ਪਠਾਨਕੋਟ (11 ਸਤੰਬਰ, 2015): ਗੁਰਦੁਆਰਾ ਸੰਤ ਆਸ਼ਰਮ ਨੂੰ ਰਾਤ ਵੇਲੇ ਜੇ.ਸੀ.ਬੀ. ਮਸ਼ੀਨਾਂ ਨਾਲ ਢਾਹ ਦਿੱਤੇ ਜਾਣ ’ਤੇ ਅੱਜ ਸਵੇਰੇ ਸਥਿਤੀ ਤਣਾਅਪੂਰਨ ਹੋ ਗਈ। ਸਵੇਰ ਵੇਲੇ ਮਿੰਟਾਂ ਵਿੱਚ ਹੀ ਸਿੱਖ ਸੰਗਤ ਇਕੱਠੀ ਹੋ ਗਈ ਅਤੇ ਗੁਰਦੁਆਰਾ ਢਾਹੁਣ ਵਾਲਿਆਂ ਨਾਲ ਧੱਕਾ ਮੁੱਕੀ ਹੋਣ ਲੱਗੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਸੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਪੁਲੀਸ ਮੁਖੀ ਰਵਿੰਦਰ ਕੁਮਾਰ ਬਖ਼ਸ਼ੀ ਭਾਰੀ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ।
ਸਿੱਖ ਸੰਗਤ ਦੇ ਨੁਮਾਇੰਦੇ ਇਸ ਗੱਲ ’ਤੇ ਅੜੇ ਹੋਏ ਸਨ ਕਿ ਗੁਰਦੁਆਰੇ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦੋਹਾਂ ਧਿਰਾਂ ਦੀ ਡੀ.ਐਸ.ਪੀ. ਦੇ ਦਫਤਰ ਵਿੱਚ ਬੰਦ ਕਮਰਾ ਮੀਟਿੰਗ ਹੋੲੀ।
ਇਸ ਮੀਟਿੰਗ ਦੌਰਾਨ ਡੀ.ਐਸ.ਪੀ. ਦਫਤਰ ਦੇ ਬਾਹਰ ਸਿੱਖ ਸੰਗਤ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਦੋ ਵਾਰ ਮੁੱਖ ਸੜਕ ’ਤੇ ਚੱਕਾ ਜਾਮ ਵੀ ਕੀਤਾ। ਸ਼ਾਮ ਵੇਲੇ ਸਿੱਖ ਨੌਜਵਾਨਾਂ ਨੇ ਰੋਸ ਵਜੋਂ ਡੀ.ਐਸ.ਪੀ. ਦਫਤਰ ਕੋਲ ਸੜਕ ’ਤੇ ਜਾਮ ਲਗਾ ਦਿੱਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।

ਸਿੱਖ ਸੰਗਤ ਦੇ ਨੁਮਾਇੰਦੇ ਜਥੇਦਾਰ ਜਸਬੀਰ ਸਿੰਘ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਭੇਜੀ ਦਰਖਾਸਤ ਦਿਖਾਉਂਦਿਆਂ ਦੱਸਿਆ ਕਿ ਸੰਨ 1931 ਵਿੱਚ ਮਰਹੂਮ ਬਾਬਾ ਇਕਬਾਲ ਸਿੰਘ ਨੇ ਕਰੀਬ ਸਾਢੇ 9 ਕਿੱਲੇ ਜ਼ਮੀਨ ਵਿੱਚ ਗੁਰਦੁਆਰਾ ਸੰਤ ਆਸ਼ਰਮ ਦੀ ਉਸਾਰੀ ਕਰਵਾਈ ਸੀ ਅਤੇ ਨਾਲ ਹੀ ਸੰਤ ਆਸ਼ਰਮ ਹਾਈ ਸਕੂਲ (ਏਡਿਡ) ਵੀ ਸ਼ਰੂ ਕੀਤਾ ਸੀ।
ਸਾਲ 1993 ਵਿੱਚ ਸੰਤ ਆਸ਼ਰਮ ਐਜੂਕੇਸ਼ਨ ਸੁਸਾਇਟੀ ਦੇ ਅਧੀਨ ਉਸ ਵੇਲੇ ਦੇ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਵੱਲੋਂ ਗੁਰਦੁਆਰੇ ਦੀ ਖਾਲੀ ਜ਼ਮੀਨ ’ਤੇ ਗੁਰੂ ਹਰਕ੍ਰਿਸ਼ਨ ਸੀ. ਸੈ. ਸਕੂਲ ਦਾ ਨੀਂਹ ਪੱਥਰ ਰੱਖਿਆ ਗਿਆ, ਜੋ ਹੁਣ ਤੱਕ ਲਗਾਤਾਰ ਚੱਲਦਾ ਆ ਰਿਹਾ ਹੈ। ੳੁਨ੍ਹਾਂ ਦੋਸ਼ ਲਾਇਆ ਕਿ ਇਸ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਅਾਰੇ ਵਾਲੀ ਹੋਰ ਜ਼ਮੀਨ ਨੂੰ ਵੀ ਸਕੂਲ ਵਿੱਚ ਰਲਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਇਸ ਸਬੰਧੀ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਉਕਤ ਪ੍ਰਬੰਧਕ ਕਮੇਟੀ ਦੇ ਆਗੂ ਗੁਰਦੁਆਰੇ ਦੀ ਕਰੋੜਾਂ ਰੁਪਏ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ ।
ਦੂਜੇ ਪਾਸੇ ਸ਼੍ਰੀ ਗੁਰੂ ਹਰਕ੍ਰਿਸ਼ਨ ਸੀ. ਸੈ. ਸਕੂਲ ਦੀ ਪ੍ਰਬੰਧਕ ਕਮੇਟੀ ਦੇ ਆਗੂ ਮੀਟਿੰਗ ਵਿੱਚ ਦਲੀਲ ਦੇ ਰਹੇ ਸਨ ਕਿ ਉਨ੍ਹਾਂ ਨੇ ਗੁਰਦੁਆਰੇ ਵਾਲੀ ਜਗ੍ਹਾ ’ਤੇ ਦੋ ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਗੁਰਦੁਆਰਾ ਉਸਾਰਨਾ ਹੈ। ਇਸ ਕਰਕੇ ਉਨ੍ਹਾਂ ਨੇ ਪੁਰਾਣਾ ਗੁਰਦੁਆਰਾ ਢਾਹਿਆ ਹੈ।