ਲਾਹੌਰ (10 ਅਪ੍ਰੈਲ, 2015): ਭਾਰਤ ਵੱਲੋਂ ਦੱਸਿਆ ਜਾਂਦਾ ਮੁੰਬਈ ਹਮਲਿਆਂ ਦਾ ਮੁੱਖ ਸਾਜ਼ਿਸ਼ਕਰਤਾ ਜ਼ਕੀਉਰ ਰਹਿਮਾਨ ਲਖਵੀ ਅੱਜ 6 ਸਾਲਾਂ ਬਾਅਦ ਪਾਕਿਸਤਾਨੀ ਜੇਲ੍ਹ ‘ਚੋਂ ਰਿਹਾਅ ਹੋ ਗਿਆ । ਜਾਣਕਾਰੀ ਅਨੁਸਾਰ ਲਖਵੀ ਨੂੰ ਅੱਜ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ‘ਚੋਂ ਰਿਹਾਅ ਕੀਤਾ ਗਿਆ ।

ਲਾਹੌਰ ਹਾਈਕੋਰਟ ਨੇ ਕੱਲ੍ਹ ਲਖਵੀ ਦੀ ਰਿਹਾਈ ਦਾ ਆਦੇਸ਼ ਦਿੱਤਾ ਸੀ । ਜਮਾਤ ਉਦ ਦਾਅਵਾ ਦੇ ਸਮਰਥਕ 55 ਸਾਲਾ ਲਖਵੀ ਨੂੰ ਲੈਣ ਲਈ ਜੇਲ੍ਹ ਦੇ ਬਾਹਰ ਮੌਜੂਦ ਸਨ । ਲਾਹੌਰ ਹਾਈਕੋਰਟ ਨੇ ਕੱਲ੍ਹ ਪੰਜਾਬ ਸਰਕਾਰ ਦੇ ਲਖਵੀ ਨੂੰ ਹਿਰਾਸਤ ‘ਚ ਰੱਖਣ ਦੇ ਹੁਕਮ ਰੱਦ ਕਰ ਦਿੱਤੇ ਸਨ ਅਤੇ ਉਸ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ ।
ਭਾਰਤ ਨੇ ਲਖਵੀ ਦੀ ਰਿਹਾਈ ‘ਤੇ ਸਖਤ ਵਿਰੋਧ ਪ੍ਰਗਟ ਕੀਤਾ ਸੀ ਇਸ ਦੇ ਬਾਵਜੂਦ ਅੱਜ ਉਸ ਨੂੰ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਗਿਆ । ਇਸ ਤੋਂ ਪਹਿਲਾਂ ਲਖਵੀ ਦੇ ਵਕੀਲ ਰਾਜਾ ਰਿਜ਼ਵਾਨ ਅੱਬਾਸੀ ਨੇ ਕਿਹਾ ਸੀ ਕਿ ਸਰਕਾਰ ਕੋਲ ਲਖਵੀ ਨੂੰ ਛੱਡਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ ।
ਉਸ ਨੇ ਕਿਹਾ ਕਿ ਇਸ ਸਮੇਂ ਸਰਕਾਰ ਅਤੇ ਅਡਿਆਲਾ ਜੇਲ੍ਹ ਦੇ ਅਧਿਕਾਰੀ ਲਾਹੌਰ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰ ਸਕਦੇ ।