ਖਾਸ ਲੇਖੇ/ਰਿਪੋਰਟਾਂ » ਖੇਤੀਬਾੜੀ

ਕਾਲੇ ਪਾਣੀਆਂ ਦਾ ਮੋਰਚਾ

December 2, 2024 | By

ਬਿਮਾਰੀਆਂ ਵੰਡਣ ਵਾਲੇ ਬੁੱਢੇ ਦਰਿਆ ਚ ਪੈਣ ਵਾਲੇ ਗੰਦੇ ਪਾਣੀ ਨੂੰ 3 ਦਸੰਬਰ ਨੂੰ ਮਾਰਿਆ ਜਾਵੇਗਾ ਬੰਨ੍ਹ।

ਪੰਜਾਬ ਵਾਸੀ ਲੰਮੇ ਸਮੇਂ ਤੋਂ ਬੁੱਢੇ ਦਰਿਆ ਦੇ ਪਲੀਤ ਹੋਣ ਕਾਰਣ ਸੰਤਾਪ ਭੋਗ ਰਹੇ ਹਨ। ਬਜ਼ੁਰਗ ਦੱਸਦੇ ਹਨ ਕਿ 1980-85 ਤੱਕ ਲੋਕ ਇਸ ਦਰਿਆ ‘ਚ ਨਹਾਉਂਦੇ ਰਹੇ ਹਨ। ਹੌਲੀ-ਹੌਲੀ ਇਸ ਦੇ ਕੰਢੇ ਤੇ ਕਾਰਖਾਨੇ ਲੱਗਣੇ ਸ਼ੁਰੂ ਹੋਏ। ਦਰਿਆ ਕੰਢੇ ਲੱਗਣ ਵਾਲੇ ਇਹਨਾਂ ਕਾਰਖਾਨਿਆਂ ‘ਚ ਜਿਆਦਾਤਰ ਕਾਰਖਾਨੇ ਸੂਤ ਅਤੇ ਕੱਪੜਾ ਰੰਗਾਈ ਅਤੇ ਧਾਤਾਂ ਤੇ ਪੱਤ ਚਾੜ੍ਹਣ (ਇਲੈਕਟ੍ਰੋਪਲੇਟਿੰਗ) ਦੇ ਹਨ। ਕੱਪੜਾ ਰੰਗਾਈ ਅਤੇ ਇਲੈਕਟ੍ਰੋਪਲੇਟਿੰਗ ਅਜਿਹੇ ਕਾਰਜ ਹਨ, ਜਿਨ੍ਹਾਂ ਲਈ ਪਾਣੀ ਦੀ ਵੱਡੀ ਮਾਤਰਾ ‘ਚ ਲੋੜ ਪੈਂਦੀ ਹੈ। ਇਹ ਕਾਰਖਾਨੇ ਵਰਤਿਆ ਗਿਆ ਪਾਣੀ, ਬਿਨਾਂ ਸੋਧੇ, ਚੋਰ ਮੋਰੀਆਂ ਰਾਹੀਂ ਦਰਿਆ ‘ਚ ਪਾ ਰਹੇ ਹਨ, ਜੋ ਅੱਗੇ ਜਾ ਕੇ ਸਤਲੁਜ ਦੇ ਪਾਣੀ ਨੂੰ ਗੰਧਲਾ ਕਰਦਾ ਹੈ। ਪੀ.ਜੀ.ਆਈ. ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ 2008 ਵਿੱਚ ਕੀਤੇ ਇੱਕ ਸਾਂਝੇ ਖੋਜ ਅਧਿਐਨ ਮੁਤਾਬਕ ਬੁੱਢੇ ਨਾਲੇ ਦੇ ਨਾਲ-ਨਾਲ ਦੋਵੇਂ ਪਾਸੇ ਦੇ ਪਿੰਡਾਂ ਵਿੱਚ ਕੈਲਸ਼ੀਅਮ, ਮੈਗਨੇਸੀਅਮ, ਫਲੋਰਾਈਡ, ਪਾਰਾ, ਬੀਟਾ-ਐਂਡੋਸਲਫਾਨ ਅਤੇ ਹੈਪਟਾਕਲੋਰ ਜ਼ਮੀਨ ਅਤੇ ਟੈਪ ਪਾਣੀ ਵਿੱਚ ਇਜਾਜ਼ਤ ਸੀਮਾ (ਐਮ.ਪੀ. ਐਲ) ਤੋਂ ਵੱਧ ਸਨ। ਅਮੋਨੀਆ, ਫ਼ਾਸਫ਼ੇਟ, ਕਲੋਰਾਈਡ, ਕ੍ਰੋਮੀਅਮ, ਆਰਸੈਨਿਕ ਅਤੇ ਕਲੋਰਪਿਰੀਫੋਸ ਦੀ ਭਾਰੀ ਮਾਤਰਾ ਵੀ ਪਾਣੀ ਦੇ ਨਮੂਨਿਆਂ ‘ਚ ਮਿਲੀ ਹੈ। ਭਾਵ ਬੁੱਢੇ ਦਰਿਆ ਦੇ ਪਾਣੀ ਨੇ ਧਰਤੀ ਹੇਠਲੇ ਪਾਣੀ ਨੂੰ ਵੀ ਪਲੀਤ ਕਰ ਦਿੱਤਾ ਹੈ । ਬੁੱਢੇ ਦਰਿਆ ਵੱਲੋਂ ਪ੍ਰਦੂਸ਼ਿਤ ਕੀਤਾ ਪਾਣੀ ਕੇਂਦਰੀ ਪੰਜਾਬ ਤੋਂ ਲੈ ਕੇ ਪੱਛਮੀ ਪੰਜਾਬ, ਦੱਖਣ ਪੱਛਮੀ ਪੰਜਾਬ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕਰਦਾ ਹੈ। ਬੁੱਢੇ ਦਰਿਆ ਦੇ ਆਲੇ-ਦੁਆਲੇ ਵਾਲੇ ਇਲਾਕਿਆਂ ਤੋਂ ਇਲਾਵਾ ਸਰਹੰਦ ਫੀਡਰ ਨਹਿਰ ‘ਚੋਂ ਪੀਣ ਲਈ ਪਾਣੀ ਵਰਤਣ ਵਾਲੇ ਇਲਾਕੇ ਬੇਹੱਦ ਮਾਰ ਹੇਠ ਹਨ ।

ਸਰਕਾਰਾਂ ਕਈ ਆਈਆਂ ਅਤੇ ਕਈ ਗਈਆਂ। ਵਾਅਦੇ ਅਤੇ ਬਿਆਨ ਵੀ ਸਭ ਦੇ ਵੱਡੇ ਵੱਡੇ ਰਹੇ। ਗੌਰਤਲਬ ਹੈ ਕਿ ਇੱਕ ਵਾਰ ਲੁਧਿਆਣੇ ਪਹੁੰਚੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਲੁਧਿਆਣੇ ਤੋਂ ਭਾਜਪਾ ਦੇ ਸਿਆਸੀ ਆਗੂ ਨੇ ਬੁੱਢੇ ਦਰਿਆ ਨੇੜਲੇ ਕਾਰਖਾਨੇ ਵਾਲਿਆਂ ਦਾ ਧਿਆਨ ਰੱਖਣ ਨੂੰ ਕਿਹਾ ਤਾਂ ਮੁੱਖ ਮੰਤਰੀ ਵੱਲੋਂ ਉਸ ਆਗੂ ਨੂੰ ਬੁੱਢੇ ਦਰਿਆ ਦਾ ਪਾਣੀ ਪੀ ਕੇ ਦਿਖਾਉਣ ਦੀ ਗੱਲ ਆਖੀ ਗਈ ਸੀ। ਉਦੋਂ ਪ੍ਰਕਾਸ਼ ਸਿੰਘ ਬਾਦਲ ਦੇ ਰਵੱਈਏ ਤੋਂ ਲੱਗਿਆ ਕਿ ਹੁਣ ਜ਼ਰੂਰ ਕੁਝ ਹੱਲ ਨਿਕਲੇਗਾ। ਪਰ ਅਫਸੋਸ ਕਿ ਕੁਰਸੀ ਛੱਡਣ ਵੇਲੇ ਪ੍ਰਕਾਸ਼ ਸਿੰਘ ਬਾਦਲ ਬੁੱਢੇ ਦਰਿਆ ਨੂੰ ਪਹਿਲਾਂ ਨਾਲੋਂ ਗੰਧਲਾ ਛੱਡ ਕੇ ਗਏ ।

ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਕਲੰਕ ਧੋਣ ਲਈ ਸਰਕਾਰਾਂ ਨੇ ਕਾਰਖਾਨੇਦਾਰਾਂ ਨੂੰ ਸਤਲੁਜ ਦੇ ਬਿਲਕੁਲ ਕੰਢੇ ਤੇ ਲਿਆਉਣ ਦੀ ਤਜ਼ਵੀਜ ਲਿਆਂਦੀ। ਇਹ ਤਜਵੀਜ ਮੱਤੇਵਾੜਾ ਇੰਡਸਟਰੀਅਲ ਪਾਰਕ ਦੀ ਸੀ। ਇਸ ਤਜ਼ਵੀਜ ਨੂੰ ਲਿਆਉਣ ਵੇਲੇ ਇਹ ਬਿਲਕੁਲ ਨਹੀਂ ਸੋਚਿਆ ਗਿਆ ਕਿ ਸਤਲੁਜ ਦੇ ਬੰਨ੍ਹ ਦੇ ਐਨ ਨਾਲ ਇਹ ਕਾਰਖਾਨੇ ਲਾਉਣ ਨਾਲ ਤਾਂ ਦਰਿਆਈ ਪਾਣੀ ਪਲੀਤ ਹੋਣ ਦਾ ਖਤਰਾ ਹੋਰ ਵਧੇਗਾ। ਮੱਤੇਵਾੜਾ ਟੈਕਸਟਾਈਲ ਪਾਰਕ ਥੋਪੇ ਜਾਣ ਦੀਆਂ ਕੋਸ਼ਿਸ਼ਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ। ਓਦੋਂ ਸਮੂਹ ਪੰਜਾਬ ਵਾਸੀਆਂ ਵੱਲੋਂ ਵੱਡਾ ਸੰਘਰਸ਼ ਕਰਕੇ ਪਾਣੀ ਨੂੰ ਪਲੀਤ ਕਰਨ ਲਈ ਪੁੱਟੇ ਜਾਣ ਵਾਲੇ ਸਰਕਾਰੀ ਕਦਮਾਂ ਨੂੰ ਜੂੜ ਪਾਇਆ ਗਿਆ।

ਚੇਤੇ ਰਹੇ ਕਿ ਮੱਤੇਵਾੜਾ ਮੋਰਚੇ ਵੇਲੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ, ਜੋ ਉਸ ਵੇਲੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਨ, ਨੇ ਇਸਨੂੰ ਲੈ ਕੇ ਤਤਕਾਲੀ ਸਰਕਾਰ ਦੀ ਨਿੰਦਾ ਕੀਤੀ ਸੀ। ਓਹਨਾਂ ਆਖਿਆ ਸੀ ਕਿ “ਇਹ ਕੱਲੇ ਬੁੱਢੇ ਦਰਿਆ ‘ਚ ਪਾਣੀ ਹੀ ਨਹੀਂ ਪਾਉਂਦੇ, ਸਗੋਂ ਧਰਤੀ ਹੇਠ ਵੀ ਪਾਣੀ ਪਾਉਂਦੇ ਨੇ। ਇਹਨਾਂ ਨੇ ਅੰਦਰੇ ਬੋਰ ਕੀਤੇ ਹੋਏ ਨੇ। ਮੈਨੂੰ ਕੱਲੇ ਕੱਲੇ ਦਾ ਪਤਾ। ਸਰਕਾਰ ਆਉਣ ਦਿਓ, ਮੈਂ ਕੱਲੀ ਕੱਲੀ ਫੈਕਟਰੀ ਨੂੰ ਜ਼ਿੰਦਾ ਲਵਾਊਂਗਾ ਜਿਹੜੀ ਪੰਜਾਬ ਦੇ ਲੋਕਾਂ ਨੂੰ ਜਹਿਰ ਦੇ ਰਹੀ ਹੈ, ਜਿਹੜੀ ਲੋਕਾਂ ਨੂੰ ਕੈਂਸਰ ਵੰਡ ਰਹੀ ਹੈ।” ਪਰ ਕੁਝ ਸਮੇਂ ਬਾਅਦ ਭਗਵੰਤ ਮਾਨ ਵੱਲੋਂ ਵੀ ਮੱਤੇਵਾੜਾ ਕਾਰਖਾਨਾ ਪਾਰਕ ਲਈ ਜ਼ੋਰ ਲਾਇਆ ਗਿਆ। ਵਿਧਾਨ ਸਭਾ ‘ਚ ਮਤੇ ਪਾਏ ਗਏ। ਜੀਰਾ ਸ਼ਰਾਬ ਫੈਕਟਰੀ ਵਾਲੇ ਕੇਸ ‘ਚ ਵੀ ਭਗਵੰਤ ਮਾਨ ਸਰਕਾਰ ਦੀ ਭੂਮਿਕਾ ਸੁਆਲਾਂ ਦੇ ਘੇਰੇ ‘ਚ ਹੀ ਰਹੀ ਹੈ । ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਕੇਂਦਰੀ ਪ੍ਰਦੂਸ਼ਣ ਕਾਬੂਕਰ ਦੇ ਹੁਕਮਾਂ ਨੂੰ ਵੀ ਪੰਜਾਬ ਸਰਕਾਰ ਅਣਗੌਲਿਆਂ ਹੀ ਕਰ ਰਹੀ ਹੈ ।

ਹੁਣ ਪੰਜਾਬ ਹਿਤੈਸ਼ੀ ਲੋਕਾਂ ਨੇ 3 ਦਸੰਬਰ ਨੂੰ ਬੁੱਢੇ ਦਰਿਆ ਚ 9 ਕਰੋੜ ਲੀਟਰ ਰੋਜ਼ਾਨਾ ਪਾਣੀ ਪਾਉਣ ਵਾਲੇ ਦੋ ਵੱਡੇ ਪਾਈਪਾਂ ਨੂੰ ਬੰਦ ਕਰਨ ਦਾ ਫੈਂਸਲਾ ਕੀਤਾ ਹੈ । ਕਾਲੇ ਪਾਣੀ ਦੇ ਮੋਰਚੇ ਨੂੰ ਸਮੂਹ ਪੰਜਾਬ ਤੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਕਿਸਾਨ ਜਥੇਬੰਦੀਆਂ ਅਤੇ ਹੋਰ ਅਨੇਕਾਂ ਜਥੇਬੰਦੀਆਂ ਇਸ ਫੈਸਲੇ ਨੂੰ ਹਮਾਇਤ ਦੇ ਚੁੱਕੀਆਂ ਹਨ । ਲਗਾਤਾਰ ਬੈਠਕਾਂ ਕਰਕੇ ਲਾਮਬੰਦੀ ਹੋ ਰਹੀ ਹੈ। ਸਮੂਹ ਪੰਜਾਬ ਹਿਤੈਸ਼ੀ ਲੋਕਾਂ ਨੂੰ 3 ਦਸੰਬਰ ਨੂੰ ਲੁਧਿਆਣੇ ਵੇਰਕਾ ਮਿਲਕ ਪਲਾਂਟ ਸਾਹਮਣੇ ਪਹੁੰਚਣ ਦਾ ਸੱਦਾ ਟੀਮ ਕਾਲੇ ਪਾਣੀ ਦਾ ਮੋਰਚਾ ਵੱਲੋਂ ਦਿੱਤਾ ਗਿਆ ਹੈ । ਹੁਣ ਤੱਕ ਸਰਕਾਰਾਂ ਦਾ ਰਵਈਆ ਲੋਕ ਪੱਖੀ ਨਾ ਹੋ ਕੇ ਤਕੜਿਆਂ (ਕਾਰਖਾਨੇਦਾਰਾਂ) ਪੱਖੀ ਹੀ ਰਿਹਾ ਹੈ। ਇਹ ਵੀ ਹੋ ਸਕਦਾ ਹੈ ਕਿ ਗ੍ਰਿਫਤਾਰੀਆਂ ਹੋਣ, ਹਰਿਆਣੇ ਵਾਲਿਆਂ ਵਾਂਗ ਪੰਜਾਬ ਸਰਕਾਰ ਵੀ ਸਰਬੱਤ ਦਾ ਭਲਾ ਮੰਗਣ ਵਾਲਿਆਂ ਦੇ ਰਾਹ ਰੋਕੇ। ਪਰ ਸਿਦਕ ਸਬਰ ਤੇ ਜੂਝਣ ਵਾਲਿਆਂ ਦੇ ਕਦਮ ਅੰਤ ਨੂੰ ਜਿੱਤ ਚੁੰਮਦੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,