October 22, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ, (22 ਅਕਤੂਬਰ, 2011): ਹਿੰਦੂ ਸੁਰੱਖਿਆ ਸੰਮਿਤੀ ਵਲੋਂ ਭਾਈ ਜਗਤਾਰ ਸਿੰਘ ਹਵਾਰਾ ’ਤੇ ਪੇਸ਼ੀ ਦੌਰਾਨ ਹਮਲਾ ਕਰਨ ਦਾ ਐਲਾਨ ਕਰਨ ਬਾਰੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਸਕੱਤਰ ਜਨਰਲਾਂ ਅਮਰੀਕ ਸਿੰਘ ਈਸੜੂ ਤੇ ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਹਿੰਦੂ ਕੱਟੜਪੰਥੀਆਂ ਨੂੰ ਅਜਿਹੇ ਐਲਾਨ ਅਪਣਾ ਇਤਿਹਾਸ ਤੇ ਔਕਾਤ ਵੇਖ ਕੇ ਜਾਰੀ ਕਰਨੇ ਚਾਹੀਦੇ ਹਨ। ਭਾਈ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਥਾਪੜੇ ਨਾਲ ਇਹ ਇਹ ਕੱਟੜਪੰਥੀ ਸਿੱਖ ਭਾਵਨਾਵਾਂ ਨੂੰ ਭਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।1984 ਦੇ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਉਣਾ ਦੇ ਮਕਸਦ ਨਾਲ ਇਹ ਲੋਕ ਅਕਾਲੀ-ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਇਸ ਕਤਲੇਆਮ ਦੇ ਪੀੜਤਾਂ ਨੂੰ ਮੁਆਵਜ਼ੇ ਦਾ ਵਿਰੋਧ ਕਰ ਰਹੇ ਹਨ। ਉਕਤ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਇਨ੍ਹਾਂ ਲੋਕਾਂ ਦੀ ਕਿਸੇ ਸਿੱਖ ਵਿਰੋਧੀ ਕਾਰਵਾਈ ਉਪਰੰਤ ਪੈਦਾ ਹੋਏ ਹਾਲਾਤਾਂ ਲਈ ਇਨ੍ਹਾਂ ਸੰਗਠਨਾਂ ਦੇ ਨਾਲ-ਨਾਲ ਅਕਾਲੀ-ਭਾਜਪਾ ਸਰਕਾਰ ਤੇ ਪੰਜਾਬ ਦਾ ਪੁਲਿਸ ਪ੍ਰਸਾਸ਼ਨ ਦੋਵੇਂ ਜਿੰਮੇਵਾਰ ਹੋਣਗੇ ਕਿਉਂਕਿ ਇਨ੍ਹਾਂ ਫ਼ਿਰਕੂ ਸੰਗਠਨਾਂ ਵਲੋਂ ਲਗਾਤਾਰ ਜਾਰੀ ਕੀਤੇ ਜਾ ਰਹੇ ਭੜਕਾਊ ਐਲਾਨਾਂ ਅਤੇ ਫ਼ਿਰਕੂ ਕਾਰਵਾਈਆਂ ਦਾ ਸਰਕਾਰ ਤੇ ਪ੍ਰਸਾਸ਼ਨ ਵਲੋਂ ਕਦੇ ਕੋਈ ਨੋਟਿਸ ਨਹੀਂ ਲਿਆ ਗਿਆ।ਉਕਤ ਆਗੂਆਂ ਨੇ ਕਿਹਾ ਕਿ ਇਹ ਕੱਟੜਪੰਥੀ ਸੰਗਠਨ ਇੱਕ ਗੱਲ ਧਿਆਨ ਵਿੱਚ ਰੱਖਣ ਕਿ ਉਹ ਤਾਂ ਇਨਾਮਾਂ ਦੇ ਐਲਾਨ ਕਰ ਰਹੇ ਹਨ ਪਰ ਸਿੱਖ ਕੌਮ ਵਿੱਚ ਉਂਝ ਹੀ ਇੰਨੇ ਮਰਜੀਵੜੇ ਹਨ ਸਿੱਖ ਕੌਮ ਨੂੰ ਜਨਰਲ ਵੈਦਿਆ ਵਰਗਿਆਂ ਬਾਰੇ ਕੋਈ ਇਨਾਮ ਐਲਾਨਣ ਦੀ ਲੋੜ ਨਹੀਂ ਸੀ ਪਈ ਤੇ ਨਾ ਭੱਵਿਖ ਵਿੱਚ ਅਜਿਹੀ ਲੋੜ ਪੈਣੀ ਹੀ ਹੈ।
ਉਕਤ ਆਗੂਆਂ ਨੇ ਕਿਹਾ ਕਿ ਅੰਨਾ ਟੀਮ ਦੇ ਮੈਂਬਰ ਪ੍ਰਸ਼ਾਂਤ ਭੂਸ਼ਣ ਵਲੋਂ ਜੰਮੂ ਕਸ਼ਮੀਰ ਵਿੱਚ ਰਾਏ ਸ਼ੁਮਾਰੀ ਕਰਵਾਉਣ ਸਬੰਧੀ ਦਿੱਤੇ ਗਏ ਸੰਵਿਧਾਨਿਕ ਬਿਆਨ ਦੇ ਵਿਰੋਧ ਵਿਚ ਉਨ੍ਹਾਂ ’ਤੇ ਹਮਲਾ ਕਰਨਾ, ਭਾਈ ਹਵਾਰਾ ’ਤੇ ਹਮਲੇ ਦਾ ਐਲਾਨ, ਭਾਈ ਜਗਤਾਰ ਸਿੰਘ ਤਾਰਾ ’ਤੇ ਇਨਾਮ ਰੱਖਣਾ ਤੇ ਹਿੰਦੂ ਜਾਗੋ ਯਾਤਰਾ ਦੀਆਂ ਯੋਜਨਾਵਾਂ ਫ਼ਿਰਕੂ ਅੱਤਵਾਦ ਨੂੰ ਹਵਾ ਦੇਣ ਵਾਲੀਆਂ ਕਾਰਵਾਈਆਂ ਹਨ। ਉਕਤ ਆਗੂਆਂ ਨੇ ਦੋਸ਼ ਲਗਾਇਆ ਕਿ ਇਨ੍ਹਾਂ ਸੰਗਠਨਾਂ ਦੀਆਂ ਸਮੁੱਚੀਆਂ ਸਰਗਰਮੀਆਂ ਫ਼ਿਰਕੂ ਹਨ ਤੇ ਧਾਰਮਿਕ ਸਦਭਾਵਨਾ ਲਈ ਖ਼ਤਰਾ ਹਨ। ਇਸ ਲਈ ਇਨ੍ਹਾ ਸੰਗਠਨਾਂ ’ਤੇ ਪਾਬੰਦੀ ਲਗਾ ਕੇ ਇਨ੍ਹਾਂ ਦੇ ਦੇ ਆਹੁਦੇਦਾਰਾਂ ਨੂੰ ਤੁਰੰਤ ਧਾਰਮਿਕ ਭਾਵਨਵਾਂ ਭਕਾਉਣ ਦੇ ਦੋਸ਼ ਵਿੱਚ ਧਾਰਾ 295-ਏ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ-1967) ਤਹਿਤ ਕੇਸ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੱਖ ਕੌਮ ਇਨ੍ਹਾਂ ਕੱਟੜਪੰਥੀ ਸੰਗਠਨਾਂ ਨੂੰ ਅਪਣੀਆਂ ਸਰਗਰਮੀਆਂ ਜਾਰੀ ਰੱਖਣ ਦੀ ਖੁੱਲ੍ਹ ਨਹੀਂ ਦੇਵੇਗੀ।
Related Topics: Akali Dal Panch Pardhani, Bhai Harpal Singh Cheema (Dal Khalsa), Hindu Groups, ਭਾਈ ਹਰਪਾਲ ਸਿੰਘ ਚੀਮਾ