ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੇ ਪੇਂਡੂ ਖਪਤਕਾਰਾਂ ਲਈ ਬਿਜਲੀ ਦੋ ਫੀਸਦੀ ਮਹਿੰਗੀ ਕਰ ਦਿੱਤੀ ਹੈ। ਪੰਜਾਬ ਦੇ ਪ੍ਰਮੱਖ ਸਕੱਤਰ ‘ਪਾਵਰ’ ਏ.ਵੇਣੂ ਪ੍ਰਸਾਦ ਨੇ ਅੱਜ ਪੇਂਡੂ ਖੇਤਰਾਂ ਵਿੱਚ ਬਿਜਲੀ ਉੱਤੇ ਟੈਕਸ 13 ਤੋਂ ਵਧਾ ਕੇ 15 ਫੀਸਦੀ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਤਰ੍ਹਾਂ ਸਰਕਾਰ ਨੇ ਹੌਲੇ ਜਿਹੇ ਕਰੰਟ ਦਾ ਝਟਕਾ ਦਿੱਤਾ ਹੈ।

ਦੱਸਣਯੋਗ ਹੈ ਕਿ ਸੂਬੇ ਦੇ ਬਿਜਲੀ ਖਪਤਕਾਰਾਂ ਵਿੱਚ ਬਿਜਲੀ ਮਹਿੰਗੀ ਹੋਣ ਪ੍ਰਤੀ ਪਹਿਲਾਂ ਹੀ ਸਖਤ ਰੋਸ ਸੀ। ਲੋਕਾਂ ਦੇ ਅਜਿਹੇ ਸ਼ਿਕਵੇ ਨੂੰ ਇੱਕ ਵਾਰ ਫਿਰ ਦਰਕਿਨਾਰ ਕਰਦਿਆਂ ਸੂਬਾ ਸਰਕਾਰ ਨੇ ਦਿਹਾਤੀ ਖਪਤਕਾਰਾਂ ਉੱਤੇ ਹੋਰ ਵਿੱਤੀ ਬੋਝ ਪਾ ਦਿੱਤਾ ਹੈ। ਭਾਵੇਂ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਮਹਿੰਗੀ ਬਿਜਲੀ ਦਾ ਮੁੱਦਾ ਲੋਕਾਂ ‘ਚ ਕਾਫ਼ੀ ਪ੍ਰਚਾਰਿਆ ਸੀ, ਪਰ ਸਰਕਾਰ ਦੀ ਸਥਾਪਤੀ ਮਗਰੋਂ ਅਜਿਹੇ ਮੁੱਦਿਆਂ ਨੂੰ ਵਿਸਾਰਨਾ ਆਰੰਭ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੌਰਾਨ ਬਿਜਲੀ ਮਹਿੰਗੀ ਹੋਣ ਸਬੰਧੀ ਇਹ ਚੌਥਾ ਫੈਸਲਾ ਹੈ। ਪੰਜਾਬ ਮੰਤਰੀ ਮੰਡਲ ਵੱਲੋਂ 13 ਮਾਰਚ 2018 ਨੂੰ ਹੋਈ ਮੀਟਿੰਗ ਵਿੱਚ ਬਿਜਲੀ ਟੈਕਸ ਵਿੱਚ ਇਹ ਵਾਧਾ ਕਰਨ ਦਾ ਫੈਸਲਾ ਲਿਆ ਸੀ। ਸਰਕਾਰ ਵੱਲੋ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਿਕ ਇਹ ਵਾਧਾ 1 ਅਪਰੈਲ 2018 ਤੋਂ ਲਾਗੂ ਹੋਵੇਗਾ, ਮਤਲਬ ਕਿ ਅਪਰੈਲ, ਮਈ ਤੇ ਜੂਨ ਮਹੀਨੇ ਦੇ ਬਿੱਲਾਂ ਦੀ ਬਣਦੀ ਵਾਧੇ ਦੀ ਰਕਮ ਵੀ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕੌਮ) ਵੱਲੋਂ ਵਸੂਲੀ ਜਾਵੇਗੀ।
ਦੱਸਣਯੋਗ ਹੈ ਕਿ ਅਮਰਿੰਦਰ ਸਿੰਘ ਸਰਕਾਰ ਵੱਲੋਂ ਸੱਤਾ ਸੰਭਾਲਣ ਮਗਰੋਂ ਰਾਜ ਦੇ ਸ਼ਹਿਰੀ ਖੇਤਰਾਂ ਵਿੱਚ 2 ਫੀਸਦੀ ਸੈੱਸ ਲਗਾਇਆ ਗਿਆ ਸੀ। ਇਸ ਉਪਰੰਤ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਖਪਤਕਾਰਾਂ ਲਈ 9.3 ਫੀਸਦੀ ਦੇ ਵਾਧੇ ਦਾ ਫੈਸਲਾ ਲਿਆ ਗਿਆ ਸੀ। ਇਸ ਉਪਰੰਤ ਰਾਜ ਸਰਕਾਰ ਵੱਲੋਂ 5 ਫੀਸਦੀ ਸਰਚਾਰਜ ਵੀ ਥੋਪ ਦਿੱਤਾ ਗਿਆ ਸੀਙ ਪਾਵਰਕੌਮ ਵੱਲੋਂ ਪਹਿਲੀ ਅਪਰੈਲ 2017 ਦੇ ਬਿੱਲਾਂ ਦਾ ਬਕਾਇਆ ਘਰੇਲੂ ਬਿਜਲੀ ਦੇ ਬਿੱਲਾਂ ਵਿੱਚ ਕਿਸ਼ਤਾਂ ਬਣਾਕੇ ਪਹਿਲਾਂ ਹੀ ਜੋੜਿਆ ਜਾ ਰਿਹਾ ਹੈ ਤੇ ਹੁਣ ਫਿਰ ਮਹਿੰਗੀ ਹੋਈ ਬਿਜਲੀ ਨੂੰ ਪਹਿਲੀ ਅਪਰੈਲ 2018 ਤੋਂ ਇੱਕ ਵਾਰ ਜੋੜਨ ਨਾਲ ਬਿਜਲੀ ਖਪਤਕਾਰ ਦੋਹਰੀ ਮਾਰ ਦਾ ਵੀ ਸ਼ਿਕਾਰ ਹੋਣਗੇ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਸਮੇਤ ਵੱਖ ਵੱਖ ਧਿਰਾਂ ਨੇ ਬਿਜਲੀ ਖਪਤਕਾਰਾਂ ਉੱਤੇ ਪਾਏ ਜਾ ਰਹੇ ਬੇਤਹਾਸ਼ੇ ਵਿੱਤੀ ਬੋਝ ਨੂੰ ਲੋਕਾਂ ਨਾਲ ਅਨਿਆ ਕਰਾਰ ਦਿੱਤਾ ਹੈ।