ਕੁਆਲਾਲੰਪੁਰ: ਇਸਲਾਮੀ ਦੇਸ਼ ਮਲੇਸ਼ੀਆ ਵਿਚ ਪਹਿਲੀ ਵਾਰ ਕਿਸੇ ਸਿੱਖ ਨੂੰ ਕੈਬਿਨਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। 45 ਸਾਲਾ ਗੋਬਿੰਦ ਸਿੰਘ ਦਿਓ ਕਿਸੇ ਘੱਟਗਿਣਤੀ ਭਾਈਚਾਰੇ ਨਾਲ ਸਬੰਧਿਤ ਪਹਿਲੇ ਵਿਅਕਤੀ ਹਨ ਜਿਹਨਾਂ ਨੂੰ ਮੰਤਰੀ ਦਾ ਅਹੁਦਾ ਮਿਲਿਆ ਹੈ। ਗੋਬਿੰਦ ਸਿੰਘ ਦਿਓ ਨੂੰ ਕਮਿਊਨੀਕੇਸ਼ਨਸ ਅਤੇ ਮਲਟੀਮੀਡੀਆ ਮੰਤਰਾਲਾ ਸੌਂਪਿਆ ਗਿਆ ਹੈ।

ਦਿਓ ਦੇ ਪਿਤਾ ਮਲੇਸ਼ੀਆ ਦੇ ਨਾਮੀਂ ਵਕੀਲ ਅਤੇ ਰਾਜਨੀਤਕ ਕਿਰਪਾਲ ਸਿੰਘ ਦੇ ਪੁੱਤਰ ਹਨ। ਉਹਨਾਂ ਨੇ ਬੀਤੇ ਕੱਲ੍ਹ ਨੈਸ਼ਨਲ ਪੈਲੇਸ ਵਿਖੇ ਹੋਏ ਸੋਂਹ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਮਹਾਥੀਰ ਮੋਹੱਮਦ ਦੀ ਕੈਬਿਨਟ ਦੇ ਮੰਤਰੀ ਵਜੋਂ ਸੋਂਹ ਚੁੱਕੀ।
ਗੋਬਿੰਦ ਸਿੰਘ ਦਿਓ ਪਹਿਲੀ ਵਾਰ 2008 ਵਿਚ ਐਮ.ਪੀ ਚੁਣੇ ਗਏ ਸਨ। ਉਸ ਤੋਂ ਬਾਅਦ 2013 ਵਿਚ ਵੀ ਵੱਡੇ ਫਰਕ ਨਾਲ ਜਿੱਤ ਹਾਸਿਲ ਕੀਤੀ ਅਤੇ ਇਸ ਸਾਲ ਹੋਈਆਂ ਆਮ ਚੋਣਾਂ ਵਿਚ ਵੀ ਦਿਓ 47,635 ਵੋਟਾਂ ਦੇ ਫਰਕ ਨਾਲ ਚੋਣ ਜਿੱਤਣ ਵਿਚ ਕਾਮਯਾਬ ਹੋਏ।
ਦਿਓ ਦੇ ਕੇਂਦਰੀ ਮੰਤਰੀ ਬਣਨ ‘ਤੇ ਮਲੇਸ਼ੀਆ ਵਸਦੇ ਸਮੁੱਚੇ ਸਿੱਖ ਭਾਈਚਾਰੇ ਵਿਚ ਖੁਸ਼ੀ ਮਨਾਈ ਜਾ ਰਹੀ ਹੈ। ਜਿਕਰਯੋਗ ਹੈ ਕਿ ਮਲੇਸ਼ੀਆ ਵਿਚ ਸਿੱਖ ਭਾਈਚਾਰੇ ਦੀ ਕੁੱਲ ਅਬਾਦੀ 1,00,000 ਦੇ ਕਰੀਬ ਹੈ।