ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੰਗਰੂਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
November 10, 2022 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਬੀਤੇ ਦਿਨੀਂ ਗੁਰਦੁਆਰਾ ਸ੍ਰੀ ਸਿੰਘ ਸਭਾ (ਧੂਰੀ ਗੇਟ), ਸੰਗਰੂਰ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਇਲਾਕੇ ਦੀ ਸੰਗਤ ਵਲੋਂ ਗੁਰੂਦੁਆਰਾ ਪ੍ਰਬੰਧਕੀ ਜਥੇ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨਾਂ ਵਿਚ ਭਾਈ ਸੇਵਕ ਸਿੰਘ ਦੇ ਕੀਰਤਨੀ ਜਥੇ ਵਲੋਂ ਤੰਤੀ ਸਾਜਾਂ ਨਾਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਕੀਰਤਨ ਸਰਵਣ ਕਰਵਾਏ ਗਏ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਕਥਾ ਵਿਚਾਰ ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲਿਆਂ ਵਲੋਂ ਕੀਤੀ ਗਈ। ਗੁਰੂ ਨਾਨਕ ਸਾਹਿਬ ਜੀ ਦੀ ਯਾਦ ਨਾਲ ਸਬੰਧਿਤ ਇਤਿਹਾਸ ਸ੍ਰਵਨ ਕਰਵਾਉਦਿਆਂ ਸਿੱਖ ਜਥਾ ਮਾਲਵਾ ਵਲੋਂ ਭਾਈ ਮਲਕੀਤ ਸਿੰਘ ਭਵਾਨੀਗੜ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਨੇ ਜਗ੍ਹਾ ਜਗ੍ਹਾ ਸੰਗਤ ਸਥਾਪਿਤ ਕੀਤੀ ਤੇ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦਾ ਉਪਦੇਸ ਦਿੱਤਾ। ਜਿਸਤੋ ਅੱਗੇ ਸਮਾਂ ਪਾ ਕੇ ਗੁਰੂਘਰ ਸਥਾਪਿਤ ਹੋਏ। ਹੁਣ ਸਮਾਂ ਸੰਗਤ ਨੂੰ ਇਹਨਾਂ ਰਵਾਇਤਾਂ ਨਾਲ ਜੁੜਨ ਦੀ ਮੰਗ ਕਰਦਾ ਹੈ। ਸੰਗਤ ਜੇਕਰ ਗੁਰੂਦੁਆਰੇ ਨੂੰ ਗੁਰੂ ਦੁਆਰਾ ਬਖਸ਼ੀ ਜਿੰਮੇਵਾਰੀ ਸਮਝ ਕੇ ਪ੍ਰਬੰਧ ਨੂੰ ਮੁੜ ਤੋਂ ਪੈਰਾਂ ਸਿਰ ਕਰਨਾ ਚਾਹੇ ਤੇ ਗੁਰਦੁਆਰਾ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਬਣ ਸਕਦਾ ਹੈ।
ਇਸ ਮੌਕੇ ਸਿੱਖ ਜਥਾ ਮਾਲਵਾ ਗੁਰੂਘਰ ਨੂੰ ਸਿੱਖ ਇਤਿਹਾਸ, ਗੁਰਮਤਿ ਤੋਂ ਜਾਣੂ ਕਰਵਾਉਣ ਲਈ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸਿੱਖ ਵਿਰਸਾ ਅਤੇ ਗੁਰਬਾਣੀ ਅਖਰਕਾਰੀ ਨਾਲ ਸਬੰਧਿਤ ਤਸਵੀਰਾਂ ਵੀ ਇਸ ਪ੍ਰਦਰਸ਼ਨੀ ਵਿਚ ਸ਼ਾਮਲ ਕੀਤੀਆਂ ਗਈਆਂ। ਗੁਰਦੁਆਰਾ ਪ੍ਰਬੰਧਕੀ ਸੁਧਾਰ ਦੇ ਅਮਲ ਨੂੰ ਜਮੀਨੀ ਪੱਧਰ ਤੇ ਲਾਗੂ ਕਰਨ ਲਈ ‘ਗੁਰਦੁਆਰਾ ਪ੍ਰਬੰਧਕੀ ਜਥੇ ਅਤੇ ਸੰਗਤ ਦੇ ਧਿਆਨ ਹਿਤ ਜ਼ਰੂਰੀ ਨੁਕਤੇ’ ਪਰਚਾ ਸੰਗਤ ਵਿੱਚ ਵੰਡਿਆ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Guru nanak Sahib's Birth Anniversary, Malkeet Singh Bhawanigarh, sangrur, Sikh Jatha Malwa