ ਕੀਤੀ ਗਈ ਸੀ—ਸਿੱਖ ਸੰਸਥਾਵਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਤਬਾਹੀ ਦੀ ਜਵਾਬਦੇਹੀ ਅਤੇ ਦੁਰਲਭ ਇਤਿਹਾਸਕ ਲਿਖਤਾਂ ਦੀ ਵਾਪਸੀ ਦੀ ਮੰਗ ਕੀਤੀ ਹੈ।

ਖੋਖਲੇ ਭਰੋਸੇ ਅਤੇ ਐਸ.ਜੀ.ਪੀ.ਸੀ. ਦੀ ਕਾਰਗੁਜ਼ਾਰੀ

ਇਨ੍ਹਾਂ ਲਗਾਤਾਰ ਯਤਨਾਂ ਦੇ ਬਾਵਜੂਦ, ਇਸ ਸੰਘਰਸ਼ ਦੇ ਹਿੱਸੇ ਸਿਰਫ ਦਿੱਲੀ ਦਰਬਾਰ ਦੇ ਲਾਰੇ ਤੇ ਆਪਾ ਵਿਰੋਧੀ ਬਿਆਨ ਹੀ ਆਏ ਹਨ। ਵੱਖ-ਵੱਖ ਕੇਂਦਰੀ ਸਰਕਾਰਾਂ ਨੇ ਸਮੇਂ-ਸਮੇਂ ’ਤੇ ਭਰੋਸੇ ਤਾਂ ਦਿੱਤੇ, ਪਰ ਕਦੇ ਵੀ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ।

ਸਾਲਾਂ ਬੱਧੀ, ਸਰਕਾਰੀ ਏਜੰਸੀਆਂ ਲਗਾਤਾਰ ਬਿਆਨ ਬਦਲਦੀਆਂ ਰਹੀਆਂ ਹਨ; ਕਦੇ ਦਾਅਵਾ ਕੀਤਾ ਜਾਂਦਾ ਹੈ ਕਿ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ, ਅਤੇ ਕਦੇ ਇਹ ਕਿਹਾ ਜਾਂਦਾ ਹੈ ਕਿ ਇਹ ਸਮਾਨ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤਾ ਹੈ।

ਇਹ ਵੀ ਇੱਕ ਵੱਡਾ ਦੁਖਾਂਤ ਹੈ ਕਿ ਇਸ ਮਾਮਲੇ ਨੂੰ ਨਜਿੱਠਣ ਦੇ ਤਰੀਕੇ ਕਾਰਨ ਸ਼੍ਰੋਮਣੀ ਕਮੇਟੀ ਨੂੰ ਵੀ ਸਿੱਖ ਹਲਕਿਆਂ ਦੇ ਅੰਦਰੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ, ਕਿਉਂਕਿ ਉਹ ਇੱਕ ਪਾਰਦਰਸ਼ੀ ਅਤੇ ਸਪੱਸ਼ਟ ਸੂਚੀ ਪ੍ਰਕਾਸ਼ਿਤ ਕਰਨ ਵਿੱਚ ਨਾਕਾਮ ਰਹੀ ਹੈ, ਜਿਸ ‘ਵਾਪਸੀ’ ਦੇ ਇਹਨਾ ਵਿਵਾਦਤ ਦਾਅਵਿਆਂ ਦਾ ਸੱਚਾਈ ਜਾਹਰ ਹੋ ਸਕਦੀ ਸੀ।

ਤਕਨੀਕੀ ਭਰੋਸੇ ਅਤੇ ਵੱਡੀ ਬੇਭਰੋਸਗੀ

ਹਾਲਾਂਕਿ ਸਰਕਾਰ ਵੱਲੋਂ ਮਸ਼ੀਨੀ-ਸੂਝ (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਖਰੜੀਆ ਦੀ ਬਹਾਲੀ ਦੀ ਗੱਲ ਕਹੀ ਜਾ ਰਹੀ ਹੈ ਤੇ ਇਸ ਐਲਾਨ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਮਸਲੇ ਨੂੰ ਮੁੜ ਚਰਚਾ ਵਿਚ ਲੈ ਆਂਦਾ ਹੈ, ਪਰ ਲੱਗਦਾ ਹੈ ਕਿ ਸਿੱਖ ਅਜੇ ਵੀ ਸਰਕਾਰ ਦੇ ਐਲਾਨ ਨੂੰ ਸ਼ੰਕੇ ਤੇ ਸ਼ੱਕ ਦੀ ਨਿਗਾਹ ਨਾਲ ਵੀ ਵੇਖਣਗੇ। ਚਾਲੀ ਸਾਲਾਂ ਤੋਂ ਵੱਧ ਸਮੇਂ ਤੋਂ ਮਿਲੇ ਖੋਖਲੇ ਸਰਕਾਰੀ ਭਰੋਸੇ ਲੁੱਟੇ ਗਏ ਵਿਰਸੇ ਦੇ ਇਸ ਡੂੰਘੇ ਜ਼ਖ਼ਮ ਨੂੰ ਭਰਨ ਵਿੱਚ ਨਾਕਾਮ ਰਹੇ ਹਨ।

ਜਿੱਥੇ ਇਹ ਬੇਹੱਦ ਜ਼ਰੂਰੀ ਹੈ ਕਿ ਬਚੀਆਂ ਹੋਈਆਂ ਹੱਥ-ਲਿਖਤਾਂ, ਹੁਕਮਨਾਮੇ ਅਤੇ ਪਾਵਨ ਸਰੂਪਾਂ ਦਾ ਪਾਰਦਰਸ਼ੀ ਢੰਗ ਨਾਲ ਹਿਸਾਬ ਦਿੱਤਾ ਜਾਵੇ ਅਤੇ ਪੂਰੇ ਸਤਿਕਾਰ ਸਹਿਤ ਖਾਲਸਾ ਪੰਥ ਨੂੰ ਵਾਪਸ ਕੀਤਾ ਜਾਵੇ, ਉੱਥੇ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਇਹ ਗਿਆਨਸਰੋਤ-ਕੁਸੀ, ਸਿੱਖ ਗਿਆਨ-ਮੀਮਾਂਸਾ (ਐਪੀਸਟੀਮੋਲੋਜੀ) ਦੇ ਮੂਲ ਸਰੋਤਾਂ ਨੂੰ ਖਤਮ ਕਰਨ ਦੀ ਇੱਕ ਯੋਜਨਾਬੱਧ ਮੁਹਿੰਮ ਦੇ ਸਥਾਈ ਪ੍ਰਤੀਕ ਵਜੋਂ ਹਮੇਸ਼ਾ ਖੜ੍ਹੀ ਰਹੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਗੁਰਧਾਮਾਂ ਦੇ ਦਰਸ਼ਨ ਦੀਦਾਰੇ ਸਿੱਖਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੈ। ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਧ ਵੀਜੇ ਦੇਣ
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ
ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਪਾਸ ਕੀਤੇ ਗਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: