ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਤੇ ਅਸ਼ੀਸ਼ ਖੇਤਾਨ ਨੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵੱਲੋਂ ਦਾਇਰ ਕੀਤੇ ਮਾਣਹਾਨੀ ਕੇਸ ਵਿੱਚ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ੀ ਭੁਗਤੀ। ਅਦਾਲਤ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਾਲੇ ਬਹਿਸ ਹੋਈ। ਬਹਿਸ ਦੌਰਾਨ ਮੀਡੀਆ ਨੂੰ ਅਦਾਲਤ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਵਧੀਕ ਚੀਫ ਜੁਡੀਸ਼ਲ ਮੈਜਿਸਟਰੇਟ ਰਵੀਇੰਦਰ ਕੌਰ ਦੀ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 18 ਨਵੰਬਰ ਤੈਅ ਕੀਤੀ ਹੈ। ਅਦਾਲਤੀ ਕਾਰਵਾਈ ਬਾਅਦ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੂਬੇ ਦੇ ਹਰੇਕ ਵਿਅਕਤੀ ਇਥੋਂ ਤਕ ਕਿ ਜੁਆਕ ਵੀ ਜਾਣਦੇ ਹਨ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਕੌਣ ਕਰ ਰਿਹਾ ਹੈ। ਜੋ ਹਰੇਕ ਵਿਅਕਤੀ ਕਹਿ ਰਿਹਾ ਹੈ, ਉਹੀ ਗੱਲ ਉਹ ਵੀ ਕਹਿ ਰਹੇ ਹਨ ਅਤੇ ਹਾਕਮ ਧਿਰ ਅਦਾਲਤ ਦਾ ਡਰਾਵਾ ਦੇ ਕੇ ਉਨ੍ਹਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ।