ਸਿੱਖ ਖਬਰਾਂ

ਮਸਤੂਆਣਾ ਸਾਹਿਬ ਦੇ ਮੁਖੀ ਪ੍ਰਬੰਧਕਾਂ ਨੂੰ ਸੰਗਤ ਵਲੋਂ ਹੁਕਮ: ਜੋੜ-ਮੇਲੇ ਦਾ ਮਹੌਲ ਗੁਰਮਤਿ ਅਨੁਸਾਰੀ ਹੋਵੇ

October 23, 2023 | By

ਸੰਗਰੂਰ: ਸੰਤ ਅਤਰ ਸਿੰਘ ਜੀ ਨਾਲ ਸਬੰਧਿਤ ਅਸਥਾਨ ਮਸਤੂਆਣਾ ਸਾਹਿਬ ਵਿਖੇ ਸਲਾਨਾ ਜੋੜ ਮੇਲੇ ਦੇ ਮਹੌਲ ਵਿਚ ਸੁਧਾਰਾਂ ਸਬੰਧੀ ਪਿਛਲੇ ਸਮੇਂ ਤੋਂ ਨੇੜਲੇ ਪਿੰਡਾਂ ਦੀ ਸੰਗਤ ਸਰਗਰਮ ਹੈ। ਸੰਗਤ ਵਲੋਂ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਜੋੜ ਮੇਲੇ ਦਾ ਮਹੌਲ ਗੁਰਮਤਿ ਰਵਾਇਤਾਂ ਤੋਂ ਹੌਲੀ-ਹੌਲੀ ਦੂਰ ਹੁੰਦਾ ਹੋਇਆ ਦੁਨਿਆਵੀ ਮੇਲੇ ਦੀ ਤਰ੍ਹਾਂ ਹੀ ਬਣਦਾ ਜਾ ਰਿਹਾ ਹੈ। ਜੋੜ ਮੇਲੇ ਮੌਕੇ ਲੱਗਦੇ ਬਜ਼ਾਰ, ਸਪੀਕਰ, ਝੂਲੇ ਆਦਿ ਸੰਤ ਅਤਰ ਸਿੰਘ ਜੀ ਦੀ ਭਾਵਨਾ ਮੁਤਾਬਿਕ ਬਿਲਕੁਲ ਨਹੀਂ ਹਨ। ਇਸ ਔਕੜ ਦਾ ਹੱਲ ਕੱਢਣ ਲਈ ਸਿੱਖ ਜਥਾ ਮਾਲਵਾ ਵਲੋਂ ਪਿੰਡ-ਪਿੰਡ ਜਾ ਕੇ ਸੰਗਤ ਨਾਲ ਵਿਚਾਰਾਂ ਕੀਤੀਆਂ ਗਈਆਂ। ਇਸੇ ਦੌਰਾਨ ਨੇੜਲੇ ਪੰਜਾਹ ਪਿੰਡਾਂ/ਥਾਵਾਂ ਦੀ ਸੰਗਤ ਵਲੋਂ ਮਤੇ ਪਾਏ ਗਏ ਹਨ। 

ਅੱਜ (22 ਅਕਤੂਬਰ ਨੂੰ) ਸੰਗਤ ਵਲੋਂ ਮਸਤੂਆਣਾ ਸਾਹਿਬ ਦੇ ਮੁੱਖ ਪ੍ਰਬੰਧਕ, ਜਿਨ੍ਹਾਂ ਵਿੱਚ ਸ. ਜਸਵੰਤ ਸਿੰਘ ਖਹਿਰਾ (ਸਕੱਤਰ ਅਕਾਲ ਕਾਲਜ ਕੌਂਸਲ), ਬਾਬਾ ਹਰਬੇਅੰਤ ਸਿੰਘ (ਮੁੱਖ ਸੇਵਾਦਾਰ, ਗੁਰਦੁਆਰਾ ਸਾਹਿਬ ਮਾਤਾ ਭੋਲੀ ਕੌਰ ਜੀ) ਅਤੇ ਬਾਬਾ ਦਰਸ਼ਨ ਸਿੰਘ (ਮੁੱਖ ਸੇਵਾਦਾਰ, ਗੁਰਦੁਆਰਾ ਅੰਗੀਠਾ ਸਾਹਿਬ) ਸ਼ਾਮਲ ਹਨ, ਨੂੰ ਲਿਖਤੀ ਹੁਕਮ ਅਤੇ ਮਤੇ ਦੀਆਂ ਕਾਪੀਆਂ ਸੌਪੀਆਂ ਗਈਆਂ।

ਸੰਗਤ ਵਲੋਂ ਪ੍ਰਬੰਧਕਾਂ ਨੂੰ ਹੁਕਮ ਕੀਤੇ ਗਏ ਹਨ ਕਿ ਜੋੜ ਮੇਲੇ ਤੇ ਗੁਰਮਤਿ ਤੋਂ ਉਲਟ ਬਜ਼ਾਰ, ਦੁਕਾਨ, ਚੰਡੋਲਾ, ਝੂਲੇ ਆਦਿ ਨਾ ਹੋਣ ਜਾਂ ਘੱਟੋ ਘੱਟ ਮਸਤੂਆਣਾ ਸਾਹਿਬ ਦੀ ਹਦੂਦ ਤੋਂ ਬਾਹਰ ਹੋਣ। ਨਾਲ ਹੀ ਪੰਡਾਲ ਅਤੇ ਲੰਗਰਾਂ ਵਿੱਚ ਲੱਗਦੇ ਸਪੀਕਰਾਂ ਦੀ ਆਵਾਜ਼ ਸਿਰਫ ਉਥੇ ਤੱਕ ਸੀਮਤ ਹੋਵੇ। ਜੋੜ ਮੇਲੇ ਵਿੱਚ ਟ੍ਰੈਕਟਰਾਂ ਅਤੇ ਹੋਰ ਸਾਧਨਾਂ ਉਤੇ ਲੱਗਦੇ ਡੈਕ ਮੁਕੰਮਲ ਬੰਦ ਹੋਣ। 

ਜਿਕਰਯੋਗ ਹੈ ਕਿ ਪਿਛਲੇ ਸਾਲ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਵਿੱਚ ਹੁੱਲੜਬਾਜ਼ਾਂ ਨਾਲ ਹੋਈ ਝੜਪ ਵਿੱਚ ਇੱਕ ਨਿਹੰਗ ਸਿੰਘ ਦੀ ਮੌਤ ਹੋਈ ਸੀ। ਮਸਤੂਆਣਾ ਸਾਹਿਬ ਜੋੜ ਮੇਲੇ ਵਿੱਚ ਵੀ ਅਜਿਹੀ ਕਿਸੇ ਘਟਨਾ ਨੂੰ ਹੋਣ ਤੋਂ ਰੋਕਣ ਲਈ ਅਤੇ ਜੋੜ ਮੇਲਿਆਂ ਵਿੱਚ ਬਣਦੇ ਮਾਹੌਲ ਨੂੰ ਗੁਰਮਤਿ ਅਨੁਸਾਰੀ ਕਰਨ ਲਈ ਪਿਛਲੇ ਮਹੀਨਿਆਂ ਤੋਂ ਸਰਗਰਮੀ ਚੱਲ ਰਹੀ ਹੈ। 

ਪਿਛਲੇ ਮਹੀਨੇ ਸਿੱਖ ਜਥਾ ਮਾਲਵਾ ਵਲੋਂ ਇਸ ਸਬੰਧੀ ਸੰਗਤਾਂ ਨਾਲ ਸਾਂਝੀ ਰਾਏ ਬਣਾਉਣ ਦੇ ਅਮਲ ਵਜੋਂ ਵੀਚਾਰ ਗੋਸ਼ਟੀ ਕਾਰਵਾਈ ਗਈ ਸੀ ਅਤੇ ਖਾਲਸੇ ਦੇ ਜੋੜ ਮੇਲਿਆਂ ਦੀ ਵਿਆਖਿਆ ਕਰਦਾ ਇੱਕ ਚਹੁੰ ਵਰਕੀ ਪਰਚਾ ਵੀ ਜਾਰੀ ਕੀਤਾ ਗਿਆ ਸੀ। 

ਇਸ ਮੌਕੇ ਬਾਬਾ ਹਰਬੇਅੰਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੰਗਤ ਦਾ ਹੁਕਮ ਸਿਰ ਮੱਥੇ ਪ੍ਰਵਾਨ ਹੈ। ਸੰਗਤ ਦੇ ਹੁਕਮ ਮੁਤਾਬਿਕ ਉਹਨਾਂ ਵਲੋਂ ਸੁਧਾਰਾਂ ਸਬੰਧੀ ਪ੍ਰਬੰਧ ਕੀਤੇ ਜਾਣਗੇ। 

ਬਾਬਾ ਦਰਸ਼ਨ ਸਿੰਘ ਜੀ ਨੇ ਵੀ ਸੰਗਤ ਦਾ ਹੁਕਮ ਪ੍ਰਵਾਨ ਕਰਦਿਆਂ ਕਿਹਾ ਕਿ ਸੁਧਾਰਾਂ ਨੂੰ ਲਾਗੂ ਕਰਨ ਸਬੰਧੀ ਪ੍ਰਬੰਧ ਕੀਤੇ ਜਾਣਗੇ। 

ਅਕਾਲ ਕਾਲਜ ਕੌਂਸਲ ਸਕੱਤਰ ਸ. ਜਸਵੰਤ ਸਿੰਘ ਖਹਿਰਾ ਵਲੋਂ ਕਿਹਾ ਗਿਆ ਕਿ ਇਹ ਸਾਰੀਆਂ ਗੱਲਾਂ ਗੁਰਮਤਿ ਅਨੁਸਾਰੀ ਹਨ ਅਤੇ ਕੌਂਸਲ ਵਲੋਂ ਇਸਨੂੰ ਲਾਗੂ ਕਰਨ ਦੀ ਹਾਮੀ ਹੈ। ਉਹਨਾਂ ਕਿਹਾ ਕਿ ਛੇਤੀ ਹੀ ਕੌਂਸਲ ਵਲੋਂ ਇਸ ਬਾਰੇ ਮਤਾ ਪਾਇਆ ਜਾਵੇਗਾ। ਨਾਲ ਹੀ ਉਹਨਾਂ ਨੇ ਸੰਗਤੀ ਹੁਕਮਾਂ ਨੂੰ ਲਾਗੂ ਕਰਨ ਲਈ ਸੰਗਤ ਦੇ ਸਹਿਯੋਗ ਦੀ ਮੰਗ ਕੀਤੀ। 

ਇਸ ਮੌਕੇ ਭਾਈ ਸਤਪਾਲ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਇੰਦਰਪ੍ਰੀਤ ਸਿੰਘ, ਭਾਈ ਮਲਕੀਤ ਸਿੰਘ, ਭਾਈ ਹਰਪ੍ਰੀਤ ਸਿੰਘ, ਜਥੇਦਾਰ ਗੁਰਦੀਪ ਸਿੰਘ ਕਾਲਾਝਾੜ, ਅਮਨਪ੍ਰੀਤ ਸਿੰਘ, ਭਾਈ ਬਲਕਾਰ ਸਿੰਘ, ਸ: ਹਰਮਨਦੀਪ ਸਿੰਘ, ਭਾਈ ਪਰਵਿੰਦਰ ਸਿੰਘ, ਸ: ਨਪਿੰਦਰ ਸਿੰਘ, ਭਾਈ ਰਣਜੀਤ ਸਿੰਘ, ਭਾਈ ਗੁਰਤੇਜ ਸਿੰਘ, ਭਾਈ ਮੱਖਣ ਸਿੰਘ, ਭਾਈ ਗਿਆਨ ਸਿੰਘ ਕੁੰਨਰਾਂ, ਮਨਜਿੰਦਰ ਸਿੰਘ ਲਿੱਦੜਾ, ਕਰਨਵੀਰ ਸਿੰਘ ਚੰਗਾਲ, ਸਤਨਾਮ ਸਿੰਘ ਬੇਨੜਾ ਸਮੇਤ ਮਸਤੂਆਣਾ ਸਾਹਿਬ ਨਾਲ ਜੁੜੇ ਤਕਰੀਬਨ 50 ਪਿੰਡਾਂ ਦੇ ਨੁਮਾਇੰਦੇ ਅਤੇ ਲੰਗਰ ਕਮੇਟੀਆਂ ਤੋਂ ਸੇਵਾਦਾਰ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,