September 20, 2010 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ 20 ਸਤੰਬਰ (ਪੰਜਾਬ ਨਿਊਜ ਨੈੱਟ) : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਰਾਮਦੇਵ ਨੂੰ ਸਟੇਟ ਗੈਸਟ ਦਾ ਦਰਜਾ ਦੇਣ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਰਾਮਦੇਵ ਯੋਗਾ ਦੀ ਆੜ ਹੇਠ ਹਿੰਦੂਤਵੀ ਮਨੋਰਥਾਂ ਲਈ ਬਣਾਈ ਅਪਣੀ ਸਿਆਸੀ ਪਾਰਟੀ ‘ਭਾਰਤ ਸਭਾਵੀਮਾਨ ਟਰੱਸਟ’ ਦੇ ਪ੍ਰਚਾਰ ਲਈ ਪੰਜਾਬ ਆ ਰਿਹਾ ਹੈ ਤੇ ਇਸਨੂੰ ‘ਸਟੇਟ ਗੈਸਟ’ ਦਾ ਦਰਜਾ ਦੇਣਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਲਈ ਅਤਿਅੰਤ ਘਾਤਕ ਸਾਬਤ ਹੋ ਸਕਦਾ ਹੈ। ਹਿੰਦੂ ਰਾਸ਼ਟਰ ਦਾ ਇਹ ਕੱਟੜ ਹਿਮਾਇਤੀ ਹਿੰਦੂ ਅੱਤਵਾਦੀ ਪ੍ਰਗਿਆ ਸਾਧਵੀ ਤੇ ਉਸਦੇ ਸਾਥੀਆਂ ਦੇ ਹੱਕ ਵਿਚ ਬੋਲ ਕੇ ਅਪਣੀ ਸੋਚ ਨੂੰ ਜਨਤਕ ਕਰ ਚੁੱਕਿਆ ਹੈ। ਇਤਿਹਾਸ ਗਵਾਹ ਹੈ ਕਿ ਹਿੰਦੂ ਰਾਸ਼ਟਰਵਾਦੀਏ ਘੱਟਗਿਣਤੀਆਂ ਅਤੇ ਦਲਿਤਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰ ਸਕਦੇ। ਇਹ ਦੇਸ਼ ਦੀ ਆਬੋ ਹਵਾ ਨੂੰ ਪੂਰੀ ਤਰ੍ਹਾਂ ਭਗਵੇਂ ਰੰਗ ’ਚ ਰੰਗਣ ਲਈ ਬੇਤਾਬ ਹੈ।
ਉਨ੍ਹਾਂ ਕਿਹਾ ਕਿ ਸਰਕਾਰਾਂ ਆਪ ਹੀ ਪਹਿਲਾਂ ਡੇਰੇਦਾਰਾਂ ਨੂੰ ਹੱਲਾਸ਼ੇਰੀ ਦਿੰਦੀਆਂ ਹਨ ਪਰ ਜਦੋਂ ਇਹ ਵਿਅਕਤੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਜਾਂ ਹੋ ਗੈਰ ਸਮਾਜਿਕ ਕਾਰਵਾਈਆਂ ਕਰਦੇ ਹਨ ਤਾਂ ਇਸ ਤੋਂ ਉਪਜੀਆਂ ਘਟਨਾਵਾਂ ਦਾ ਸੰਤਾਪ ਆਮ ਲੋਕਾਂ ਖਾਸ ਕਰ ਘੱਟਗਿਣਤੀਆਂ ਨੂੰ ਹੀ ਝੱਲਣਾ ਪੈਂਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਨਿਰੰਕਾਰੀਆਂ ਵਲੋਂ ਗੁਰੂ ਸਾਹਿਬਾਨ ਦੇ ਨਿਰਾਦਰ ਤੇ ਸਿੱਖਾਂ ਦੇ ਕਤਲੇਆਮ ਤੋਂ ਲੈ ਕੇ ਅੱਜ ਨੂਰਮਹਿਲੀਏ ਆਸ਼ੂਤੋਸ਼, ਭਨਿਆਰਾ ਸਾਧ, ਸੌਦਾ ਸਾਧ ਤੇ ਰਾਧਾ ਸੁਆਮੀਆਂ ਵਲੋਂ ਪੰਜਾਬ ਵਾਸੀਆਂ ਖਾਸ ਕਰ ਸਿੱਖਾਂ ਨੂੰ ਕੀਤੇ ਜਾ ਰਹੇ ਚੈਲੰਜ਼ ਸਥਾਨਕ ਸਰਕਾਰਾਂ ਦੀਆਂ ਉਕਤ ਨੀਤੀਆਂ ਦੀ ਹੀ ਉਪਜ ਹਨ। ਇੱਥੋਂ ਤੱਕ ਕਿ ਰਾਧਾ ਸੁਆਮੀ ਡੇਰੇਦਾਰ ਤਾਂ ਸ਼ਰੇਆਮ ਲੋਕਾਂ ਦੀਆਂ ਨਿੱਜ਼ੀ ਅਤੇ ਸ਼ਾਮਲਾਟ ਜ਼ਮੀਨਾਂ ’ਤੇ ਕਬਜ਼ੇ ਵੀ ਕਰਨ ਲੱਗੇ ਹਨ। ਇਨ੍ਹਾਂ ਲੋਕਾਂ ਨੂੰ ਖੁਦ ਤਾਕਤ ਵਿਚ ਲਿਆਉਣ ਵਾਲੀਆਂ ਸਰਕਾਰਾਂ ਤੇ ਪ੍ਰਸ਼ਾਸਨ ਅੱਜ ਖੁਦ ਇਨ੍ਹਾਂ ਸਾਹਮਣੇ ਬੇਬਸ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਥਾਪਿਤ ਹੋ ਚੁੱਕਾ ਬਾਬਾ ਮਾਫ਼ੀਆ ਇੱਥੇ ਅਪਣੀਆਂ ਸਮਾਨਾਂਤਰ ਸਰਕਾਰਾਂ ਚਲਾ ਰਿਹਾ ਹੈ। ਬਾਵਜ਼ੂਦ ਇਸਦੇ ਪੰਜਾਬ ਸਰਕਾਰ ਨਵੇਂ ਨਵੇਂ ਡੇਰੇਦਾਰਾਂ ਨੂੰ ਇੱਥੇ ਸਥਾਪਿਤ ਹੋਣ ਲਈ ਮੋਢਾ ਦੇ ਰਹੀ ਹੈ। ਜਦਕਿ ਇਸ ਅਮਲ ’ਤੇ ਹੁਣ ਰੋਕ ਲਗਾਏ ਜਾਣ ਦੀ ਲੋੜ ਹੈ ਪਰ ਸਰਕਾਰ ਦੀ ਕਾਰਗੁਜ਼ਾਰੀ ਇਸਦੇ ਬਿਲਕੁਲ ਉਲਟ ਹੈ।
ਅੱਜ ਬਾਦਲ ਸਰਕਾਰ ਦੀ ਬਦੌਲਤ ਰਾਮਦੇਵ ਪੰਜਾਬ ਦੀ ਧਰਤੀ ’ਤੇ ਪੈਰ ਜਮਾਉਣ ਵਿਚ ਕਾਮਯਾਬ ਹੋਣਾ ਚਾਹੁੰਦਾ ਹੈ ਪਰ ਜੇਕਰ ਇਸ ਕਾਰਨ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਕੋਈ ਵੀ ਰੁੱਖ ਫ਼ੜਦੇ ਹਨ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸਦੇ ਖ਼ੁਦ ਜਿੰਮੇਵਾਰ ਹੋਣਗੇ।ਇਸ ਸਮੇਂ ਉਨ੍ਹਾਂ ਨਾਲ ਸਰਪੰਚ ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਅੰਮ੍ਰਿਤਪਾਲ ਸਿੰਘ ਡਡਹੇੜੀ, ਹਰਪ੍ਰੀਤ ਸਿੰਘ ਡਡਹੇੜੀ ਅਤੇ ਪ੍ਰਮਿੰਦਰ ਸਿੰਘ ਕਾਲਾ ਵੀ ਹਾਜ਼ਰ ਸਨ।