ਮੱਲ ਕੇ (4 ਨਵੰਬਰ, 2015): ਪਿਛਲੇ ਦਿਨੀ ਫਰੀਦਕੋਦ ਨੇੜੇ ਪਿੰਡ ਬਰਗਾੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਤੋਂ ਬਾਅਦ ਹੁਣ ਫਿਰ ਉਸ ਇਲਾਕੇ ਵਿੱਚ ਹੀ ਪਿੰਡ ਮੱਲੇ ਕੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੈਚੀ ਦੀ ਬੇਅਦਬੀ ਹੋਣ ਦਾ ਦੁਖਦ ਸਮਾਚਾਰ ਮਿਲਿਆ ਹੈ।ਮੱਲ ਕੇ ਵਿਖੇ (ਸਮਾਲਸਰ ਲਿੰਕ ਰੋਡ)ਤੋਂ ਲੈ ਕੇ ਪਿੰਡ ਦੀ ਵਿਚਕਾਰਲੀ ਖੁਹ ਵਾਲੀ ਗਲੀ ਵਿਚ ਥਾਂ ਥਾਂ ਤੇ ਤਕਰੀਬਨ ਦਸ ਥਾਂਵਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੈਂਚੀ ਦੇ ਖਿੱਲਰੇ ਅੰਗ ਮਿਲੇ ਹਨ।
ਘਟਨਾ ਦਾ ਪਤਾ ਲੱਗਦਿਆਂ ਹੀ ਹਜ਼ਾਰਾਂ ਲੋਕ ਘਟਨਾ ਸਥਾਨ ਵਾਲੀ ਜਗਾ ਤੇ ਪਹੁੰਚ ਗਏ। ਪ੍ਰਸ਼ਾਸ਼ਨ ਦੇ ਆਉਣ ਤੱਕ ਇਹ ਕਾਫਲਾ ਘਟਨਾ ਸਥਾਨ ਤੇ ਧਰਨਾ ਲਗਾ ਕੇ ਬੈਠ ਗਿਆ।
ਘਟਨਾ ਵਾਲੀ ਥਾਂ ਤੇ ਪੁਲਿਸ ਤਕਰੀਬਨ ਛੇ ਕੁ ਵਜੇ ਪਹੁੰਚੀ। ਇਸ ਮੌਕੇ ਜਿਲਾ ਮੋਗਾ ਦੇ ਡਿਪਟੀ ਕਮਿਸ਼ਨਰ ਪਰਮਜੀਤ ਸਿੰਘ, ਡੀ.ਆਈ.ਜੀ.ਅਮਰ ਸਿੰਘ ਚਾਹਲ ਫਿਰੋਜ਼ਪੁਰ ਰੇਂਜ਼,ਐਸ.ਐਸ.ਪੀ.ਮੋਗਾ ਮੁਖਵਿੰਦਰ ਸਿੰਘ, ਏ.ਆਈ.ਜੀ.ਅਜੇ ਮਲੂਜਾ (ਖੁਫੀਆ ਵਿਭਾਗ) ਐਸ.ਐਸ.ਪੀ. ਫਾਜਿਲਕਾ ਸਵੱਪਨ ਸ਼ਰਮਾ, ਐਸ.ਡੀ.ਐਮ ਨਿਹਾਲ ਸਿੰਘ ਵਾਲਾ ਜੋਤੀ ਬਾਲਾ ਮੱਟੂ, ਨਾਇਬ ਤਹਿਸੀਲਦਾਰ ਗੁਰਮੇਲ ਸਿੰਘ ਬਾਘਾ ਪੁਰਾਣਾ, ਐਸ.ਪੀ.ਐਚ.ਕੇਹਰ ਸਿੰਘ ਖਹਿਰਾ, ਡੀ.ਐਸ.ਪੀ.ਬਾਘਾ ਪੁਰਾਣਾ ਜਸਪਾਲ ਸਿੰਘ, ਡੀ.ਐਸ.ਪੀ.ਜਸਤਿੰਦਰ ਸਿੰਘ, ਐਸ.ਐਸ,ਪੀ. ਸੁਖਮੰਦਰ ਸਿੰਘ ਮਾਨ, ਡੀ.ਐਸ.ਪੀ.ਬਲਜੀਤ ਸਿੰਘ ਸਿੱਧੂ,ਥਾਣਾ ਮੁਖੀ ਸਮਾਲਸਰ ਗੁਰਪਿਆਰ ਸਿੰਘ ਸੰਧੂ,ਥਾਣਾ ਬਾਘਾ ਪੁਰਾਣਾ ਪ੍ਰਤਾਪ ਸਿੰਘ ਆਦਿ ਨੇ ਸਮੂਹ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿੱਲਰੇ ਹੋਏ ਅੰਗਾਂ ਨੂੰ ਇਕੱਠਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਸਿੱਖ ਸੰਗਤਾਂ ਨੇ ਚੁੱਕਣ ਤੋਂ ਮਨਾ ਕਰ ਦਿੱਤਾ।
ਕਾਫੀ ਦੇਰ ਤੱਕ ਪੁਲਿਸ ਅਤੇ ਸਿੱਖ ਸੰਗਤਾਂ ਵਿਚਕਾਰ ਮਾਮਲਾ ਲਟਕਿਆ ਰਿਹਾ। ਅਖੀਰ ਪੰਜ ਪਿਆਰੇ ਥਾਪੇ ਗਏ ਅਤੇ ਉਨਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੋਗਾ ਪਰਮਜੀਤ ਸਿੰਘ,ਡੀ.ਆਈ.ਜੀ ਅਮਰ ਸਿੰਘ ਚਾਹਲ ਨੇ ਸਿੱਖ ਸੰਗਤਾਂ ਦੀ ਹਾਜ਼ਰੀ ਵਿਚ ਖਿੱਲਰੇ ਅੰਗਾਂ ਨੂੰ ਚੁੱਕ ਕੇ ਮਰਿਆਦਾ ਸਹਿਤ ਪਾਲਕੀ ਵਿਚ ਸ਼ਸ਼ੋਭਿਤ ਕੀਤੇ ਅਤੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਾਂਭ ਦਿੱਤੇ ਗਏ। ਇਸ ਮੌਕੇ ਡੌਗ ਸੁਕਐਡ ਅਤੇ ਫਿੰਗਰ ਪਿ੍ਰੰਟਸ ਦੀ ਟੀਮ ਨੇ ਆਪਣੀ ਕਾਰਵਾਈ ਕੀਤੀ।
ਇਸ ਮੌਕੇ ਭਾਈ ਅਮਰੀਕ ਸਿੰਘ ਅਜਨਾਲਾ,ਭਾਈ ਸੁਖਜੀਤ ਸਿੰਘ ਖੋਸਾ,ਸ਼੍ਰੀ ਆਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ,ਸ਼੍ਰੋਮਣੀ ਕਮੇਟੀ ਮੈਂਬਰ ਜਗਤਾਰ ਸਿੰਘ ਰੋਡੇ,ਬਾਬਾ ਚਮਕੌਰ ਸਿੰਘ ਭਾਈ ਰੂਪਾ ਅਤੇ ਸਮੁੱਚੀ ਸੰਗਤ ਦੀ ਸਹਿਮਤੀ ਨਾਲ ਡੀ.ਆਈ.ਜੀ.ਅਮਰ ਸਿੰਘ ਚਾਹਲ ਨਾਲ ਮਤਾ ਪਾਸ ਕੀਤਾ ਗਿਆ ਕਿ ਸਿੱਖ ਸੰਗਤਾਂ ਅਤੇ ਪੁਲਿਸ ਦੀ ਟੀਮ ਇਕੱਠੀ ਹੋ ਕੇ ਫਿੰਗਰ ਪਿ੍ਰੰਟਸ ਲਈ ਗੁਜਰਾਤ ਜਾਵੇਗੀ।
ਇਸ ਕਾਰਵਾਈ ਲਈ ਡੀ.ਆਈ.ਜੀ ਨੇ ਪੰਜ ਦਿਨਾਂ ਦਾ ਸਮਾਂ ਲਿਆ ਹੈ ਅਤੇ ਵਿਸ਼ਵਾਸ਼ ਦਿਵਾਇਆ ਕਿ ਉੱਥੋਂ ਜੋ ਵੀ ਰਿਪੋਰਟ ਆਵੇਗੀ ਉਸ ਤੋਂ ਤੁਰੰਤ ਬਾਅਦ ਕਾਰਵਾਈ ਨੂੰ ਅਮਲ ਵਿਚ ਲਿਆਦਾ ਜਾਵੇਗਾ। ਸਿੱਖ ਸੰਗਤਾਂ ਨੇ ਇਸ ਫੈਸਲੇ ਤੇ ਸਹਿਮਤੀ ਜਿਤਾਈ। ਇਸ ਮੌਕੇ ਸਿੱਖ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਇਸ ਮਸਲੇ ਦੇ ਹੱਲ ਵਿਚ ਨਾਕਮਾਯਾਬ ਰਹੀ ਤਾਂ ਸਿੱਖ ਸੰਗਤ ਬੇਅਦਬੀ ਦੇ ਮਾਮਲੇ ਨੂੰ ਆਪਣੇ ਹੱਥਾਂ ਵਿਚ ਲਵੇਗੀ।
ਪ੍ਰਸ਼ਾਸਨ ਦੀ ਕਾਰਵਾਈ ਨੂੰ ਸੰਗਤਾਂ ਵਲੋਂ ਪੂਰਨ ਸਹਿਯੋਗ ਮਿਲਿਆ ਜਿਸ ਕਾਰਨ ਜਾਂਚ ਲਈ ਅੰਗ ਗੁਜਰਾਤ ਭੇਜਣ ਦੀ ਸੰਗਤ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ, ਬੇ-ਅਦਬੀ ਕੀਤੇ ਅੰਗ ਪ੍ਰਸ਼ਾਸਨ ਤਿੰਨ ਦਿਨ ਦੀ ਜਾਂਚ ਲਈ ਮੌਹਲਤ ਮੰਗੀ ।
ਇਸ ਮੌਕੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ ਖਾਲਸਾ, ਸਾਬਕਾ ਜਥੇਦਾਰ ਦਮਦਮਾ ਸਾਹਿਬ ਤਲਵੰਡੀ ਸਾਬੋ ਬਲਵੰਤ ਸਿੰਘ ਨੰਦਗੜ, ਬੀਬੀ ਰਜਿੰਦਰ ਕੌਰ ਆਦਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।