July 29, 2011 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ (29 ਜੁਲਾਈ, 2011): ਸੌਦਾ ਸਾਧ ਵਿਰੋਧੀ ਪੰਥਕ ਸੰਘਰਸ਼ ਨਾਲ ਸਬੰਧਿਤ ਇਕ ਕੇਸ ਦੀ ਤਰੀਖ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਅੱਜ ਪੁਲਿਸ ਨੇ ਅੰਮ੍ਰਿਤਸਰ ਜੇਲ੍ਹ ਤੋਂ ਲਿਆ ਕੇ ਇੱਥੇ ਜਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਅੱਜ ਉਨ੍ਹਾਂ ਦੀ ਅਗਲੀ ਪੇਸ਼ੀ 31 ਅਗਸਤ ਨਿਸ਼ਚਿਤ ਕਰ ਦਿੱਤੀ ਹੈ।
ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਦਿਨ ਤੈਅ ਹੋ ਗਿਆ ਹੈ ਇਸ ਲਈ ਗੁਰਧਾਮਾਂ ਦੇ ਪ੍ਰਬੰਧ ਵਿੱਚੋਂ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨ ਅਤੇ ਧਾਰਮਿਕ ਸੰਸਥਾਵਾਂ ਦੀ ਦੁਰਵਰਤੋਂ ਰੋਕਣ ਲਈ ਸਿੱਖ ਕੌਮ ਇਨ੍ਹਾਂ ਚੋਣਾਂ ਵਿੱਚ ਬਾਦਲ ਵਿਰੋਧੀ ਪੰਥਕ ਉਮੀਦਵਾਰਾਂ ਨੂੰ ਚੁਣ ਕੇ ਸ਼੍ਰੋਮਣੀ ਕਮੇਟੀ ਵਿੱਚ ਭੇਜੇ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾ 18 ਸਤੰਬਰ ਨੂੰ ਕਰਵਾਏ ਜਾਣ ਦਾ ਐਲਾਨ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਭਾਰਤ ਦੇ ਘਰੇਲੂ ਮੰਤਰਾਲੇ ਤੋਂ ਮਿਲੀ ਮਨਜੂਰੀ ਤੋਂ ਬਾਅਦ ਕੀਤਾ ਜਾ ਚੁੱਕਾ ਹੈ।
ਭਾਈ ਬਿੱਟੂ ਨੇ ਕਿਹਾ ਮੌਜ਼ੂਦਾ ਸ਼੍ਰੋਮਣੀ ਕਮੇਟੀ ਪ੍ਰਚਾਰ-ਪ੍ਰਸਾਰ ਅਤੇ ਸਿੱਖ ਹਿਤਾਂ ਦੀ ਰਾਖੀ ਕਰਨ ਦੀ ਜਿੰਮੇਵਾਰੀ ਨੂੰ ਤਿਲਾਂਜਲੀ ਦੇ ਕੇ ਅਪਣੇ ਸਿਆਸੀ ਆਕਾਵਾਂ ਦੇ ਇਸ਼ਾਰਿਆਂ ’ਤੇ ਸਿੱਖ ਧਰਮ ਦਾ ਮਲੀਅਮੇਟ ਕਰਨ ਵਿੱਚ ਲੱਗੀ ਹੋਈ ਹੈ।
ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਬਾਦਲ ਦਲ ਵਲੋਂ ਪੰਥਕ ਧਿਰਾਂ ਨੂੰ ਕਾਂਗਰਸ ਦੇ ਏਜੰਟ ਦੱਸੇ ਜਾਣ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਭਾਈ ਬਿੱਟੂ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਕੇਂਦਰ ਅਤੇ ਬਾਦਲ ਦਲ ਹਮੇਸਾਂ ਮਿਲ ਕੇ ਚਲਦੇ ਆਏ ਹਨ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਕੇਂਦਰ ਦਾ ਐਲਾਨ ਵੀ ਸਿੱਧੇ-ਅਸਿੱਧੇ ਢੰਗ ਨਾਲ ਬਾਦਲ ਦਲ ਦੇ ਹੱਕ ਵਿੱਚ ਹੀ ਭੁਗਤ ਰਿਹਾ ਹੈ ਜਦਕਿ ਪੰਥਕ ਧਿਰਾਂ ਤਾਂ ਨਕਲੀ ਵੋਟਾਂ ਦੀ ਸੁਧਾਈ ਅਤੇ ਵੋਟਰ ਪਹਿਚਾਣ ਪੱਤਰ ਬਣਾਏ ਜਾਣ ਦੀ ਮੰਗ ਕਰ ਰਹੀਆਂ ਸਨ ਪਰ ਕੇਂਦਰ ਸਰਕਾਰ ਹੀ ਇਹ ਚੋਣਾਂ ਪੰਜਾਬ ਵਿੱਚ ਬਾਦਲ-ਰਾਜ ਵਿੱਚ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਕੇਂਦਰ ਨੂੰ ਪਤਾ ਹੈ ਕਿ ਪੰਜਾਬ ਨੂੰ ਅਪਣੀ ਬਸਤੀ ਬਣਾ ਕੇ ਰੱਖਣ ਲਈ ਪੰਜਾਬ ਵਿੱਚ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਤਾਕਤ ਵਿੱਚ ਰੱਖਣਾ ਹੀ ੳਚਿੱਤ ਰਹੇਗਾ। ਭਾਈ ਬਿੱਟੂ ਦੀ ਪੇਸ਼ੀ ਮੌਕੇ ਉਨ੍ਹਾ ਨਾਲ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਦਲ ਜਿਲ੍ਹਾ ਪਟਿਆਲਾ ਦੇ ਆਹੁਦੇਦਾਰ- ਗੁਰਮੀਤ ਸਿੰਘ ਗੋਗਾ ਅਤੇ ਜਗਦੀਸ਼ ਸਿੰਘ, ਰਵਿੰਦਰ ਸਿੰਘ ਬਿੱਟੂ, ਜਿਲ੍ਹਾ ਯੂਥ ਪ੍ਰਧਾਨ ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਹਰਪ੍ਰੀਤ ਸਿੰਘ ਡਡਹੇੜੀ, ਭਗਵੰਤ ਸਿੰਘ ਮਹੱਦੀਆ, ਇੰਦਰਜੀਤ ਸਿੰਘ ਸਮਾਣਾ ਅਤੇ ਕਿਹਰ ਸਿੰਘ ਮਾਰਵਾ ਵੀ ਹਾਜ਼ਰ ਸਨ।
Related Topics: Akali Dal Panch Pardhani, Badal Dal, Bhai Daljit Singh Bittu, Bhai Harpal Singh Cheema (Dal Khalsa), Shiromani Gurdwara Parbandhak Committee (SGPC), ਭਾਈ ਦਲਜੀਤ ਸਿਘ ਬਿੱਟੂ