ਨਾਜਰ ਸਿੰਘ ਪੰਜਾਬੀ ਦਾ ਮੁੱਢ ਤਲਾਸ਼ਣ ਵਾਲੇ ਵਿਦਵਾਨ ਸੱਜਣ ਲੰਘੀ 24 ਦਸੰਬਰ 2025 ਨੂੰ ਅਕਾਲ ਚਲਾਣਾ ਕਰ ਗਏ। ਕੁਝ ਸਾਲ ਪਹਿਲਾਂ ਉਨਾਂ ਦੇ ਭਾਣਜੇ ਐਡਵੋਕੇਟ ਬੂਟਾ ਸਿੰਘ ਰਾਹੀਂ ਮੇਰਾ ਉਹਨਾਂ ਨਾਲ ਰਾਬਤਾ ਬਣਿਆ ਸੀ। ਮੈਂ ਇਸ ਰਾਬਤੇ ਤੋਂ ਬਹੁਤ ਕੁਝ ਸਿੱਖਿਆ।
ਪੰਜਾਬੀ ਦੇ ਸਾਰੇ ਵਿਦਵਾਨਾਂ ਤੋਂ ਵੱਖਰੇ ਤਰੀਕੇ ਸੋਚਦਿਆਂ ਨਾਜਰ ਸਿੰਘ ਹੋਰਾਂ ਨੇ ਇਹ ਸਥਾਪਿਤ ਕੀਤਾ ਕਿ ਪੰਜਾਬੀ ਇਥੋਂ ਦੀ ਮੂਲ ਬੋਲੀ ਹੈ, ਇਹ ਬਿਲਕੁਲ ਉਸੇ ਤਰ੍ਹਾਂ ਪੈਦਾ ਹੋਈ ਹੈ ਜਿਵੇਂ ਕੋਈ ਬੋਲੀ ਆਪਣੀ ਧਰਤੀ ਉੱਤੇ ਪੈਦਾ ਹੋਈ ਹੁੰਦੀ ਹੈ। ਇਹ ਕਿਸੇ ਸੰਸਕ੍ਰਿਤ ਵਗੈਰਾ ਪਰਾਈ ਬੋਲੀ ਤੋਂ ਨਹੀਂ ਪੈਦਾ ਹੋਈ ਹੋਈ। ਇਹ ਆਪਣੀ ਧਰਤੀ ਤੋਂ ਆਪ ਪੈਦਾ ਹੋਈ ਬੋਲੀ ਹੈ ਜਿਸ ਲਈ ਉਹ ਬੜੀਆਂ ਦਲੀਲਾਂ ਦਿੰਦੇ ਹਨ। ਉਹਨਾਂ ਦੀ ਮੁੱਖ ਦਲੀਲ ਸੀ ਕਿ ਪੰਜਾਬੀ ਦੀ ਕਿਰਿਆ ਦੋ ਲਿੰਗੀ ਹੈ ਬਾਕੀ ਜੋੜੀਆਂ ਜਾ ਰਹੀਆਂ ਬੋਲੀਆਂ ਦੀ ਕਿਰਿਆ ਵਿੱਚ ਲਿੰਗ ਨਹੀਂ ਹੈ।

ਉਹ ਸਿੱਖੀ ਦੀ ਪਰੰਪਰਾ ਨੂੰ ਵੀ ਬਾਖੂਬੀ ਸਮਝਣ ਵਾਲੇ ਵਿਦਵਾਨ ਸਨ। ਉਹਨਾਂ ਨੂੰ ਸਿੱਖ ਵਿਦਵਾਨਾਂ ਵੱਲੋਂ ਕੀਤੀਆਂ ਉਕਾਈਆਂ ਦਾ ਬਹੁਤ ਪਛਤਾਵਾ ਸੀ। ਦਲਿਤ ਵਰਗ ਦੀ ਮੁਕਤੀ ਉਹ ਕੇਵਲ ਸਿੱਖੀ ਵਿੱਚ ਵੇਖਦੇ ਸਨ । ਉਹ ਇੱਕ ਤੱਥ ਲੈ ਕੇ ਆਏ ਸਨ ਕਿ ਸ਼ੂਦਰ ਇਥੋਂ ਦਾ ਪੁਰਾਣਾ ਇੱਜਤਦਾਰ ਹਾਕਮ ਕਬੀਲਾ ਸੀ ਜਿਸਨੂੰ ਹਰਾਉਣ ਤੋਂ ਬਾਅਦ ਬ੍ਰਾਹਮਣ ਨੇ ਹੇਠਲੇ ਦਰਜੇ ਤੱਕ ਘਟਾ ਦਿੱਤਾ।
ਨਾਜਰ ਸਿੰਘ ਬਹੁਤ ਮਿਹਨਤੀ ਅਤੇ ਸਿੱਧੇ ਸਾਧੇ ਬੰਦੇ ਸਨ ਜਿਨਾਂ ਨੇ ਆਪਣਾ ਸਾਰਾ ਕੰਮ ਬੇਹੱਦ ਮਿਹਨਤ ਨਾਲ ਆਪ ਮੱਥਾ ਮਾਰ ਕੇ ਕੀਤਾ। ਉਹਨਾਂ ਨੂੰ ਕਿਸੇ ਯੂਨੀਵਰਸਿਟੀ, ਸੰਸਥਾ ਦੀ ਸਹਾਇਤਾ ਨਹੀਂ ਮਿਲੀ, ਨਾ ਹੀ ਉਨਾਂ ਨੇ ਲੋਚੀ।
ਪੰਜਾਬ ਵਿੱਚ ਪ੍ਰਕਿਰਤ ਬੋਲੀਆਂ ਦੀ ਵਿਆਕਰਣ ਨੂੰ ਸਮਝਣ ਵਾਲੇ ਬਸ ਉਹ ਗਿਣਵੇਂ ਚੁਣਵੇਂ ਬੰਦਿਆਂ ਵਿੱਚੋਂ ਅਖੀਰਲੇ ਹੀ ਸਨ।
ਆਪਣੇ ਅਖੀਰਲੇ ਦਿਨਾਂ ਵਿੱਚ ਉਹਨਾਂ ਨੇ ਅਦਾਰਾ ਸਿੱਖ ਸਿਆਸਤ ਨੂੰ ਦੋ ਮੁਲਾਕਾਤਾਂ ਭਰਵਾਈਆਂ। ਇਹਨਾਂ ਮੁਲਾਕਾਤਾਂ ਨੇ ਪੰਜਾਬੀ ਬੋਲੀ ਅਤੇ ਪੰਜਾਬ ਦੇ ਸੱਭਿਆਚਾਰ ਦੀ ਪਰੰਪਰਾ ਬਾਰੇ ਚਲਦੀਆਂ ਧਾਰਨਾਵਾਂ ਨੂੰ ਪੁੱਠਾ ਗੇੜਾ ਦੇ ਦਿੱਤਾ ਤੇ ਲੱਖਾਂ ਦੀ ਤਾਦਾਦ ਤੱਕ ਇਹ ਲੋਕਾਂ ਵੱਲੋਂ ਸੁਣੀਆਂ ਸਰਾਹੀਆਂ ਗਈਆਂ।
ਨਾਜਰ ਸਿੰਘ ਨੇ ਬੇਸ਼ੱਕ ਲਿਖ-ਲਿਖ ਕੇ ਲਾਇਬਰੇਰੀਆਂ ਦੇ ਖਾਨੇ ਨਹੀਂ ਭਰੇ, ਬਹੁਤ ਥੋੜੀ ਲਿਖਤ ਲਿਖੀ ਅਤੇ ਨਾ ਹੀ ਉਹਨਾਂ ਨੇ ਵੱਡੇ ਵਿਦਵਾਨਾਂ ਵਾਂਗ ਲੈਕਚਰ-ਮੁਲਾਕਾਤਾਂ ਦੇ ਭੰਡਾਰ ਬਿਜਲਈ ਖਾਨਿਆਂ ਉੱਤੇ ਪਾਏ। ਆਪਣੇ ਥੋੜੇ ਲਿਖਣ ਅਤੇ ਬੋਲਣ ਵਿੱਚ ਵੀ ਉਹਨਾਂ ਨੇ ਪੰਜਾਬ ਨੂੰ ਉਹ ਕੰਮ ਦਿੱਤਾ ਜਿਸ ਦੀ ਸਦੀਆਂ ਤੱਕ ਸਾਰਥਕਤਾ ਬਣੀ ਰਹੇਗੀ।
ਸਾਡੀ, ਪੰਜਾਬੀ ਵਿਭਾਗ ਵੱਲੋਂ ਇਹ ਜਰੂਰ ਇੱਛਾ ਸੀ ਕਿ ਉਨਾਂ ਨੂੰ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕਰਨ ਲਈ ਯੂਨੀਵਰਸਿਟੀ ਨੂੰ ਬੇਨਤੀ ਕਰੀਏ। ਪਰ ਇਹ ਹੁਣ ਰਹਿ ਗਿਆ।
ਅਖੀਰ ਸੱਚੇ ਪਾਤਸ਼ਾਹ ਅੱਗੇ ਇਹੀ ਅਰਦਾਸ ਹੈ ਕਿ ਪੰਜਾਬ ਨੂੰ ਨਾਜਰ ਸਿੰਘ ਵਰਗੇ ਹੋਰ ਬੰਦੇ ਬਖਸ਼ੇ ਜਿਹੜੇ ਇਮਾਨਦਾਰ, ਅਣਥੱਕ ਮਿਹਨਤੀ ਅਤੇ ਲੁਕ ਕੇ ਵੱਡੇ ਕੰਮ ਕਰਨ ਵਾਲੇ ਹੋਣ।
- ਸੰਸਕ੍ਰਿਤ ਵਾਲਿਆਂ ਦੇ ਦਾਅਵੇ ਝੂਠੇ? ਪੰਜਾਬੀ ਬੋਲੀ ਕਿੰਨੀ ਪੁਰਾਣੀ – https://youtu.be/IweZ-aJOU2o?si=7Ln6f75dbEc_l7B6
- ਵੇਦਾਂ ਵਿੱਚ ਕਿੱਥੋਂ ਆਏ ਪੰਜਾਬੀ ਸ਼ਬਦ – https://youtu.be/yDgwLY8Ht4Y?si=bWId7lhrJ92wqjkq