ਪਿਸ਼ਾਵਰ, ਪਾਕਿਸਤਾਨ: ਪਾਕਿਸਤਾਨ ਵਿੱਚ ਅੱਜ ਸਿੱਖ ਡਾਕਟਰ ਅਤੇ ਸਿਆਸਤਦਾਨ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਵਾ ਦੇ ਮੁੱਖ ਮੰਤਰੀ ਪ੍ਰਵੇਜ਼ ਖਟਕ ਦੇ ਸਲਾਹਕਾਰ ਅਤੇ ਕੈਬਨਿਟ ਮੰਤਰੀ ਡਾ: ਸੂਰਨ ਸਿੰਘ (52) ਦੀ ਅੱਜ ਸ਼ਾਮ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ।

ਇਸ ਸਬੰਧੀ ਜਾਣਕਾਰੀ ਦਿੰਦਿਆ ਪਾਕਿਸਤਾਨੀ ਪੰਜਾਬ ਅਸੈਂਬਲੀ ਤੋਂ ਐਮ. ਪੀ. ਏ. ਸ: ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਡਾ: ਸੂਰਨ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਦੋ ਵਾਰ ਪ੍ਰਧਾਨ ਬਣਨ ਤੋਂ ਬਾਅਦ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੀ ਸੂਬਾ ਖੈਬਰ ਪਖਤੂਨਵਾ ਵਿਚਲੀ ਸਰਕਾਰ ‘ਚ ਐਮ. ਪੀ. ਏ. ਬਣਨ ਤੋਂ ਬਾਅਦ ਮੁੱਖ ਮੰਤਰੀ ਜ਼ਨਾਬ ਪ੍ਰਵੇਜ਼ ਖਟਕ ਦੇ ਸਲਾਹਕਾਰ ਅਤੇ ਕੈਬਨਿਟ ਮੰਤਰੀ ਬਣੇ ਸਨ ।
ਪੁਲੀਸ ਮੁਤਾਬਕ ਮੁੱਖ ਸੜਕ ’ਤੇ ਇੱਕ ਧਾਰਮਿਕ ਥਾਂ ਨੇੜੇ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਸਵਰਨ ਸਿੰਘ ਦੀ ਕਾਰ ’ਤੇ ਹਮਲਾ ਕੀਤਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਸਵਰਨ ਸਿੰਘ ਟੀਵੀ ਐਂਕਰ ਵੀ ਸਨ। ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਵਿੱਚ 2011 ’ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਨੌਂ ਸਾਲ ਤਕ ਜਮਾਤ-ਏ-ਇਸਲਾਮੀ ਦੇ ਮੈਂਬਰ ਵੀ ਰਹੇ।
ਸਵਰਨ ਸਿੰਘ ’ਤੇ ਹੋਏ ਹਮਲੇ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋ ਕਨਵੀਨਰ ਡਾ. ਪ੍ਰਿਤਪਾਲ ਸਿੰਘ ਨੇ ਕਰੜੀ ਨਿਖੇਧੀ ਕੀਤੀ ਹੈ।