ਸਿੱਖ ਖਬਰਾਂ

ਸੌਦਾ ਸਾਧ ਨੂੰ ਮਾਫ ਕਰਨ ਦਾ ਡਰਾਮਾ: ਪੰਚ ਪ੍ਰਧਾਨੀ ਅਤੇ ਦਲ ਖਾਲਸਾ ਨੇ ਜੱਥੇਦਾਰਾਂ ਦੇ ਫੈਸਲੇ ਦਾ ਕਾਗਜ਼ ਪਾੜ ਕੇ ਰੋਸ ਪ੍ਰਗਟ ਕੀਤਾ

September 29, 2015 | By

ਅੰਮ੍ਰਿਤਸਰ (28 ਸਤੰਬਰ,2015): ਸਿਰਸਾ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫੀ ਨੂੰ ਰੱਦ ਕਰਦਿਆਂ, ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਕਿ ਇਹ ਡਰਾਮਾ ਬਾਦਲਕਿਆਂ ਵਲੋਂ ਰਚਿਆ ਗਿਆ ਅਤੇ ਇਸਨੂੰ ਪੰਜ ਜਥੇਦਾਰਾਂ ਨੇ ਤਖਤਾਂ ਦੇ ਨਿਯਮ ਅਤੇ ਮਰਯਾਦਾ ਨੂੰ ਛਿੱਕੇ ਟੰਗਕੇ ਅਤੇ ਕੌਮ ਦੀ ਸਮੂਹਿਕ ਭਾਵਨਾਵਾਂ ਦੇ ਉਲਟ ਜਾਕੇ ਪ੍ਰਵਾਨ ਚੜਾਇਆ, ਜਿਸ ਲਈ ਉਹ ਪੰਥ ਦੇ ਦੋਸ਼ੀ ਹਨ।

Dal 9

ਜੱਥੇਦਾਰਾਂ ਵੱਲੋਂ ਸੋਦਾ ਸਾਧ ਨੂੰ ਦਿੱਤੀ ਮਾਫੀ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਸਾਹਵੇਂ ਰੋਸ ਜ਼ਾਹਿਰ ਕਰਨ ਬੈਠੇ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਦੇ ਕਾਰਕੂਨ

ਦੋਨਾਂ ਜਥੇਬੰਦੀਆਂ ਇਸ ਫੈਸਲੇ ਵਿਰੁੱਧ ਆਪਣਾ ਸ਼ਾਂਤਮਈ ਰੋਸ ਅਤੇ ਰੋਹ ਜਿਤਾਉਣ ਲਈ ਅੱਜ ਅਕਾਲ ਤਖਤ ਸਾਹਿਬ ਵਿਖੇ ਇੱਕਤਰ ਹੋਈਆਂ। ਉਹਨਾਂ ਦੇ ਮੈਂਬਰ ਅਰਦਾਸ ਉਪਰੰਤ ਅਕਾਲ ਤਖਤ ਦੇ ਸਕਤਰੇਤ ਦੇ ਬਾਹਰ ਆਕੇ ਹੱਥੀਆਂ ਵਿੱਚ ਤਖਤੀਆਂ ਫੜ ਕੇ ਕੁਝ ਸਮਾਂ ਖੜੇ ਰਹੇ। ਤਖਤੀਆਂ ਉਤੇ ਲਿਖੀਆਂ ਈਬਾਰਤਾਂ ਰਾਂਹੀ ਉਹਨਾਂ ਆਪਣਾ ਸੰਦੇਸ਼ ਦਿੱਤਾ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰਨਾਂ ਅਕਾਲੀ ਮੰਤਰੀਆਂ ਦੀ ਤਰਕ ਦਾ ਜੁਆਬ ਦੇਂਦਿੰਆਂ ਉਹਨਾਂ ਲਿਖਿਆ ਕਿ “ਸਰਵਉਚ ਅਤੇ ਮਹਾਨ ਅਕਾਲ ਤਖਤ ਸਾਹਿਬ ਹੈ, ਨਾ ਕਿ ਜਥੇਦਾਰ“। ਨੌਜਵਾਨਾਂ ਨੇ ਜਥੇਦਾਰਾਂ ਨੂੰ “ਅਹੁਦਿਆਂ ਤੋਂ ਲਾਂਭੇ ਹੱਟ ਜਾਉ“ ਦੇ ਬੈਨਰ ਫੜੇ ਹੋਏ ਸਨ। ਇੱਕ ਹੋਰ ਬੈਨਰ ਉਤੇ ਉਕਰਿਆ ਸੀ ਕਿ ਮੌਕਾਪ੍ਰਸਤ ਅਕਾਲੀ ਰਾਜਨੀਤੀ ਧਾਰਮਿਕ ਸੰਸਥਾਵਾਂ ਨੂੰ ਤਹਿਸ-ਨਹਿਸ ਕਰ ਰਹੀ ਹੈ“।

ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਇਸ ਤੋਂ ਵੱਧ ਪੀੜਾ ਅਤੇ ਨਾਮੋਸ਼ੀ ਵਾਲੀ ਕੀ ਗੱਲ ਹੋ ਸਕਦੀ ਹੈ ਕਿ ਜਥੇਦਾਰਾਂ ਨੇ ਨੀਵਾਣ ਨੂੰ ਛੋਹ ਲਿਆ ਹੈ। ਸਿੱਖੀ ਸਿਧਾਂਤਾਂ ਅਤੇ ਤਖਤ ਦੀ ਮਾਣ-ਮਰਯਾਦਾ ਦੀ ਪਹਿਰੇਦਾਰੀ ਛੱਡ ਕੇ ਇਹਨਾਂ ਨੇ ਪਦਵੀਆਂ ਅਤੇ ਮਾਇਆ ਦੇ ਲਾਲਚ ਵਿੱਚ ਰਾਨਜੀਤੀ ਅੱਗੇ ਗੋਡੇ ਟੇਕ ਦਿੱਤੇ ਹਨ।

ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਵਿਰੁੱਧ ਰੋਸ ਵਜੋਂ ਬੈਠੀ ਸਿੱਖ ਸੰਗਤ

ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਵਿਰੁੱਧ ਰੋਸ ਵਜੋਂ ਬੈਠੀ ਸਿੱਖ ਸੰਗਤ

ਉਹਨਾਂ ਕਿਹਾ ਕਿ ਅਕਾਲੀਆਂ ਵਲੋਂ ਮੁਆਫੀ ਡਰਾਮੇ ਨੂੰ ਜਾਇਜ਼ ਕਰਾਰ ਦੇਣ ਲਈ ਖੋਖਲੇ ਤਰਕ ਦਿੱਤੇ ਜਾ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਜਿਸ ਦੇ ਖਿਲਾਫ ਸੰਗੀਨ ਜੁਰਮਾਂ ਤਹਿਤ ਅਦਾਲਤਾਂ ਵਿੱਚ ਕੇਸ ਚੱਲ ਰਹੇ ਹੋਣ, ਜੋ ਸਿੱਖ ਕੌਮ ਦਾ ਮੂੰਹ ਚਿੜ•ਾ ਰਿਹਾ ਹੋਵੇ ਅਤੇ ਜੋ ਸਿੱਖ ਪ੍ਰਦਰਸ਼ਨਕਾਰੀਆਂ ਵਿਰੁੱਧ ਹਿੰਸਾ ਕਰਵਾਉਣ ਲਈ ਜ਼ਿਮੇਵਾਰ ਹੋਵੇ, ਅਜਿਹਾ ਵਿਅਕਤੀ ਮੁਆਫੀ ਜਾਂ ਰਹਿਮ ਦਾ ਹੱਕਦਾਰ ਨਹੀਂ ਸਗੋਂ ਅਜਿਹੇ ਵਿਅਕਤੀ ਦੀ ਸਹੀ ਥਾਂ ਸਲਾਖਾਂ ਪਿਛੇ ਵਿੱਚ ਹੈ। ਉਹਨਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਸਰਕਾਰੀ ਤੰਤਰ ਦਾ ਪੁਰਜਾ ਹੈ ਅਤੇ ਅਫਸੋਸ ਕਿ ਸਾਡੀ ਆਪਣੀ ਕੌਮ ਦੇ ਹੀ ਕੁਝ ਲੋਕ ਉਸਨੂੰ ਬਚਾਉਣ ਲਈ ਤਰਲੋਮੱਛੀ ਹੋ ਰਹੇ ਹਨ।

ਦੋਨਾਂ ਜਥੇਬੰਦੀਆਂ ਵਲੋਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਹਰਚਰਨਜੀਤ ਸਿੰਘ ਅਤੇ ਕੁਲਬੀਰ ਸਿੰਘ ਬੜਾਪਿੰਡ ਨੇ ਕਿਹਾ ਕਿ ਪਿਛਲ਼ੇ ਕੁਝ ਸਮਿਆਂ ਤੋਂ ਬਹੁਤਾਤ ਮਸਲਿਆਂ ਉਤੇ ਜਥੇਦਾਰਾਂ ਵਲੋਂ ਜਾਰੀ ਸੰਦੇਸ਼, ਅਤੇ ਗੁਰਮਤੇ ਅਤੇ ਹੁਕਮਨਾਮਿਆਂ ਨੇ ਕੌਮ ਨੂੰ ਦੋ-ਫਾੜ ਕਰਕੇ ਰੱਖ ਦਿੱਤਾ ਹੈ। ਜਿਸ ਦਾ ਮੁੱਖ ਕਾਰਨ ਅਕਾਲੀ ਰਾਜਨੀਤੀ ਦੀ ਇਹਨਾਂ ਫੈਸਲਿਆਂ ਵਿੱਚ ਬੇਲੋੜੀ ਦਖਲਅੰਦਾਜੀ ਅਤੇ ਸੌੜੀ ਰਾਜਸੀ ਪੁਹੰਚ ਹੈ। ਉਹਨਾਂ ਦਸਿਆ ਕਿ ਜਥੇਦਾਰਾਂ ਵਲੋਂ ਕੀਤਾ ਫੈਸਲਾ ‘ਗੁਰਮਤਾ’ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਭਰੇ ਮਨ ਨਾਲ ਇੱਥੇ ਸੌਦਾ ਸਾਧ ਨੂੰ ਮੁਆਫ ਕਰਨ ਦੇ ਜਥੇਦਾਰਾਂ ਦੇ ‘ਮਨਮਤਿ’ ਵਾਲੇ ਫੈਸਲੇ ਦਾ ਪੰਥਕ ਜੁਆਬ ਦੇਣ ਲਈ ਇੱਕਤਰ ਹੋਏ ਹਾਂ। ਉਹਨਾਂ ਫੈਸਲੇ ਦੀ ਕਾਪੀ ਨੂੰ ਪਾੜਦਿਆਂ ਕਿਹਾ ਕਿ ਇਹ ਹੈ ਸਾਡਾ ਜੁਆਬ। ਉਹਨਾਂ ਫੈਸਲੇ ਦੀ ਕਾਪੀ ਪਾੜਨ ਤੋਂ ਪਹਿਲਾਂ ਅਕਾਲ ਤਖਤ ਸਹਿਬ ਦਾ ਲੈਟਰਹੈਡ ਵੱਖ ਕਰ ਲਿਆ।

ਰੋਸ ਧਰਨੇ ਦਾ ਦ੍ਰਿਸ਼

ਰੋਸ ਧਰਨੇ ਦਾ ਦ੍ਰਿਸ਼

ਜਥੇਦਾਰਾਂ ਨੂੰ ਫੌਰੀ ਹਟਾਉਣ ਦੀ ਮੰਗ ਨੂੰ ਤਿੱਖਾ ਕਰਦਿਆਂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦ ਤੱਕ ਮੌਜੂਦਾ ਜਥੇਦਾਰ ਆਪਣੇ ਸਿਧਾਂਤ-ਵਿਰੋਧੀ ਅਤੇ ਕੌਮ ਦੀਆਂ ਸਮੂਹਿਕ ਭਾਵਨਾਵਾਂ ਵਿਰੋਧੀ ਲਏ ਫੈਸਲੇ ਵਾਪਿਸ ਨਹੀਂ ਲੈਂਦੇ ਤੱਦ ਤੱਕ ਉਹ ਇਹਨਾਂ ਦਾ ਬਾਈਕਾਟ ਕਰਨਗੇ। ਉਹਨਾਂ ਕਿਹਾ ਕਿ ਅਕਾਲੀ ਰਾਜਨੀਤੀ ਸਾਡੇ ਧਰਮ ਉਤੇ ਭਾਰੂ ਹੋ ਚੁੱਕੀ ਹੈ ਜੋ ਬੇਹੱਦ ਖਤਰਨਾਕ ਹੈ । ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ “ਗਲਤ ਹੱਥਾਂ“ ਤੋਂ ਬਚਾਉਣਾ ਅਤੇ ਇੱਥੇ ਚੱਲ ਰਹੇ ਭ੍ਰਿਸ਼ਟ ਨਿਜ਼ਾਮ ਨੂੰ ਬਦਲਣਾ ਉਹਨਾਂ ਦਾ ਮਕਸਦ ਹੈ ਅਤੇ ਇਸ ਲਈ ਉਹਨਾਂ ਨੇ ਅੱਜ ਇਥੇ ਅਰਦਾਸ ਕਰਕੇ ਗੁਰੂ ਪਾਤਿਸ਼ਾਹ ਤੋਂ ਸੋਝੀ ਅਤੇ ਬੱਲ ਮੰਗਿਆ ਹੈ । ਉਹਨਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਸਿੱਖ ਦੇ ਘਰ ਜੰਮਿਆ ਹੈ, ਇਸ ਲਈ ਉਹ ਅਕਾਲ ਤਖਤ ਸਾਹਿਬ ਉਤੇ ਸੱਦਿਆ ਜਾ ਸਕਦਾ ਹੈ।

ਡੇਰਾ ਮੁੱਖੀ ਨੂੰ ਭਾਰਤੀ ਨਿਜ਼ਾਮ ਦਾ ਟਾਊਟ ਦਸਦਿਆਂ ਸ਼ੋਮਣੀ ਕਮੇਟੀ ਮੈਂਬਰ ਜਥੇ. ਕੁਲਬੀਰ ਸਿੰਘ ਬੜਾਪਿੰਡ ਨੇ ਕਿਹਾ ਕਿ ਜਦ ਤੱਕ ਜਥੇਦਾਰਾਂ ਦੀ ਨਿਯੁਕਤੀ, ਅਧਿਕਾਰ ਖੇਤਰ ਦੇ ਨਿਯਮ ਅਤੇ ਹੁਕਮਨਾਮਾ ਜਾਰੀ ਕਰਨ ਦਾ ਵਿਧੀ ਵਿਧਾਨ ਨਹੀਂ ਬਣਦਾ ਤੱਦ ਤੱਕ ਕੌਮ ਨੂੰ ਇਹ ਨਾਮੋਸ਼ੀ ਸਹਿਣੀ ਪੈਣੀ ਹੈ। ਉਹਨਾਂ ਕਿਹਾ ਕਿ ਕਿਉਂ ਜੋ ਅਕਾਲ ਤਖਤ ਸਾਹਿਬ ਦਾ ਫੈਸਲਾ ਦੁਨੀਆਂ ਭਰ ਵਿੱਚ ਫੈਲੇ ਸਿੱਖ ਭਾਈਚਾਰੇ ਉਤੇ ਲਾਗੂ ਹੁੰਦਾ ਹੈ ਇਸ ਲਈ ਅੰਤਰਰਾਸ਼ਟਰੀ ਪੱਧਰ ਉਤੇ ਸਰਗਰਮ ਸਮੂਹ ਕੌਮੀ ਸੰਸਥਾਵਾਂ ਨੂੰ ਭਰੋਸੇ ਵਿੱਚ ਲੈਕੇ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਵੇ ਕਿਉਕਿ ਇੱਕ ਪਾਰਟੀ ਦਾ ਥਾਪਿਆ ਜਥੇਦਾਰ ਨਾ ਤਾਂ ਕੌਮ ਦੀ ਨੁਮਾਇੰਦਗੀ ਕਰ ਸਕਦਾ ਹੈ ਅਤੇ ਨਾ ਹੀ ਕੌਮ ਨੂੰ ਪ੍ਰਵਾਨ ਹੈ।

ਉਹਨਾਂ ਸਰਬੱਤ ਖਾਲਸਾ ਦੀ ਰਵਾਇਤ ਨੂੰ ਮੁੜ ਸਰਜੀਤ ਕਰਨ ਉਤੇ ਵੀ ਜੋਰ ਦਿੱਤਾ। ਉਹਨਾਂ ਇੱਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਪਹਿਲਾਂ ਇਹ ਤੈਅ ਕਰਨਾ ਹੋਵੇਗਾ ਕਿ ਅੱਜ ਦੇ ਸਮਿਆਂ ਵਿੱਚ ਸਰਬੱਤ ਖਾਲਸਾ ਕਿਵੇਂ ਸੱਦਿਆ ਜਾ ਸਕਦਾ ਹੈ, ਕੌਣ ਤੇ ਕਿੱਥੇ ਸੱਦ ਸਕਦਾ ਹੈ ਅਤੇ ਉਸ ਨੂੰ ਬੁਲਾਉਣ ਦਾ ਕੀ ਵਿਧੀ-ਵਿਧਾਨ ਹੈ।

ਕੰਵਰਪਾਲ ਸਿੰਘ ਨੇ ਸਪਸ਼ਟ ਕੀਤਾ ਕਿ ਅਕਾਲ ਤਖਤ ਸਾਹਿਬ ਕਿਸੇ ਈਮਾਰਤ ਦਾ ਨਾਂ ਨਹੀਂ, ਸਗੋਂ ਇਹ ਸਿਧਾਂਤ, ਫਲਸਫੇ ਅਤੇ ਪ੍ਰਭੂਸੱਤਾ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਜਥੇਦਾਰਾਂ ਨੇ ਇਸ ਸੰਸਥਾ ਦੀ ਮਾਣ-ਮਰਯਾਦਾ ਅਤੇ ਸ਼ਾਨ ਨੂੰ ਢਾਹ ਲਾਈ ਹੈ ਅਤੇ “ਗੁਰੂ ਪੰਥ ਦੇ ਸੇਵਾਦਾਰ, ਗੁਰੂ ਪੰਥ ਦੇ ਮਾਲਕ ਬਣਨ ਦੀ ਕੋਸ਼ਿਸ਼ ਕਰ ਰਹੇ ਹਨ“। ਭਾਈ ਦਲਜੀਤ ਸਿੰਘ ਵੀ ਮੌਕੇ ਉਤੇ ਮੌਜੂਦ ਸਨ।

ਇਸ ਮੌਕੇ ਗੁਰਚਰਨ ਸਿੰਘ ਬਹਾਦਰਗੜ,, ਮੋਹਨ ਸਿੰਘ ਪਟਿਆਲਾ (ਪੰਜਾਬ ਸਿੱਖ ਕੌਂਸਲ), ਏਕਸ ਕੇ ਬਾਰਕ ਤੋਂ ਗੁਰਮੇਜ ਸਿੰਘ ਲੋਪੋਕੇ , ਦਮਦਮੀ ਟਕਸਾਲ ਤੋਂ ਅਜੈਬ ਸਿੰਘ ਅਭਿਆਸੀ, ਬਾਬਾ ਅਵਤਾਰ ਸਿੰਘ, ਸੁਰਜੀਤ ਸਿੰਘ ਖਾਲਿਸਤਾਨੀ, ਬਲਵੰਤ ਸਿੰਘ ਗੋਪਾਲਾ, ਹਰਜਿੰਦਰ ਸਿੰਘ, ਸਰਵਕਾਰ ਸਿੰਘ ਆਦਿ ਹਾਜ਼ਿਰ ਸਨ। ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਅਮਰੀਕ ਸਿੰਘ ਈਸੜੂ, ਬਲਦੇਵ ਸਿੰਘ ਸਿਰਸਾ, ਜਸਵੀਰ ਸਿੰਘ ਖਡੂਰ, ਮਨਧੀਰ ਸਿੰਘ, ਪਰਮਜੀਤ ਸਿੰਘ ਗਾਜੀ ਅਤੇ ਦਲ ਖਾਲਸਾ ਵਲੋਂ ਸਰਬਜੀਤ ਸਿੰਘ ਘੁਮਾਣ, ਡਾ ਮਨਜਿੰਦਰ ਸਿੰਘ ਜੰਡੀ, ਰਣਬੀਰ ਸਿੰਘ, ਬਲਜੀਤ ਸਿੰਘ, ਹਰਨੇਕ ਸਿੰਘ, ਅਵਤਾਰ ਸਿੰਘ ਨਰੋਤਮਪੁਰ, ਨੋਬਲਜੀਤ ਸਿੰਘ, ਜਗਜੀਤ ਸਿੰਘ ਖੋਸਾ, ਕੁਲਵੰਤ ਸਿੰਘ ਫੇਰੂਮਾਨ, ਕੁਲਦੀਪ ਸਿੰਘ, ਸੁਖਦੇਵ ਸਿੰਘ ਹਸਨਪੁਰ, ਰਾਜਿੰਦਰ ਸਿੰਘ ਟਾਂਡਾ, ਸਿੱਖ ਯੂਥ ਆਫ ਪੰਜਾਬ ਵਲੋਂ ਪਰਮਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਗ ਮੰਡ, ਸੁਖਵਿੰਦਰ ਸਿੰਘ, ਪ੍ਰਭਜੀਤ ਸਿੰਘ, ਗਗਨਦੀਪ ਸਿੰਘ, ਆਦਿ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , ,