ਚੰਡੀਗੜ੍ਹ: ਪੰਜਾਬ ਸਰਕਾਰ ਦੇ ਖੇਡ ਵਿਭਾਗ ਨੇ ਸੂਬੇ ਦੇ ਬੇਹਤਰੀਨ ਖਿਡਾਰੀਆਂ ਦੀ ਪੰਜਾਬ ਪੁਲਿਸ ਵਿਚ ਭਰਤੀ ਲਈ ਦਰਖਾਸਤਾਂ ਦੀ ਮੰਗ ਕੀਤੀ ਹੈ। ਕੁੱਲ 125 ਖਿਡਾਰੀਆਂ ਨੂੰ ਡੀਐਸਪੀ, ਸਬ ਇੰਸਪੈਕਟਰ ਅਤੇ ਕਾਂਸਟੇਬਲ ਦੇ ਅਹੁਦਿਆਂ ਲਈ ਭਰਤੀ ਕੀਤਾ ਜਾਣਾ ਹੈ।

ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 10 ਖਿਡਾਰੀਆਂ ਨੂੰ ਡੀਐਸਪੀ ਦੀ ਅਸਾਮੀ, 50 ਖਿਡਾਰੀਆਂ ਨੂੰ ਸਬ ਇੰਸਪੈਕਟਰ ਅਤੇ 65 ਖਿਡਾਰੀਆਂ ਨੂੰ ਕਾਂਸਟੇਬਲ ਦੀ ਅਸਾਮੀ ਲਈ ਭਰਤੀ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆਂ ਕਿ ਇਨ੍ਹਾਂ ਅਸਾਮੀਆਂ ਲਈ ਸਿਰਫ ਉਹ ਹੀ ਖਿਡਾਰੀ ਯੋਗ ਹੋਣਗੇ ਜਿਨ੍ਹਾਂ ਨੇ 2012 ਦੀਆਂ ਉਲੰਪਿਕ ਖੇਡਾਂ ਅਤੇ ਉਸ ਤੋਂ ਬਾਅਦ ਦੀਆਂ ਖੇਡਾਂ ਜਾਂ ਚੈਂਪੀਅਨਸ਼ਿਪਾਂ ਵਿਚ ਤਮਗੇ ਜਿੱਤੇ ਹੋਣ ਜਾਂ ਭਾਗ ਲਿਆ ਹੋਵੇ।
ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਸੂਬੇ ਦਾ ਨਾਂ ਚਮਕਾਇਆ ਹੈ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਖੇਡ ਨੀਤੀ ਅਨੁਸਾਰ ਨੌਕਰੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 2012-2015 ਦੌਰਾਨ ਵੱਖ-ਵੱਖ ਵਿਭਾਗਾਂ ਵਿਚ 31 ਬੇਹਤਰੀਨ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਸੂਬਾ/ਕੌਮੀ/ਕੌਮਾਂਤਰੀ ਪੱਧਰ ਦੇ ਮੈਡਲ ਜੇਤੂਆਂ ਨੂੰ 33 ਕਰੋੜ ਰੁਪਏ ਦੀ ਰਾਸ਼ੀ ਇਨਾਮ ਵੱਜੋਂ ਵੰਡੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਵਿਚ ਖੇਡਾਂ ਦੇ ਪੱਧਰ ਨੂੰ ਹੋਰ ਬੁਲੰਦੀਆਂ ’ਤੇ ਲੈ ਜਾਣ ਲਈ ਅਕਾਲੀ-ਭਾਜਪਾ ਸਰਕਾਰ ਵੱਲੋਂ ਐਸਏਐਸ ਨਗਰ ਵਿਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ ਸੂਬੇ ਭਰ ਵਿਚ ਵੱਖ-ਵੱਖ ਰਿਹਾਇਸ਼ੀ ਖੇਡ ਅਕੈਡਮੀਆਂ ਵਿਚ 2000 ਖਿਡਾਰੀਆਂ ਨੂੰ ਉ¤ਚ-ਪੱਧਰੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ 4500 ਹੋਰ ਖਿਡਾਰੀ ਵੀ ਸਿਖਲਾਈ ਪ੍ਰਾਪਤ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ 2016 ਦੀ ਰੀਓ ਓਲੰਪਿਕ ਵਿਚ ਜਾਣ ਲਈ ਹੁਣ ਤੱਕ ਚੁਣੇ ਗਏ 100 ਖਿਡਾਰੀਆਂ ਵਿਚੋਂ 19 ਖਿਡਾਰੀ ਪੰਜਾਬ ਨਾਲ ਸਬੰਧਤ ਹਨ। ਬੁਲਾਰੇ ਨੇ ਦੱਸਿਆ ਕਿ ਜਿਹੜੇ ਖਿਡਾਰੀ 125 ਅਸਾਮੀਆਂ ਲਈ ਹੋਰ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ www.pbsports.gov.in ’ਤੇ ਲਾਗਇਨ ਕਰਕੇ ਭਰਤੀ ਪ੍ਰਕਿਰਿਆ ਬਾਰੇ ਜਾਣਕਾਰੀ ਲੈ ਸਕਦੇ ਹਨ। ਦਰਖਾਸਤਾਂ ਭੇਜਣ ਦੀ ਆਖਰੀ ਮਿਤੀ 5 ਅਗਸਤ 2016 ਹੈ।